ਐਲ.ਸੀ.ਬੀ.ਓ. ਕਾਮਿਆਂ ਦੀ ਹੜਤਾਲ ਦੂਜੇ ਹਫਤੇ ਵਿਚ ਦਾਖਲ

ਐਲ.ਸੀ.ਬੀ.ਓ. ਮੁਲਾਜ਼ਮਾਂ ਦੀ ਹੜਤਾਲ ਦੂਜੇ ਹਫਤੇ ਵਿਚ ਦਾਖਲ ਹੋ ਚੁੱਕੀ ਹੈ ਅਤੇ ਪ੍ਰੀਮੀਅਰ ਡਗ ਫੋਰਡ ’ਤੇ ਮਸਲਾ ਸੁਲਝਾਉਣ ਲਈ ਦਬਾਅ ਵਧਦਾ ਜਾ ਰਿਹਾ ਹੈ।;

Update: 2024-07-13 11:30 GMT

ਟੋਰਾਂਟੋ : ਐਲ.ਸੀ.ਬੀ.ਓ. ਮੁਲਾਜ਼ਮਾਂ ਦੀ ਹੜਤਾਲ ਦੂਜੇ ਹਫਤੇ ਵਿਚ ਦਾਖਲ ਹੋ ਚੁੱਕੀ ਹੈ ਅਤੇ ਪ੍ਰੀਮੀਅਰ ਡਗ ਫੋਰਡ ’ਤੇ ਮਸਲਾ ਸੁਲਝਾਉਣ ਲਈ ਦਬਾਅ ਵਧਦਾ ਜਾ ਰਿਹਾ ਹੈ। ਲਿਬਰਲ ਆਗੂ ਬੌਨੀ ਕਰੌਂਬੀ ਨੇ ਸ਼ੁੱਕਰਵਾਰ ਨੂੰ ਮਿਹਣਾ ਮਾਰਦਿਆਂ ਕਿਹਾ ਕਿ ਡਗ ਫੋਰਡ ਨੂੰ ਆਪਣੇ ਨਜ਼ਦੀਕੀ ਦੋਸਤ ਅਤੇ ਲਿਕਰ ਕੰਟਰੋਲ ਬੋਰਡ ਆਫ ਉਨਟਾਰੀਓ ਦੇ ਮੁਖੀ ਕਾਰਮਾਈਨ ਨੀਗਰੋ ਨਾਲੋਂ ਤੋੜ ਵਿਛੋੜਾ ਕਰ ਲੈਣਾ ਚਾਹੀਦਾ ਹੈ। ਦੂਜੇ ਪਾਸੇ ਮੁਲਾਜ਼ਮ ਯੂਨੀਅਨ ਨੇ ਦੋਸ਼ ਲਾਇਆ ਕਿ ਪ੍ਰੀਮੀਅਰ ਡਗ ਫੋਰਡ ਨੇ ਆਪਣਾ ਏਜੰਡਾ ਲਾਗੂ ਕਰਨ ਲਈ ਮੁਲਾਜ਼ਮਾਂ ਉਤੇ ਹੜਤਾਲ ਥੋਪ ਦਿਤੀ। ਯੂਨੀਅਨ ਆਗੂ ਕੌਲੀਨ ਮੈਕਲਾਓਡ ਨੇ ਕਿਹਾ ਕਿ ਐਲ.ਸੀ.ਬੀ.ਓ. ਮੁਲਾਜ਼ਮ ਆਪਣੇ ਅਦਾਰੇ ਦੇ ਭਵਿੱਖ ਵਾਸਤੇ ਹੜਤਾਲ ਕਰ ਰਹੇ ਹਨ ਜੋ ਸੂਬਾ ਸਰਕਾਰ ਨੂੰ ਹਰ ਸਾਲ ਢਾਈ ਅਰਬ ਡਾਲਰ ਦਾ ਮੁਨਾਫਾ ਮੁਹੱਈਆ ਕਰਵਾਉਂਦਾ ਹੈ ਅਤੇ ਰੁਜ਼ਗਾਰ ਦੇ ਹਜ਼ਾਰਾਂ ਮੌਕੇ ਪੈਦਾ ਹੁੰਦੇ ਹਨ।

ਡਗ ਫੋਰਡ ’ਤੇ ਮਸਲਾ ਸੁਲਝਾਉਣ ਲਈ ਵਧਿਆ ਦਬਾਅ

ਸੂਬਾ ਸਰਕਾਰ ਦੀਆਂ ਹਦਾਇਤਾਂ ’ਤੇ ਐਲ.ਸੀ.ਬੀ.ਓ. ਦੇ ਪ੍ਰਬੰਧਕ ਆਪਣੇ ਮੁਲਾਜ਼ਮਾਂ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਕਿਉਂਕਿ ਸਰਕਾਰੀ ਅਦਾਰੇ ਨੂੰ ਤੋੜ ਕੇ ਨਿਜੀ ਕੰਪਨੀਆਂ ਨੂੰ ਅਰਬਾਂ ਡਾਲਰ ਦਾ ਕਾਰੋਬਾਰ ਵੰਡਣ ਦੇ ਯਤਨ ਕੀਤੇ ਜਾ ਰਹੇ ਹਨ। ਦੂਜੇ ਪਾਸੇ ਕੈਨੇਡੀਅਨ ਟੈਕਸਪੇਅਰਜ਼ ਫੈਡਰੇਸ਼ਨ ਵੱਲੋਂ ਪ੍ਰੀਮੀਅਰ ਡਗ ਫੋਰਡ ਨੂੰ ਅਪੀਲ ਕੀਤੀ ਗਈ ਹੈ ਕਿ ਐਲ.ਸੀ.ਬੀ.ਓ. ਮੁਲਾਜ਼ਮਾਂ ਦੀ ਹੜਤਾਲ ਦੌਰਾਨ ਸੁਪਰਮਾਰਕਿਟਸ ਨੂੰ ਹਰ ਕਿਸਮ ਦੀ ਸ਼ਰਾਬ ਵੇਚਣ ਦੀ ਇਜਾਜ਼ਤ ਦਿਤੀ ਜਾਵੇ। ਫੈਡਰੇਸ਼ਨ ਦੀ ਮੰਗ ਸਾਹਮਣੇ ਆਉਂਦਿਆਂ ਹੀ ਉਨਟਾਰੀਓ ਪਬਲਿਕ ਸਰਵਿਸ ਇੰਪਲੌਈਜ਼ ਯੂਨੀਅਨ ਨੇ ਦੋਸ਼ ਲਾ ਦਿਤਾ ਕਿ ਡਗ ਫੋਰਡ ਦੇ ਅਸਲ ਏਜੰਡੇ ਨੂੰ ਅਮਲੀ ਜਾਮਾ ਪਹਿਨਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਥੇ ਦਸਣਾ ਬਣਦਾ ਹੈ ਕਿ ਪ੍ਰੀਮੀਅਰ ਡਗ ਫੋਰਡ ਵਾਅਦਾ ਕਰ ਚੁੱਕੇ ਹਨ ਕਿ ਐਲ.ਸੀ.ਬੀ.ਓ. ਨੂੰ ਨਿਜੀ ਹੱਥਾਂ ਵਿਚ ਨਹੀਂ ਸੌਂਪਿਆ ਜਾਵੇਗਾ।

ਬੌਨੀ ਕਰੌਂਬੀ ਨੇ ਉਨਟਾਰੀਓ ਦੇ ਪ੍ਰੀਮੀਅਰ ਨੂੰ ਦਿਤਾ ਮਿਹਣਾ

ਬੌਨੀ ਕਰੌਂਬੀ ਨੇ ਤਿੱਖੇ ਲਫ਼ਜ਼ਾਂ ਦੀ ਵਰਤੋਂ ਕਰਦਿਆਂ ਕਿਹਾ ਕਿ ਐਲ.ਸੀ.ਬੀ.ਓ. ਦੇ ਪ੍ਰਬੰਧਕ ਲੋਕ ਹਿਤਾਂ ਵਾਸਤੇ ਕੰਮ ਨਹੀਂ ਕਰ ਰਹੀ ਅਤੇ ਫਿਰ ਡਗ ਫੋਰਡ ਦੇ ਨਿਜੀ ਸਿਆਸੀ ਏਜੰਡੇ ਨੂੰ ਤਰਜੀਹ ਦਿਤੀ ਜਾ ਰਹੀ ਹੈ। ਦੱਸ ਦੇਈਏ ਕਿ ਪ੍ਰੀਮੀਅਰ ਡਗ ਫੋਰਡ ਵੱਲੋਂ ਕਨਵੀਨੀਐਂਸ ਸਟੋਰਾਂ ’ਤੇ ਬੀਅਰ ਵੇਚਣ ਦੀ ਯੋਜਨਾ ਵਿਚ ਗਰੌਸਰੀ ਸਟੋਰ ਜ਼ਿਆਦਾ ਦਿਲਚਸਪੀ ਨਹੀਂ ਲੈ ਰਹੇ। ਜਿਥੇ 3 ਹਜ਼ਾਰ ਤੋਂ ਵੱਧ ਕਨਵੀਨੀਐਂਸ ਸਟੋਰ ਲਾਇਸੰਸ ਲੈ ਚੁੱਕੇ ਹਨ ਉਥੇ ਹੀ ਸਿਰਫ 37 ਗਰੌਸਰੀ ਸਟੋਰਜ਼ ਵੱਲੋਂ ਬੀਅਰ ਵੇਚਣ ਦਾ ਲਾਇਸੰਸ ਹਾਸਲ ਕੀਤਾ ਗਿਆ ਹੈ। ਇਹ ਅੰਕੜਾ ਸੂਬੇ ਵਿਚ ਮੌਜੂਦ 2 ਹਜ਼ਾਰ ਗਰੌਸਰੀ ਸਟੋਰਜ਼ ਦਾ ਸਿਰਫ ਦੋ ਫੀ ਸਦੀ ਬਣਦਾ ਹੈ। ਦੂਜੇ ਪਾਸੇ ਅਰਜ਼ੀਆਂ ਲੈਣ ਦਾ ਸਿਲਸਿਲਾ ਸ਼ੁਰੂ ਹੋਣ ਤੋਂ ਤਿੰਨ ਹਫਤੇ ਦੇ ਅੰਦਰ 3,068 ਕਨਵੀਨੀਐਂਸ ਸਟੋਰ ਬੀਅਰ ਅਤੇ ਵਾਈਨ ਵੇਚਣ ਦਾ ਲਾਇਸੰਸ ਹਾਸਲ ਕਰ ਚੁੱਕੇ ਹਨ।

Tags:    

Similar News