ਕੈਨੇਡਾ ’ਚ ਸ਼ਰਾਬੀ ਗੋਰੇ ਵੱਲੋਂ ਭਾਰਤੀ ਨੌਜਵਾਨ ’ਤੇ ਹਮਲਾ
ਕੈਨੇਡਾ ਦੇ ਸ਼ਰਾਬੀ ਗੋਰੇ ਵੱਲੋਂ ਇਕ ਭਾਰਤੀ ਨੌਜਵਾਨ ਉਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ
ਟੋਰਾਂਟੋ : ਕੈਨੇਡਾ ਦੇ ਸ਼ਰਾਬੀ ਗੋਰੇ ਵੱਲੋਂ ਇਕ ਭਾਰਤੀ ਨੌਜਵਾਨ ਉਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਟੋਰਾਂਟੋ ਦੇ ਇਕ ਰੈਸਟੋਰੈਂਟ ਵਿਚ ਵਾਪਰੀ ਵਾਰਦਾਤ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਅਤੇ ਨਸਲੀ ਨਫ਼ਰਤ ਦੀ ਚੰਗਿਆੜੀ ਭੜਕਣ ਦੀਆਂ ਚਿੰਤਾਵਾਂ ਜ਼ਾਹਰ ਕੀਤੀਆਂ ਜਾ ਰਹੀਆਂ ਹਨ। ਵੀਡੀਓ ਦੇਖ ਕੇ ਸਪੱਸ਼ਟ ਹੋ ਜਾਂਦਾ ਹੈ ਕਿ ਬਗੈਰ ਕਿਸੇ ਭੜਕਾਹਟ ਤੋਂ ਸ਼ਰਾਬੀ ਗੋਰਾ ਭਾਰਤੀ ਨੌਜਵਾਨ ਦੇ ਦੁਆਲੇ ਹੋ ਗਿਆ ਜਿਸ ਨੇ ਬਲੂ ਜੇਜ਼ ਦੀ ਜੈਕਟ ਪਾਈ ਹੋਈ ਸੀ।
ਟੋਰਾਂਟੋ ਦੇ ਰੈਸਟੋਰੈਂਟ ਵਿਚ ਵਾਪਰੀ ਵਾਰਦਾਤ
ਰੈਸਟੋਰੈਂਟ ਦਾ ਮੈਨੇਜਰ ਵੀ ਭਾਰਤੀ ਮਹਿਸੂਸ ਹੋਇਆ ਜਿਸ ਦੇ ਦਖਲ ਮਗਰੋਂ ਗੋਰਾ ਪਿੱਛੇ ਹਟਿਆ ਅਤੇ ਬਾਹਰ ਚਲਾ ਗਿਆ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਐਡਮਿੰਟਨ ਵਿਖੇ ਭਾਰਤੀ ਮੂਲ ਦੇ ਕਾਰੋਬਾਰੀ ਆਰਵੀ ਸਿੰਘ ਸੱਗੂ ਦਾ ਇਕ ਸਿਰਫਿਰੇ ਗੋਰੇ ਨੇ ਕਤਲ ਕਰ ਦਿਤਾ ਸੀ। ਗੋਰਾ ਆਰਵੀ ਸਿੰਘ ਦੀ ਗੱਡੀ ਨੇੜੇ ਪਿਸ਼ਾਬ ਕਰ ਰਿਹਾ ਸੀ ਅਤੇ ਰੋਕਣ ’ਤੇ ਉਸ ਨੇ ਹਮਲਾ ਕਰ ਦਿਤਾ। ਟੋਰਾਂਟੋ ਵਿਖੇ ਵਾਪਰੀ ਵਾਰਦਾਤ ਮਗਰੋਂ ਪ੍ਰਵਾਸੀਆਂ ਦੀ ਸੁਰੱਖਿਆ ਦਾ ਮੁੱਦਾ ਮੁੜ ਭਖਦਾ ਮਹਿਸੂਸ ਹੋ ਰਿਹਾ ਹੈ।