ਜਸਟਿਨ ਟਰੂਡੋ ਦੀ ਕੁਰਸੀ ਖਤਰੇ ਵਿਚ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੁਰਸੀ ਵੱਡੇ ਖਤਰੇ ਵਿਚ ਦੱਸੀ ਜਾ ਰਹੀ ਹੈ। ਜੀ ਹਾਂ, ਕੁਝ ਲਿਬਰਲ ਐਮ.ਪੀਜ਼ ਨੇ ਟਰੂਡੋ ਨੂੰ ਹਟਾਉਣ ਅਤੇ ਆਮ ਚੋਣਾਂ ਨਵੇਂ ਆਗੂ ਦੀ ਅਗਵਾਈ ਹੇਠ ਲੜਨ ਦਾ ਪੱਕਾ ਮਨ ਬਣਾ ਲਿਆ ਹੈ ਜਿਸ ਦੇ ਮੱਦੇਨਜ਼ਰ ਦਸਤਖਤ ਮੁਹਿੰਮ ਸ਼ੁਰੂ ਕੀਤੀ ਗਈ ਹੈ।

Update: 2024-10-12 10:15 GMT

ਔਟਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੁਰਸੀ ਵੱਡੇ ਖਤਰੇ ਵਿਚ ਦੱਸੀ ਜਾ ਰਹੀ ਹੈ। ਜੀ ਹਾਂ, ਕੁਝ ਲਿਬਰਲ ਐਮ.ਪੀਜ਼ ਨੇ ਟਰੂਡੋ ਨੂੰ ਹਟਾਉਣ ਅਤੇ ਆਮ ਚੋਣਾਂ ਨਵੇਂ ਆਗੂ ਦੀ ਅਗਵਾਈ ਹੇਠ ਲੜਨ ਦਾ ਪੱਕਾ ਮਨ ਬਣਾ ਲਿਆ ਹੈ ਜਿਸ ਦੇ ਮੱਦੇਨਜ਼ਰ ਦਸਤਖਤ ਮੁਹਿੰਮ ਸ਼ੁਰੂ ਕੀਤੀ ਗਈ ਹੈ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਬਾਗੀ ਲਿਬਰਲ ਐਮ.ਪੀਜ਼ ਦੀਆਂ ਮੀਟਿੰਗ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਕੈਨੇਡੀਅਨ ਸਿਆਸਤ ਵਿਚ ਜਲਦ ਹੀ ਵੱਡੀ ਉਥਲ-ਪੁਥਲ ਹੋਣ ਦੇ ਆਸਾਰ ਨਜ਼ਰ ਆ ਰਹੇ ਹਨ। ਟੋਰਾਂਟੋ-ਸੇਂਟ ਪੌਲ ਦੀ ਜ਼ਿਮਨੀ ਚੋਣ ਮਗਰੋਂ ਮੌਂਟਰੀਅਲ ਸੀਟ ’ਤੇ ਲਿਬਰਲ ਪਾਰਟੀ ਦੀ ਸ਼ਰਮਨਾਕ ਹਾਰ ਤੋਂ ਟਕਸਾਲੀ ਆਗੂ ਬੇਹੱਦ ਗੁੱਸੇ ਵਿਚ ਹਨ। ਟਰੂਡੋ ਦੀ ਗੈਰਹਾਜ਼ਰੀ ਦਾ ਫਾਇਦਾ ਉਠਾਉਂਦਿਆਂ ਬਾਗੀਆਂ ਨੇ ਆਪਣੀਆਂ ਸਰਗਰਮੀਆਂ ਹੋਰ ਤੇਜ਼ ਕਰ ਦਿਤੀਆਂ ਅਤੇ ਪ੍ਰਧਾਨ ਮੰਤਰੀ ਦੇ ਅਸਤੀਫ਼ੇ ਤੋਂ ਘੱਟ ਉਨ੍ਹਾਂ ਨੂੰ ਕੁਝ ਵੀ ਮਨਜ਼ੂਰ ਨਹੀਂ। ਇਥੇ ਦਸਣਾ ਬਣਦਾ ਹੈ ਕਿ ਟਰੂਡੋ ਅਤੇ ਉਨ੍ਹਾਂ ਦੀ ਚੀਫ਼ ਆਫ਼ ਸਟਾਫ਼ ਕੈਟੀ ਟੈਲਫੋਰਡ ਆਸੀਅਨ ਸੰਮੇਲਨ ਵਿਚ ਸ਼ਾਮਲ ਹੋਣ ਲਾਓਸ ਗਏ ਹੋਏ ਹਨ।

ਲਿਬਰਲ ਐਮ.ਪੀਜ਼ ਨੇ ਕਰ ਲਿਆ ਏਕਾ

ਸੂਤਰਾਂ ਨੇ ਦੱਸਿਆ ਕਿ ਟਰੂਡੋ ਨੂੰ ਚਲਦਾ ਕਰਨ ਦੀ ਹਮਾਇਤ ਕਰਨ ਵਾਲਿਆਂ ਦੇ ਇਕ ਕਾਗਜ਼ ’ਤੇ ਦਸਤਖ਼ਤ ਕਰਵਾਏ ਜਾ ਰਹੇ ਹਨ ਅਤੇ ਇਸ ਕਾਗਜ਼ ਨੂੰ ਬੇਹੱਦ ਗੁਪਤ ਰੱਖਿਆ ਗਿਆ ਹੈ। ਮਾਮਲਾ ਬੇਹੱਦ ਸੰਜੀਦਾ ਹੋਣ ਕਾਰਨ ਕੋਈ ਐਮ.ਪੀ. ਜਾਂ ਲਿਬਰਲ ਕੌਕਸ ਦਾ ਮੈਂਬਰ ਆਪਣੀ ਪਛਾਣ ਜ਼ਾਹਰ ਨਹੀਂ ਕਰਨਾ ਚਾਹੁੰਦਾ। ਕਾਗਜ਼ ’ਤੇ ਦਸਤਖ਼ਤ ਕਰਨ ਵਾਲੇ ਇਕ ਐਮ.ਪੀ. ਨੇ ਦੱਸਿਆ ਕਿ ਗਿਣਤੀ ਵਧਦੀ ਜਾ ਰਹੀ ਹੈ ਅਤੇ ਟਰੂਡੋ ਵਿਰੋਧੀਆਂ ਦੇ ਦਸਤਖ਼ਤ ਨਾਲ ਦੂਜਾ ਸਫ਼ਾ ਵੀ ਭਰਦਾ ਨਜ਼ਰ ਆ ਰਿਹਾ ਹੈ। ਮੁਹਿੰਮ ਦੀ ਅਗਵਾਈ ਕਰ ਰਹੇ ਲਿਬਰਲ ਆਗੂਆਂ ਦਾ ਕਹਿਣਾ ਹੈ ਕਿ ਲੋੜੀਂਦੀ ਗਿਣਤੀ ਵਿਚ ਦਸਤਖ਼ਤ ਹਾਸਲ ਹੋਣ ਮਗਰੋਂ ਹੀ ਬਿੱਲੀ ਥੈਲੇ ਵਿਚੋਂ ਬਾਹਰ ਕੱਢੀ ਜਾਵੇਗੀ। ਕਾਗਜ਼ ’ਤੇ ਸਿਗਨੇਚਰ ਕਰਨ ਵਾਸਤੇ ਐਮ.ਪੀਜ਼ ਨੂੰ ਆਪਣਾ ਪੈੱਨ ਵਰਤਣ ਵਾਸਤੇ ਆਖਿਆ ਜਾਂਦਾ ਹੈ ਤਾਂਕਿ ਬਾਅਦ ਵਿਚ ਦਬਾਅ ਵਧਣ ਦੀ ਸੂਰਤ ਵਿਚ ਉਹ ਆਪਣੀ ਗੱਲ ਤੋਂ ਮੁੱਕਰ ਨਾ ਸਕਣ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ‘ਟੋਰਾਂਟੋ ਸਟਾਰ’ ਦੀ ਰਿਪੋਰਟ ਵਿਚ ਵੀ ਟਰੂਡੋ ’ਤੇ ਅਸਫ਼ੀਤੇ ਦਾ ਦਬਾਅ ਪਾਉਣ ਲਈ ਮੀਟਿੰਗਾਂ ਹੋਣ ਦਾ ਜ਼ਿਕਰ ਕੀਤਾ ਗਿਆ ਸੀ। ਲਿਬਰਲ ਪਾਰਟੀ ਦੇ ਕੁਝ ਐਮ.ਪੀਜ਼ ਟਰੂਡੋ ਤੋਂ ਇਸ ਕਰ ਕੇ ਵੀ ਨਾਰਾਜ਼ ਹਨ ਕਿ ਅਹਿਮ ਮੁੱਦਿਆਂ ਨੂੰ ਵਿਚਾਲੇ ਛੱਡ ਕੇ ਉਹ ਲਾਓਸ ਚਲੇ ਗਏ।

ਚੋਣਾਂ ਤੋਂ ਪਹਿਲਾਂ ਕੈਨੇਡਾ ਨੂੰ ਮਿਲੇਗਾ ਨਵਾਂ ਪ੍ਰਧਾਨ ਮੰਤਰੀ

ਇਨ੍ਹਾਂ ਮੁੱਦਿਆਂ ਵਿਚੋਂ ਇਕ ਲਿਬਰਲ ਪਾਰਟੀ ਦੇ ਚੋਣ ਪ੍ਰਚਾਰ ਡਾਇਰੈਕਟਰ ਜੈਰੇਮੀ ਬਰੌਡਹਰਸਟ ਦਾ ਅਸਤੀਫ਼ਾ ਵੀ ਹੈ। ਜੈਰੇਮੀ ਨੇ ਸਤੰਬਰ ਦੇ ਸ਼ੁਰੂ ਵਿਚ ਅਹੁਦਾ ਛੱਡਿਆ ਅਤੇ ਹੁਣ ਤੱਕ ਨਵੇਂ ਡਾਇਰੈਕਟਰ ਦੀ ਨਿਯੁਕਤੀ ਨਹੀਂ ਕੀਤੀ ਗਈ। ਇਸ ਦੇ ਨਾਲ ਹੀ ਕੁਝ ਐਮ.ਪੀਜ਼ ਪ੍ਰਧਾਨ ਮੰਤਰੀ ਦਫ਼ਤਰ ਵਿਚ ਤੈਨਾਤ ਅਫ਼ਸਰ ਬਦਲਣਾ ਚਾਹੁੰਦੇ ਹਨ ਪਰ ਇਸ ਮੰਗ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਕੋਈ ਸੁਧਾਰ ਨਾ ਹੁੰਦਾ ਦੇਖ ਕੁਝ ਐਮ.ਪੀਜ਼ ਨੇ ਜ਼ਿੰਮੇਵਾਰੀ ਆਪਣੇ ਮੋਢਿਆਂ ’ਤੇ ਲੈਣ ਦਾ ਫੈਸਲਾ ਕੀਤਾ। ਸੂਤਰਾਂ ਨੇ ਦੱਸਿਆ ਕਿ ਐਟਲਾਂਟਿਕ ਕੌਕਸ ਦੇ ਮੁਖੀ ਕੋਡੀ ਬਲੂਆ ਉਨ੍ਹਾਂ ਮੈਂਬਰਾਂ ਵਿਚੋਂ ਇਕ ਹਨ ਜਿਨ੍ਹਾਂ ਵੱਲੋਂ ਨੈਸ਼ਨਲ ਕੌਕਸ ਦੀ ਮੀਟਿੰਗ ਵਿਚ ਟਰੂਡੋ ਦੀ ਲੀਡਰਸ਼ਿਪ ’ਤੇ ਸਵਾਲ ਉਠਾਏ ਗਏ। ਇਥੋਂ ਤੱਕ ਕਿ ਐਟਲਾਂਟਿਕ ਕੌਕਸ ਦੀ ਮੀਟਿੰਗ ਵਿਚੋਂ ਪ੍ਰਧਾਨ ਮੰਤਰੀ ਦਫ਼ਤਰ ਦੇ ਨੁਮਾਇੰਦੇ ਨੂੰ ਬਾਹਰ ਕਰ ਦਿਤਾ ਗਿਆ। ਜਸਟਿਨ ਟਰੂਡੋ ਲਗਾਤਾਰ ਕਹਿੰਦੇ ਆ ਰਹੇ ਹਨ ਕਿ ਉਹ ਅਗਲੀਆਂ ਆਮ ਚੋਣਾਂ ਲੜਨਗੇ ਪਰ ਮੌਜੂਦਾ ਹਾਲਾਤ ਕਿਸੇ ਵੱਡੇ ਤੂਫਾਨ ਤੋਂ ਪਹਿਲਾਂ ਪਸਰੀ ਚੁੱਪ ਵੱਲ ਇਸ਼ਾਰਾ ਕਰ ਰਹੇ ਹਨ। ਦੂਜੇ ਪਾਸੇ ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਟਰੂਡੋ ਨੂੰ ਹਟਾਉਣਾ ਸੌਖਾ ਨਹੀਂ ਹੋਵੇਗਾ ਕਿਉਂਕਿ ਉਨ੍ਹਾਂ ਦੀ ਹਮਾਇਤੀਆਂ ਦੀ ਗਿਣਤੀ ਵੀ ਘੱਟ ਨਹੀਂ।

Tags:    

Similar News