ਕੌਮਾਂਤਰੀ ਵਿਦਿਆਰਥੀਆਂ ਨੇ ਕੈਨੇਡਾ ਵਿਚ ਖਰਚ ਕੀਤੇ 37 ਅਰਬ ਡਾਲਰ

ਕੈਨੇਡੀਅਨ ਅਰਥਚਾਰੇ ਵਿਚ ਕੌਮਾਂਤਰੀ ਵਿਦਿਆਰਥੀਆਂ ਦਾ ਯੋਗਦਾਨ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਸਾਲ 2022 ਦੌਰਾਨ ਇਨ੍ਹਾਂ ਵੱਲੋਂ 31 ਅਰਬ ਡਾਲਰ ਖਰਚ ਕੀਤੇ ਗਏ।

Update: 2024-07-11 11:38 GMT

ਵੈਨਕੂਵਰ : ਕੈਨੇਡੀਅਨ ਅਰਥਚਾਰੇ ਵਿਚ ਕੌਮਾਂਤਰੀ ਵਿਦਿਆਰਥੀਆਂ ਦਾ ਯੋਗਦਾਨ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਸਾਲ 2022 ਦੌਰਾਨ ਇਨ੍ਹਾਂ ਵੱਲੋਂ 31 ਅਰਬ ਡਾਲਰ ਖਰਚ ਕੀਤੇ ਗਏ। ਇਹ ਰਕਮ ਮੁਲਕ ਦੇ ਕੁਲ ਜੀ.ਡੀ.ਪੀ. ਦਾ 1.2 ਫੀ ਸਦੀ ਬਣਦੀ ਹੈ। ਦੂਜੇ ਪਾਸੇ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਦਾ ਜ਼ਿਕਰ ਕੀਤਾ ਜਾਵੇ ਤਾਂ ਤਕਰੀਬਨ 8 ਲੱਖ 45 ਹਜ਼ਾਰ ਵਿਦਿਆਰਥੀਆਂ ਨੇ ਕੈਨੇਡਾ ਦੀ ਧਰਤੀ ’ਤੇ ਕਦਮ ਰੱਖਿਆ ਜਿਨ੍ਹਾਂ ਵਿਚੋਂ 3 ਲੱਖ 19 ਹਜ਼ਾਰ ਭਾਰਤੀ ਸਨ। ਮੀਡੀਆ ਰਿਪੋਰਟਾਂ ਮੁਤਾਬਕ 31 ਅਰਬ ਡਾਲਰ ਦੀ ਰਕਮ ਵਿਚ ਵਿਦਿਆਰਥੀਆਂ ਵੱਲੋਂ ਰਹਿਣ ਅਤੇ ਖਾਣ ’ਤੇ ਖਰਚ ਕੀਤੀ ਰਕਮ ਸ਼ਾਮਲ ਨਹੀਂ ਅਤੇ ਇਸ ਨੂੰ ਵੀ ਜੋੜ ਲਿਆ ਜਾਵੇ ਤਾਂ ਅੰਕੜਾ 37 ਅਰਬ ਡਾਲਰ ਤੋਂ ਟੱਪ ਜਾਂਦਾ ਹੈ।

ਭਾਰਤੀ ਵਿਦਿਆਰਥੀਆਂ ਦੀ ਗਿਣਤੀ 3 ਲੱਖ 19 ਹਜ਼ਾਰ ਤੋਂ ਟੱਪੀ

ਉਧਰ ਰੋਜ਼ਲਿਨ ਕੁਨਿਨ ਐਂਡ ਐਸੋਸੀਏਟਸ ਵੱਲੋਂ ਜਾਰੀ ਰਿਪੋਰਟ ਕਹਿੰਦੀ ਹੈ ਕਿ ਕੌਮਾਂਤਰੀ ਵਿਦਿਆਰਥੀਆਂ ਵੱਲੋਂ ਖਰਚ ਕੀਤੀ ਰਕਮ ਨਾਲ 2 ਲੱਖ 46 ਹਜ਼ਾਰ ਤੋਂ ਵੱਧ ਨੌਕਰੀਆਂ ਪੈਦਾ ਹੋਈਆਂ ਜਦਕਿ ਟੈਕਸ ਦੇ ਰੂਪ ਵਿਚ ਸਰਕਾਰ ਨੂੰ 7.4 ਅਰਬ ਡਾਲਰ ਦੀ ਆਮਦਨ ਹੋਈ। ਰਿਪੋਰਟ ਵਿਚ ਲੰਮੇ ਸਮੇਂ ਅਤੇ ਥੋੜ੍ਹੇ ਸਮੇਂ ਦੀ ਪੜ੍ਹਾਈ ਕਰਨ ਵਾਲੇ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਸ਼ਾਮਲ ਕੀਤਾ ਗਿਆ ਹੈ। ਰਿਪੋਰਟ ਇਹ ਵੀ ਦਰਸਾਉਂਦੀ ਹੈ ਕਿ 2016 ਤੋਂ 2022 ਦਰਮਿਆਨ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਵਿਚ 61 ਫੀ ਸਦੀ ਵਾਧਾ ਹੋਇਆ। 2016 ਵਿਚ 5 ਲੱਖ 24 ਹਜ਼ਾਰ ਕੌਮਾਂਤਰੀ ਵਿਦਿਆਰਥੀ ਮੁਲਕ ਦੀਆਂ ਵਿਦਿਅਕ ਸੰਸਥਾਵਾਂ ਵਿਚ ਪੜ੍ਹ ਰਹੇ ਸਨ ਜਦਕਿ 2022 ਵਿਚ ਅੰਕੜਾ ਸਾਢੇ ਅੱਠ ਲੱਖ ਦੇ ਨੇੜੇ ਪੁੱਜ ਗਿਆ।

ਸਰਕਾਰ ਨੂੰ ਟੈਕਸ ਦੇ ਰੂਪ ਵਿਚ ਮਿਲੇ 7.4 ਅਰਬ ਡਾਲਰ

ਮੁਲਕ ਦੇ ਜੀ.ਡੀ.ਪੀ. ਵਿਚ ਪਾਏ ਯੋਗਦਾਨ ਦੀ ਤੁਲਨਾ ਕੀਤੀ ਜਾਵੇ ਤਾਂ 2026 ਵਿਚ 15.5 ਡਾਲਰ ਕੌਮਾਂਤਰੀ ਵਿਦਿਆਰਥੀਆਂ ਵੱਲੋਂ ਖਰਚ ਕੀਤੇ ਗਏ ਜਦਕਿ 2022 ਵਿਚ ਅੰਕੜਾ 37 ਅਰਬ ਡਾਲਰ ਤੋਂ ਉਤੇ ਮੰਨਿਆ ਜਾ ਰਿਹਾ ਹੈ। ਸਾਲਾਨਾ ਵਾਧਾ 15.7 ਫੀ ਸਦੀ ਦਰਜ ਕੀਤਾ ਗਿਆ। ਉਨਟਾਰੀਓ, ਬੀ.ਸੀ. ਅਤੇ ਐਲਬਰਟਾ ਸਣੇ ਤਕਰੀਬਨ ਹਰ ਸੂਬੇ ਵਿਚ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਵਧੀ ਪਰ ਪ੍ਰਿੰਸ ਐਡਵਰਡ ਆਇਲੈਂਡ ਇਕੋ ਇਕ ਸੂਬਾ ਰਿਹਾ ਜਿਥੇ ਸਾਲ 2022 ਦੌਰਾਨ ਸਿਰਫ ਸਾਢੇ ਚਾਰ ਹਜ਼ਾਰ ਕੌਮਾਂਤਰੀ ਵਿਦਿਆਰਥੀ ਪੜ੍ਹ ਰਹੇ ਸਨ। ਭਾਰਤ ਮਗਰੋਂ ਸਭ ਤੋਂ ਵੱਧ ਇੰਟਰਨੈਸ਼ਨਲ ਸਟੂਡੈਂਟਸ ਫਿਲੀਪੀਨਜ਼ ਤੋਂ ਆ ਰਹੇ ਹਨ। 2022 ਵਿਚ ਫਿਲੀਪੀਨਜ਼ ਤੋਂ 32,455 ਵਿਦਿਆਰਥੀ ਪੁੱਜੇ। ਤੀਜੇ ਸਥਾਨ ’ਤੇ ਹਾਂਗਕਾਂਗ, ਨਾਈਜੀਰੀਆ ਅਤੇ ਕੋਲੰਬੀਆ ਦੱਸੇ ਜਾ ਰਹੇ ਹਨ। ਦੱਸ ਦੇਈਏ ਕਿ 2023 ਵਿਚ ਕੌਮਾਂਤਰੀ ਵਿਦਿਆਰਥੀਆਂ ਦੀ ਆਮਦ ਬਾਰੇ ਅਧਿਕਾਰਤ ਅੰਕੜਾ ਸਾਹਮਣੇ ਨਹੀਂ ਆਇਆ ਪਰ ਵੱਖ ਵੱਖ ਜਥੇਬੰਦੀਆਂ ਦਾ ਮੰਨਣਾ ਹੈ ਕਿ ਪਿਛਲੇ ਸਾਲ ਅੰਕੜਾ 10 ਲੱਖ ਤੋਂ ਟੱਪ ਗਿਆ।

Tags:    

Similar News