ਜਸਟਿਨ ਟਰੂਡੋ ਨੇ ਇੰਮੀਗ੍ਰੇਸ਼ਨ ਦੇ ਮੁੱਦੇ ’ਤੇ ਗਲਤੀ ਮੰਨੀ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੰਮੀਗ੍ਰੇਸ਼ਨ ਦੇ ਮੁੱਦੇ ’ਤੇ ਆਪਣੀ ਗਲਤੀ ਪ੍ਰਵਾਨ ਕਰਦਿਆਂ ਕਿਹਾ ਹੈ ਕਿ ਅਗਲੇ ਤਿੰਨ ਸਾਲ ਦੌਰਾਨ ਕੈਨੇਡਾ ਸੱਦੇ ਜਾਣ ਵਾਲੇ ਪ੍ਰਵਾਸੀਆਂ ਦੀ ਗਿਣਤੀ 20 ਫੀ ਸਦੀ ਤੱਕ ਘਟਾ ਦਿਤੀ ਗਈ ਹੈ
ਔਟਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੰਮੀਗ੍ਰੇਸ਼ਨ ਦੇ ਮੁੱਦੇ ’ਤੇ ਆਪਣੀ ਗਲਤੀ ਪ੍ਰਵਾਨ ਕਰਦਿਆਂ ਕਿਹਾ ਹੈ ਕਿ ਅਗਲੇ ਤਿੰਨ ਸਾਲ ਦੌਰਾਨ ਕੈਨੇਡਾ ਸੱਦੇ ਜਾਣ ਵਾਲੇ ਪ੍ਰਵਾਸੀਆਂ ਦੀ ਗਿਣਤੀ 20 ਫੀ ਸਦੀ ਤੱਕ ਘਟਾ ਦਿਤੀ ਗਈ ਹੈ ਅਤੇ 2027 ਵਿਚ 3 ਲੱਖ 65 ਹਜ਼ਾਰ ਨਵੇਂ ਪ੍ਰਵਾਸੀਆਂ ਵਾਸਤੇ ਹੀ ਦਰਵਾਜ਼ੇ ਖੋਲ੍ਹੇ ਜਾਣਗੇ। ਐਤਵਾਰ ਨੂੰ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਕੁਝ ਮਾੜੇ ਅਨਸਰਾਂ ਨੇ ਇੰਮੀਗ੍ਰੇਸ਼ਨ ਯੋਜਨਾਵਾਂ ਦੀ ਦੁਰਵਰਤੋਂ ਕੀਤੀ ਅਤੇ ਫੈਡਰਲ ਸਰਕਾਰ ਨੂੰ ਨਿਯਮਾਂ ਵਿਚ ਤਬਦੀਲੀ ਵਾਸਤੇ ਤੇਜ਼ ਕਾਰਵਾਈ ਕਰਨੀ ਚਾਹੀਦੀ ਸੀ। ਜਸਟਿਨ ਟਰੂਡੋ ਨੇ ਮਿਸਾਲ ਪੇਸ਼ ਕਰਦਿਆਂ ਕਿਹਾ ਕਿ ਮੋਟੀਆਂ ਫੀਸਾਂ ਨਾਲ ਜੇਬਾਂ ਭਰਨ ਖਾਤਰ ਕੌਮਾਂਤਰੀ ਵਿਦਿਆਰਥੀਆਂ ਨੂੰ ਵੱਡੇ ਪੱਧਰ ’ਤੇ ਦਾਖਲੇ ਦਿਤੇ ਗਏ ਅਤੇ ਇੰਪਲੌਇਰਜ਼ ਨੇ ਕੈਨੇਡੀਅਨ ਲੋਕਾਂ ਨੂੰ ਰੁਜ਼ਗਾਰ ਦੇਣ ਤੋਂ ਪਾਸਾ ਹੀ ਵੱਟ ਲਿਆ।
ਕੈਨੇਡਾ ਆਉਣ ਵਾਲਿਆਂ ਦੀ ਗਿਣਤੀ ਵਿਚ 20 ਫੀ ਸਦੀ ਕਟੌਤੀ ਦਾ ਐਲਾਨ
ਸਿਰਫ ਐਨਾ ਹੀ ਨਹੀਂ, ਕੈਨੇਡੀਅਨ ਸਿਟੀਜ਼ਨਸ਼ਿਪ ਦੇ ਲਾਰਿਆਂ ਵਾਲੇ ਵੱਡੇ ਸਕੈਮ ਵੀ ਹੋਏ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇੰਮੀਗ੍ਰੇਸ਼ਨ ਟੀਚੇ ਘਟਾਉਣ ਦਾ ਮਕਸਦ ਕੈਨੇਡਾ ਦੀ ਆਬਾਦੀ ਨੂੰ ਸਥਿਰ ਰੱਖਣਾ ਹੈ। ਦੂਜੇ ਪਾਸੇ ਮਕਾਨਾਂ ਦੀ ਉਪਲਬਧਤਾ ਵਿਚ ਵਾਧਾ ਹੋਣ ਮਗਰੋਂ ਇੰਮੀਗ੍ਰੇਸ਼ਨ ਟੀਚਿਆਂ ਨੂੰ ਮੁੜ ਵਧਾਇਆ ਜਾ ਸਕਦਾ ਹੈ। ਟਰੂਡੋ ਨੇ ਦਲੀਲ ਦਿਤੀ ਕਿ ਮਹਾਮਾਰੀ ਮਗਰੋਂ ਕਿਰਤੀਆਂ ਦੀ ਕਿੱਲਤ ਦੂਰ ਕਰਨ ਵਾਸਤੇ ਪ੍ਰਵਾਸੀਆਂ ਨੂੰ ਵੱਡੀ ਗਿਣਤੀ ਵਿਚ ਕੈਨੇਡਾ ਸੱਦਿਆ ਗਿਆ ਅਤੇ ਇਸ ਕਦਮ ਰਾਹੀਂ ਕੈਨੇਡਾ ਨੂੰ ਮੰਦੀ ਤੋਂ ਦੂਰ ਰੱਖਣ ਵਿਚ ਕਾਮਯਾਬੀ ਵੀ ਮਿਲੀ। ਹਾਲਾਤ ਵਿਚ ਸੁਧਾਰ ਮਗਰੋਂ ਨਿਯਮਾਂ ਵਿਚ ਜਲਦ ਤੋਂ ਜਲਦ ਤਬਦੀਲੀ ਹੋਣੀ ਚਾਹੀਦੀ ਸੀ ਪਰ ਸੰਭਾਵਤ ਤੌਰ ’ਤੇ ਅਜਿਹਾ ਨਾ ਹੋ ਸਕਿਆ। ਉਧਰ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਨੂੰ ਜਦੋਂ ਟਰੂਡੋ ਦੀ ਤਾਜ਼ਾ ਵੀਡੀਓ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੇ ਬੁਲਾਰੇ ਸਬੈਸਟੀਅਨ ਸਕੈਮਸਕੀ ਨੇ ਇਕ ਇੰਟਰਵਿਊ ਦਾ ਜ਼ਿਕਰ ਕੀਤਾ ਜਿਸ ਵਿਚ ਪੌਇਲੀਐਵ ਵੱਲੋਂ ਮੌਜੂਦਾ ਇੰਮੀਗ੍ਰੇਸ਼ਨ ਪ੍ਰਣਾਲੀ ਦੀ ਤਿੱਖੀ ਨੁਕਤਾਚੀਨੀ ਕੀਤੀ ਗਈ। ਹੁਣ ਜਸਟਿਨ ਟਰੂਡੋ ਖੁਦ ਹੀ ਪ੍ਰਵਾਨ ਕਰ ਰਹੇ ਹਨ ਕਿ ਉਨ੍ਹਾਂ ਨੇ ਹੀ ਸਮੱਸਿਆ ਖੜ੍ਹੀ ਕੀਤੀ ਅਤੇ ਉਨ੍ਹਾਂ ਨੂੰ ਇਹ ਸਮੱਸਿਆ ਹੱਲ ਕਰਨੀ ਚਾਹੀਦੀ ਸੀ। ਇੰਟਰਵਿਊ ਦੌਰਾਨ ਪੌਇਲੀਐਵ ਨੇ ਕਿਹਾ ਕਿ ਇਸ ਵੇਲੇ ਸਭ ਤੋਂ ਵੱਡਾ ਮਸਲਾ ਕੈਨੇਡੀਅਨ ਇੰਮੀਗ੍ਰੇਸ਼ਨ ਪ੍ਰਣਾਲੀ ਨੂੰ ਠੀਕ ਕਰਨਾ ਹੈ। ਵਿਰੋਧੀ ਧਿਰ ਦੇ ਆਗੂ ਨੇ ਆਪਣੀ ਪਤਨੀ ਦੀ ਮਿਸਾਲ ਪੇਸ਼ ਕਰਦਿਆਂ ਕਿਹਾ ਕਿ ਉਹ ਜਾਇਜ਼ ਅਤੇ ਕਾਨੂੰਨੀ ਤਰੀਕੇ ਨਾਲ ਬਤੌਰ ਰਫਿਊਜੀ ਕੈਨੇਡਾ ਪੁੱਜੀ। ਕੈਨੇਡਾ ਲੰਮੇ ਸਮੇਂ ਤੋਂ ਰਫਿਊਜੀਆਂ ਨੂੰ ਪਨਾਹ ਦਿੰਦਾ ਆ ਰਿਹਾ ਹੈ ਅਤੇ ਇਹ ਪ੍ਰਕਿਰਿਆ ਅੱਗੇ ਵੀ ਜਾਰੀ ਰਹਿਣੀ ਚਾਹੀਦੀ ਹੈ ਪਰ ਕਾਨੂੰਨੀ ਦਾਇਰੇ ਵਿਚ ਰਹਿੰਦਿਆਂ।
2027 ਵਿਚ 3 ਲੱਖ 65 ਹਜ਼ਾਰ ਪ੍ਰਵਾਸੀਆਂ ਨੂੰ ਹੀ ਸੱਦਿਆ ਜਾਵੇਗਾ
ਇਥੇ ਦਸਣਾ ਬਣਦਾ ਹੈ ਕਿ ਪੌਇਲੀਐਵ ਕਈ ਵਾਰ ਆਖ ਚੁੱਕੇ ਹਨ ਕਿ ਪ੍ਰਧਾਨ ਮੰਤਰੀ ਬਣਨ ਦੀ ਸੂਰਤ ਵਿਚ ਉਹ ਇੰਮੀਗ੍ਰੇਸ਼ਨ ਟੀਚਿਆਂ ਨੂੰ ਮੁਲਕ ਵਿਚ ਮੁਹੱਈਆ ਮਕਾਨਾਂ ਦੀ ਗਿਣਤੀ ਅਤੇ ਸਿਹਤ ਸੰਭਾਲ ਸਹੂਲਤਾਂ ਨਾਲ ਜੋੜਨਗੇ। ਇਸੇ ਦੌਰਾਨ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਜਸਟਿਨ ਟਰੂਡੋ ਦੀ ਵੀਡੀਓ ਦਾ ਮਕਸਦ ਸਰਕਾਰੀ ਨੀਤੀਆਂ ਨੂੰ ਮੁਲਕ ਦੇ ਲੋਕਾਂ ਦਾ ਪਹੁੰਚਾਉਣਾ ਹੈ ਕਿਉਂਕਿ ਅਮਰੀਕਾ ਵਿਚ ਡੌਨਲਡ ਟਰੰਪ ਦੇ ਰਾਸ਼ਟਰਪਤੀ ਚੁਣੇ ਜਾਣ ਮਗਰੋਂ ਕੈਨੇਡੀਅਨ ਬਾਰਡਰ ’ਤੇ ਸ਼ਰਨਾਰਥੀਆਂ ਦੀ ਭੀੜ ਇਕੱਤਰ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ।