ਭਾਰਤ ਨੇ ਕੈਨੇਡੀਅਨ ਦਾਲ ’ਤੇ ਲਾਈ 30 ਫ਼ੀ ਸਦੀ ਟੈਰਿਫ਼
ਕੈਨੇਡਾ ਤੋਂ ਜਾ ਰਹੀ ਛੋਲਿਆਂ ਦੀ ਦਾਲ ਉਤੇ ਭਾਰਤ ਨੇ 30 ਫੀ ਸਦੀ ਟੈਕਸ ਲਾ ਦਿਤਾ ਹੈ ਅਤੇ ਨਵੀਂ ਟੈਰਿਫ਼ 1 ਨਵੰਬਰ ਤੋਂ ਲਾਗੂ ਹੋਵੇਗੀ
ਟੋਰਾਂਟੋ : ਕੈਨੇਡਾ ਤੋਂ ਜਾ ਰਹੀ ਛੋਲਿਆਂ ਦੀ ਦਾਲ ਉਤੇ ਭਾਰਤ ਨੇ 30 ਫੀ ਸਦੀ ਟੈਕਸ ਲਾ ਦਿਤਾ ਹੈ ਅਤੇ ਨਵੀਂ ਟੈਰਿਫ਼ 1 ਨਵੰਬਰ ਤੋਂ ਲਾਗੂ ਹੋਵੇਗੀ। ਇਸ ਤੋਂ ਪਹਿਲਾਂ ਚਾਇਨਾ ਕੈਨੇਡੀਅਨ ਦਾਲਾਂ ਉਤੇ 100 ਫੀ ਸਦੀ ਟੈਰਿਫ਼ਸ ਲਾ ਚੁੱਕੀ ਹੈ ਜੋ ਇਲੈਕਟ੍ਰਿਕ ਗੱਡੀਆਂ ਉਤੇ 100 ਫੀ ਸਦੀ ਕੈਨੇਡੀਅਨ ਟੈਰਿਫ਼ਸ ਦੇ ਜਵਾਬ ਵਿਚ ਲਾਗੂ ਕੀਤੀਆਂ ਗਈਆਂ। ਸਸਕੈਚਵੇਨ ਦੇ ਖੇਤੀ ਮੰਤਰੀ ਡੈਰਿਲ ਹੈਰੀਸਨ ਵੱਲੋਂ ਫੈਡਰਲ ਸਰਕਾਰ ਨੂੰ ਇਸ ਮੁੱਦੇ ’ਤੇ ਤੁਰਤ ਭਾਰਤ ਨਾਲ ਗੱਲਬਾਤ ਕਰਨ ਦੀ ਅਪੀਲ ਕੀਤੀ ਗਈ ਹੈ।
1 ਨਵਬੰਰ ਤੋਂ ਲਾਗੂ ਹੋਵੇਗਾ ਨਵਾਂ ਟੈਕਸ
ਹੈਰੀਸਨ ਮੁਤਾਬਕ ਸਸਕੈਚਵੇਨ ਤੋਂ ਭਾਰਤ ਅਤੇ ਚੀਨ ਭੇਜੀ ਜਾਣ ਵਾਲੀ ਛੋਲਿਆਂ ਦੀ ਦਾਲ ਸੂਬੇ ਦੇ ਕੁਲ ਐਕਸਪੋਰਟ ਦਾ 71 ਫ਼ੀ ਸਦੀ ਬਣਦੀ ਹੈ ਅਤੇ ਨਵੀਆਂ ਟੈਰਿਫ਼ਸ ਸੂਬੇ ਦੇ ਕਿਸਾਨਾਂ ਵਾਸਤੇ ਨੁਕਸਾਨਦੇਹ ਸਾਬਤ ਹੋਣਗੀਆਂ। ਦੱਸ ਦੇਈਏ ਕਿ ਪਿਛਲੇ ਸਾਲ ਇਕੱਲੇ ਸਸਕੈਚਵਨ ਸੂਬੇ ਤੋਂ 480 ਮਿਲੀਅਨ ਡਾਲਰ ਮੁੱਲ ਦੀ ਛੋਲਿਆਂ ਦੀ ਦਾਲ ਭਾਰਤ ਭੇਜੀ ਗਈ। ਫ਼ਿਲਹਾਲ ਫੈਡਰਲ ਸਰਕਾਰ ਵੱਲੋਂ ਇਸ ਮੁੱਦੇ ’ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਪਰ ਦੋਹਾਂ ਮੁਲਕਾਂ ਦੇ ਰਿਸ਼ਤਿਆਂ ਨੂੰ ਲੀਹ ’ਤੇ ਲਿਆਉਣ ਦੇ ਯਤਨਾਂ ਨੂੰ ਇਹ ਫੈਸਲਾ ਵੱਡੀ ਢਾਹ ਲਾ ਸਕਦਾ ਹੈ।