ਟਰੰਪ ਨੇ ਟੈਕਸ ਲਾਇਆ ਤਾਂ ਅਮਰੀਕਾ ਦੀ ਸ਼ਰਾਬ ਬੰਦ : ਡਗ ਫ਼ੋਰਡ
ਫ਼ੋਰਡ ਵੱਲੋਂ ਐਲ.ਸੀ.ਬੀ.ਓ. ਪ੍ਰਬੰਧਕਾਂ ਨੂੰ ਸਾਫ਼ ਲਫ਼ਜ਼ਾਂ ਵਿਚ ਆਖ ਦਿਤਾ ਗਿਆ ਹੈ ਕਿ ਜੇ ਟਰੰਪ ਕੈਨੇਡੀਅਨ ਵਸਤਾਂ ’ਤੇ ਟੈਕਸ ਲਾਗੂ ਕਰਦੇ ਹਨ ਤਾਂ ਅਮਰੀਕਾ ਵਿਚ ਬਣੀ ਸ਼ਰਾਬ ਕਿਸੇ ਸਟੋਰ ਵਿਚ ਨਜ਼ਰ ਨਹੀਂ ਆਉਣੀ ਚਾਹੀਦੀ।
ਟੋਰਾਂਟੋ : ਉਨਟਾਰੀਓ ਦੇ ਪ੍ਰੀਮੀਅਰ ਡਗ ਫ਼ੋਰਡ ਵੱਲੋਂ ਐਲ.ਸੀ.ਬੀ.ਓ. ਪ੍ਰਬੰਧਕਾਂ ਨੂੰ ਸਾਫ਼ ਲਫ਼ਜ਼ਾਂ ਵਿਚ ਆਖ ਦਿਤਾ ਗਿਆ ਹੈ ਕਿ ਜੇ ਡੌਨਲਡ ਟਰੰਪ ਕੈਨੇਡੀਅਨ ਵਸਤਾਂ ’ਤੇ ਟੈਕਸ ਲਾਗੂ ਕਰਦੇ ਹਨ ਤਾਂ ਅਮਰੀਕਾ ਵਿਚ ਬਣੀ ਸ਼ਰਾਬ ਕਿਸੇ ਸਟੋਰ ਵਿਚ ਨਜ਼ਰ ਨਹੀਂ ਆਉਣੀ ਚਾਹੀਦੀ। ਰੂਰਲ ਉਨਟਾਰੀਓ ਮਿਊਂਸਪਲ ਐਸੋਸੀਏਸ਼ਨ ਦੀ ਸਾਲਾਨ ਜਨਰਲ ਮੀਟਿੰਗ ਦੌਰਾਨ ਡਗ ਫ਼ੋਰਡ ਵੱਲੋਂ ਸੂਬੇ ਵਿਚ ਬਣੀ ਸ਼ਰਾਬ ਨੂੰ ਤਰਜੀਹ ਦਿਤੇ ਜਾਣ ’ਤੇ ਜ਼ੋਰ ਦਿਤਾ ਗਿਆ। ਉਨ੍ਹਾਂ ਕਿਹਾ, ‘‘ਅਸੀਂ ਦੁਨੀਆਂ ਵਿਚ ਸ਼ਰਾਬ ਦੇ ਸਭ ਤੋਂ ਵੱਡੇ ਖਰੀਦਾਰ ਹਾਂ ਅਤੇ ਗੁਆਂਢੀਆਂ ’ਤੇ ਇਸ ਦਾ ਅਸਰ ਜ਼ਰੂਰ ਪਵੇਗਾ। ਕੈਨੇਡਾ ਦੇ ਸਾਰੇ ਪ੍ਰੀਮੀਅਰਜ਼ ਨਾਲ ਗੱਲਬਾਤ ਕਰਦਿਆਂ ਇਹ ਨੀਤੀ ਲਾਗੂ ਕਰਨ ਦਾ ਸੱਦਾ ਵੀ ਦਿਤਾ ਜਾਵੇਗਾ।’’
ਐਲ.ਸੀ.ਬੀ.ਓ. ਵਾਲਿਆਂ ਨੂੰ ਸਾਫ਼ ਲਫ਼ਜ਼ਾਂ ਵਿਚ ਦਿਤੀ ਹਦਾਇਤ
ਉਧਰ ਐਲ.ਸੀ.ਬੀ.ਓ. ਵੱਲੋਂ ਡਗ ਫੋਰਡ ਦੀਆਂ ਹਦਾੲਤਾਂ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ। ਇਥੇ ਦਸਣਾ ਬਣਦਾ ਹੈ ਕਿ ਕੈਨੇਡੀਅਨ ਵਸਤਾਂ ’ਤੇ 25 ਫੀ ਸਦੀ ਟੈਕਸ ਲੱਗਣ ਦੀ ਸੂਰਤ ਵਿਚ ਇਕੱਲੇ ਉਨਟਾਰੀਓ ਵਿਚੋਂ ਸਾਢੇ ਚਾਰ ਲੱਖ ਤੋਂ ਪੰਜ ਲੱਖ ਨੌਕਰੀਆਂ ਖਤਮ ਹੋ ਸਕਦੀਆਂ ਹਨ। ਡਗ ਫ਼ੋਰਡ ਨੇ ਅੱਗੇ ਕਿਹਾ ਕਿ ਜੇ ਅਰਬਾਂ ਡਾਲਰ ਖਰਚ ਕਰਨ ਦੀ ਨੌਬਤ ਆਉਂਦੀ ਹੈ ਤਾਂ ਲੋਕਾਂ ਨੂੰ ਫੈਸਲਾ ਕਰਨ ਦਾ ਹੱਕ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਪੈਸੇ ਦੀ ਵਰਤੋਂ ਕਿਸ ਤਰੀਕੇ ਨਾਲ ਕੀਤੀ ਜਾਵੇ। ਅੰਤ ਵਿਚ ਉਨਟਾਰੀਓ ਦੇ ਪ੍ਰੀਮੀਅਰ ਇਹ ਵੀ ਕਹਿ ਗਏ ਕਿ ਫਿਲਹਾਲ ਯਕੀਨੀ ਤੌਰ ’ਤੇ ਕੁਝ ਵੀ ਕਹਿਣਾ ਮੁਸ਼ਕਲ ਹੈ ਅਤੇ ਭਵਿੱਖ ਵਿਚ ਟੈਕਸ ਦਰਾਂ ਲੱਗਣ ਤੋਂ ਬਾਅਦ ਹੀ ਠੋਸ ਗੱਲ ਕੀਤੀ ਜਾ ਸਕਦੀ ਹੈ।