ਕੈਨੇਡਾ ’ਚ ਮਹਿੰਗਾਈ ਘਟੀ, ਖੁਰਾਕੀ ਵਸਤਾਂ ਹੋਈਆਂ ਮਹਿੰਗੀਆਂ
ਕੈਨੇਡਾ ਵਿਚ ਮਹਿੰਗਾਈ ਘਟਣ ਦੇ ਬਾਵਜੂਦ ਖੁਰਾਕੀ ਵਸਤਾਂ ਦੀਆਂ ਕੀਮਤਾਂ ਵਿਚ ਵਾਧਾ ਲਗਾਤਾਰ ਜਾਰੀ ਹੈ
ਟੋਰਾਂਟੋ : ਕੈਨੇਡਾ ਵਿਚ ਮਹਿੰਗਾਈ ਘਟਣ ਦੇ ਬਾਵਜੂਦ ਖੁਰਾਕੀ ਵਸਤਾਂ ਦੀਆਂ ਕੀਮਤਾਂ ਵਿਚ ਵਾਧਾ ਲਗਾਤਾਰ ਜਾਰੀ ਹੈ। ਜੀ ਹਾਂ, ਸਟੈਟਿਸਟਿਕਸ ਕੈਨੇਡਾ ਦੇ ਤਾਜ਼ਾ ਅੰਕੜਿਆਂ ਮੁਤਾਬਕ ਗੈਸੋਲੀਨ ਦੀਆਂ ਕੀਮਤਾਂ ਵਿਚ ਪਿਛਲੇ ਸਾਲ ਦੇ ਮੁਕਾਬਲੇ 16 ਫੀ ਸਦੀ ਕਮੀ ਆਉਣ ਕਰ ਕੇ ਜੁਲਾਈ ਮਹੀਨੇ ਦੌਰਾਨ ਮਹਿੰਗਾਈ ਦਰ 1.7 ਫੀ ਸਦੀ ਦਰਜ ਕੀਤੀ ਗਈ ਪਰ ਗਰੌਸਰੀ ਸਟੋਰਾਂ ’ਤੇ ਹੋਣ ਵਾਲਾ ਖਰਚਾ 3.8 ਫੀ ਸਦੀ ਵਧ ਗਿਆ। ਕਨਫੈਕਸ਼ਨਰੀ ਅਤੇ ਕੌਫੀ ਦੀਆਂ ਕੀਮਤਾਂ ਤੇਜ਼ੀ ਨਾਲ ਵਧੀਆਂ ਜਦਕਿ ਤਾਜ਼ੇ ਅੰਗੂਰ 30 ਫੀ ਸਦੀ ਮਹਿੰਗੇ ਹੋਏ।
ਗੈਸੋਲੀਨ ਦੀਆਂ ਕੀਮਤਾਂ ਵਿਚ ਆਈ 16 ਫੀ ਸਦੀ ਕਮੀ
ਇਥੇ ਦਸਣਾ ਬਣਦਾ ਹੈ ਕਿ ਜੂਨ ਮਹੀਨੇ ਦੌਰਾਨ ਮਹਿੰਗਾਈ ਦਰ 1.9 ਫ਼ੀ ਸਦੀ ਰਹੀ ਅਤੇ ਕਾਰਬਨ ਟੈਕਸ ਦੇ ਖਾਤਮੇ ਕਰ ਕੇ ਗੈਸੋਲੀਨ ਦੀਆਂ ਕੀਮਤਾਂ ਵਿਚ ਸਾਲਾਨਾ ਆਧਾਰ ’ਤੇ 16.1 ਫੀ ਸਦੀ ਕਮੀ ਆਈ। ਰਿਹਾਇਸ਼ ਦੇ ਖਰਚੇ ਦਾ ਜ਼ਿਕਰ ਕੀਤਾ ਜਾਵੇ ਤਾਂ ਇਸ ਖੇਤਰ ਦੀ ਮਹਿੰਗਾਈ ਵਿਚ ਤਿੰਨ ਫੀ ਸਦੀ ਵਾਧਾ ਹੋਇਆ ਜਦਕਿ ਜੂਨ ਵਿਚ 2.9 ਫੀ ਸਦੀ ਵਾਧਾ ਦਰਜ ਕੀਤਾ ਗਿਆ ਸੀ। ਫਰਵਰੀ 2024 ਤੋਂ ਬਾਅਦ ਪਹਿਲੀ ਵਾਰ ਰਿਹਾਇਸ਼ੀ ਖਰਚੇ ਵਾਲੀ ਮਹਿੰਗਾਈ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਪ੍ਰਿੰਸ ਐਡਵਰਡ ਆਇਲੈਂਡ, ਨਿਊਫਾਊਂਡਲੈਂਡ ਐਂਡ ਲੈਬਰਾਡੌਰ ਅਤੇ ਬ੍ਰਿਟਿਸ਼ ਕੋਲੰਬੀਆ ਵਿਚ ਮਕਾਨ ਕਿਰਾਏ ਵਧਣ ਦਾ ਰੁਝਾਨ ਸ਼ੁਰੂ ਹੋ ਚੁੱਕਾ ਹੈ। ਬੈਂਕ ਆਫ਼ ਕੈਨੇਡਾ ਵੱਲੋਂ ਮਹਿੰਗਾਈ ਨਾਲ ਸਬੰਧਤ ਤਾਜ਼ਾ ਅੰਕੜਿਆਂ ਦੀ ਘੋਖ ਕੀਤੀ ਜਾ ਰਹੀ ਹੈ ਅਤੇ 17 ਸਤੰਬਰ ਨੂੰ ਹੋਣ ਵਾਲੀ ਮੀਟਿੰਗ ਵਿਚ ਹੋਣ ਵਾਲੇ ਕਿਸੇ ਫੈਸਲੇ ਲਈ ਇਨ੍ਹਾਂ ਨੂੰ ਆਧਾਰ ਬਣਾਇਆ ਜਾ ਸਕਦਾ ਹੈ।
ਵਿਆਜ ਦਰਾਂ ਵਿਚ ਕਟੌਤੀ ਦੇ ਆਸਾਰ ਨਹੀਂ
ਜੁਲਾਈ ਦੇ ਅੰਤ ਵਿਚ ਕੈਨੇਡਾ ਦੇ ਕੇਂਦਰੀ ਬੈਂਕ ਵੱਲੋਂ ਵਿਆਜ ਦਰਾਂ 2.75 ਦੇ ਪੱਧਰ ’ਤੇ ਬਰਕਰਾਰ ਰੱਖਣ ਦਾ ਫੈਸਲਾ ਲਿਆ ਗਿਆ। ਬੀ.ਐਮ.ਓ. ਦੇ ਚੀਫ਼ ਇਕੌਨੋਮਿਸਟ ਡਗ ਪੋਰਟਰ ਦਾ ਮੰਨਣਾ ਹੈ ਕਿ ਮਹਿੰਗਾਈ ਦਰ ਨਾਲ ਸਬੰਧਤ ਤਾਜ਼ਾ ਅੰਕੜੇ ਵਿਆਜ ਦਰਾਂ ਵਿਚ ਕਟੌਤੀ ਦਾ ਆਧਾਰ ਨਹੀਂ ਬਣ ਸਕਦੇ। ਡਗ ਪੋਰਟਰ ਨੇ ਦਲੀਲ ਦਿਤੀ ਕਿ ਜੁਲਾਈ ਵਿਚ ਮਹਿੰਗਾਈ ਨਾਲ ਸਬੰਧਤ ਕੋਈ ਹੈਰਾਨਕੁੰਨ ਅੰਕੜਾ ਸਾਹਮਣੇ ਨਹੀਂ ਆਇਆ ਜੋ ਬੈਂਕ ਆਫ਼ ਕੈਨੇਡਾ ਨੂੰ ਵਿਆਜ ਦਰਾਂ ਵਿਚ ਕਟੌਤੀ ਵਾਸਤੇ ਮਜਬੂਰ ਕਰ ਦੇਵੇ। ਕੇਂਦਰੀ ਵੱਲੋਂ ਕੋਰ ਇਨਫਲੇਸ਼ਨ ਨੂੰ ਧਿਆਨ ਵਿਚ ਰੱਖਿਆ ਜਾ ਰਿਹਾ ਹੈ ਜਿਸ ਵਿਚ ਖੁਰਾਕੀ ਵਸਤਾਂ ਅਤੇ ਤੇਲ-ਗੈਸ ਦੀਆਂ ਕੀਮਤਾਂ ਸ਼ਾਮਲ ਨਹੀਂ ਹੁੰਦੀਆਂ। ਜੁਲਾਈ ਦੌਰਾਨ ਕੋਰ ਇਨਫਲੇਸ਼ਨ ਤਿੰਨ ਫੀ ਸਦੀ ਦਰਜ ਕੀਤੀ ਗਈ ਪਰ ਪਿਛਲੇ ਤਿੰਨ ਮਹੀਨੇ ਦਾ ਔਸਤ 2.4 ਫੀ ਸਦੀ ਬਣਦਾ ਹੈ।