ਕੈਨੇਡਾ ਵਿਚ ਕਤਲ ਦੀਆਂ ਵਾਰਦਾਤਾਂ 14 ਫੀ ਸਦੀ ਘਟੀਆਂ

ਕੈਨੇਡਾ ਵਿਚ 2019 ਮਗਰੋਂ ਪਹਿਲੀ ਵਾਰ ਕਤਲ ਦੀਆਂ ਵਾਰਦਾਤਾਂ ਵਿਚ 14 ਫੀ ਸਦੀ ਕਮੀ ਆਈ ਹੈ।;

Update: 2024-12-14 10:47 GMT

ਟੋਰਾਂਟੋ : ਕੈਨੇਡਾ ਵਿਚ 2019 ਮਗਰੋਂ ਪਹਿਲੀ ਵਾਰ ਕਤਲ ਦੀਆਂ ਵਾਰਦਾਤਾਂ ਵਿਚ 14 ਫੀ ਸਦੀ ਕਮੀ ਆਈ ਹੈ। ਮੁਲਕ ਦੇ ਵੱਡੇ ਸ਼ਹਿਰਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਵੈਨਕੂਵਰ ਵਿਖੇ ਸਾਲਾਨਾ ਆਧਾਰ ’ਤੇ ਕਤਲ ਦੀਆਂ ਵਾਰਦਾਤਾਂ 37 ਫੀ ਸਦੀ ਘਟੀਆਂ ਜਦਕਿ ਮੌਂਟਰੀਅਲ ਵਿਖੇ 21 ਫੀ ਸਦੀ ਕਮੀ ਦਰਜ ਕੀਤੀ ਗਈ। ਕੌਮੀ ਪੱਧਰ ’ਤੇ ਆਈ ਕਮੀ ਦੇ ਬਾਵਜੂਦ ਨਿਊਫ਼ਾਊਂਡਲੈਂਡ ਐਂਡ ਲੈਬਰਾਡੌਰ ਅਤੇ ਪ੍ਰਿੰਸ ਐਡਵਰਡ ਆਇਲੈਂਡ ਵਿਖੇ ਕਤਲ ਦੀਆਂ ਵਾਰਦਾਤਾਂ ਵਿਚ ਵਾਧਾ ਹੋਇਆ ਹੈ। ਸ਼ਹਿਰਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਸਭ ਤੋਂ ਉਚੀ ਕਤਲ ਦਰ ਉਨਟਾਰੀਓ ਦੇ ਥੰਡਰ ਬੇਅ ਵਿਖੇ ਦਰਜ ਕੀਤੀ ਗਈ ਜਿਥੇ ਵਾਰਦਾਤਾਂ ਵਿਚ 54 ਫ਼ੀ ਸਦੀ ਕਮੀ ਆਉਣ ਦੇ ਬਾਵਜੂਦ ਇਕ ਲੱਖ ਦੀ ਆਬਾਦੀ ਪਿੱਛੇ 2023 ਦੌਰਾਨ 5.39 ਲੋਕਾਂ ਦੀ ਹੱਤਿਆ ਕੀਤੀ ਗਈ। ਵਿੰਨੀਪੈਗ ਵਿਖੇ ਕਤਲ ਦਰ ਇਕ ਲੱਖ ਪਿੱਛੇ 5 ਰਹੀ ਜਦਕਿ ਬੀ.ਸੀ. ਦੇ ਚਿਲੀਵੈਕ ਵਿਖੇ ਅੰਕੜਾ 4.77 ਦਰਜ ਕੀਤਾ ਗਿਆ।

ਵੈਨਕੂਵਰ ਵਿਚ 37 ਫ਼ੀ ਸਦੀ ਅਤੇ ਮੌਂਟਰੀਅਲ ਵਿਚ 21 ਫ਼ੀ ਸਦੀ ਕਮੀ ਆਈ

ਦੂਜੇ ਪਾਸੇ ਕੌਮੀ ਪੱਧਰ ਤੇ ਹੋਏ 25 ਫੀ ਸਦੀ ਕਤਲ ਗਿਰੋਹਾਂ ਨਾਲ ਸਬੰਧਤ ਰਹੇ ਅਤੇ 173 ਜਣੇ ਗਿਰੋਹਾਂ ਦਾ ਨਿਸ਼ਾਨਾ ਬਣੇ। ਸੀ.ਟੀ.ਵੀ. ਵੱਲੋਂ ਪ੍ਰਕਾਸ਼ਤ 2023 ਦੇ ਅੰਕੜਿਆਂ ਮੁਤਾਬਕ ਪਿਛਲੇ ਸਾਲ 778 ਜਣਿਆਂ ਦਾ ਕਤਲ ਹੋਇਆ ਅਤੇ ਇਕ ਲੱਖ ਦੀ ਆਬਾਦੀ ਪਿੱਛੇ ਕਤਲ ਦਰ 1.94 ਦਰਜ ਕੀਤੀ ਗਈ। ਕੌਮੀ ਔਸਤ ਦੇ ਮੁਕਾਬਲੇ ਉਨਟਾਰੀਓ, ਨੋਵਾ ਸਕੋਸ਼ੀਆ ਅਤੇ ਕਿਊਬੈਕ ਵਿਚ ਕਤਲਾਂ ਦੀ ਦਰ ਹੋਰ ਵੀ ਘੱਟ ਹੈ ਪਰ ਬੀ.ਸੀ., ਐਲਬਰਟਾ, ਸਸਕੈਚਵਨ ਅਤੇ ਮੈਨੀਟੋਬਾ ਵਿਚ ਅੰਕੜਾ ਕੌਮੀ ਔਸਤ ਤੋਂ ਵੱਧ ਦਰਜ ਕੀਤਾ ਗਿਆ। ਪਾਰਟਨਰਜ਼ ਵੱਲੋਂ ਕੀਤੇ ਕਤਲਾਂ ਦਾ ਜ਼ਿਕਰ ਕੀਤਾ ਜਾਵੇ ਤਾਂ 2022 ਵਿਚ 103 ਜਾਨਾ ਗਈਆਂ ਜਦਕਿ 2023 ਵਿਚ ਇਹ ਅੰਕੜਾ ਘਟ ਕੇ 67 ’ਤੇ ਆ ਗਿਆ।

ਥੰਡਰ ਬੇਅ ਵਿਖੇ 54 ਫੀ ਸਦੀ ਕਮੀ ਦੇ ਬਾਵਜੂਦ ਕਤਲ ਦਰ ਸਭ ਤੋਂ ਉਚੀ

ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਮੁਲਕ ਵਿਚ 2023 ਦੌਰਾਨ ਕਤਲ ਕੀਤੇ ਲੋਕਾਂ ਵਿਚੋਂ 235 ਨਸਲੀ ਵਿਤਕਰੇ ਦਾ ਸ਼ਿਕਾਰ ਤਬਕਿਆਂ ਨਾਲ ਸਬੰਧਤ ਸਨ ਜਿਨ੍ਹਾਂ ਵਿਚੋਂ 39 ਫੀ ਸਦੀ ਕਾਲੇ ਅਤੇ 20 ਫ਼ੀ ਸਦੀ ਸਾਊਥ ਏਸ਼ੀਅਨ ਰਹੇ। ਮੂਲ ਬਾਸ਼ਿੰਦਿਆਂ ਦੇ ਮਾਮਲੇ ਵਿਚ ਅੰਕੜੇ ਹੋਰ ਵੀ ਡੂੰਘੀਆਂ ਚਿੰਤਾਵਾਂ ਪੈਦਾ ਕਰਦੇ ਹਨ ਕਿਉਂਕਿ ਕੈਨੇਡਾ ਦੀ ਕੁਲ ਆਬਾਦੀ ਦਾ ਸਿਰਫ਼ 5 ਫੀ ਸਦੀ ਹਿੱਸਾ ਹੋਣ ਦੇ ਬਾਵਜੂਦ ਕਤਲ ਕੀਤੇ ਲੋਕਾਂ ਵਿਚੋਂ 25 ਫੀ ਸਦੀ ਗਿਣਤੀ ਮੂਲ ਬਾਸ਼ਿੰਦਿਆਂ ਨਾਲ ਸਬੰਧਤ ਰਹੀ।

Tags:    

Similar News