ਕੌਮਾਂਤਰੀ ਵਿਦਿਆਰਥੀਆਂ ’ਤੇ ਹੋਰ ਸਖ਼ਤ ਹੋਈ ਕੈਨੇਡਾ ਸਰਕਾਰ
ਸਟੱਡੀ ਵੀਜ਼ਾ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਵਾਲੇ ਕੌਮਾਂਤਰੀ ਵਿਦਿਆਰਥੀਆਂ ਦੀ ਕੁਵਖਤੀ ਆਉਣ ਵਾਲੀ ਹੈ ਅਤੇ ਗੁਜ਼ਾਰਾ ਕਰਨਾ ਹੋਰ ਔਖਾ ਜਾਵੇਗਾ।;
ਟੋਰਾਂਟੋ : ਸਟੱਡੀ ਵੀਜ਼ਾ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਵਾਲੇ ਕੌਮਾਂਤਰੀ ਵਿਦਿਆਰਥੀਆਂ ਦੀ ਕੁਵਖਤੀ ਆਉਣ ਵਾਲੀ ਹੈ ਅਤੇ ਗੁਜ਼ਾਰਾ ਕਰਨਾ ਹੋਰ ਔਖਾ ਜਾਵੇਗਾ। ਜੀ ਹਾਂ, ਕੈਨੇਡਾ ਸਰਕਾਰ ਵੱਲੋਂ ਤੈਅਸ਼ੁਦਾ ਹੱਦ ਤੋਂ ਵੱਧ ਸਮਾਂ ਕੰਮ ਵਾਲੇ ਵਿਦਿਆਰਥੀਆਂ ’ਤੇ ਛਾਪੇ ਮਾਰਨ ਦੀ ਤਿਆਰ ਕੀਤੀ ਜਾ ਰਹੀ ਹੈ ਅਤੇ ਫੜੇ ਜਾਣ ਵਾਲੇ ਵਿਦਿਆਰਥੀਆਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ। ਇੰਮੀਗ੍ਰੇਸ਼ਨ ਵਿਭਾਗ ਵੱਲੋਂ ਭਾਵੇਂ ਕੌਮਾਂਤਰੀ ਵਿਦਿਆਰਥੀਆਂ ਨੂੰ ਹਫਤੇ ਵਿਚ 20 ਘੰਟੇ ਦੀ ਬਜਾਏ 24 ਘੰਟੇ ਕੰਮ ਕਰਨ ਦੀ ਇਜਾਜ਼ਤ ਦਿਤੀ ਜਾ ਰਹੀ ਹੈ ਪਰ ਪੰਜਾਬੀ ਵਿਦਿਆਰਥੀਆਂ ਲਈ ਇਹ ਸਮਾਂ ਹੱਦ ਨਾਕਾਫੀ ਸਾਬਤ ਹੋਵੇਗੀ। ਸਟੈਟਕੈਨ ਦੇ ਅੰਕੜਿਆਂ ਮੁਤਬਕ ਜੂਨ ਮਹੀਨੇ ਦੌਰਾਨ ਮੁਲਕ ਵਿਚ ਬੇਰੁਜ਼ਗਾਰ ਲੋਕਾਂ ਦੀ ਗਿਣਤੀ 14 ਲੱਖ ਤੋਂ ਟੱਪ ਗਈ ਅਤੇ ਇਸ ਵਿਚ ਮਈ ਮਹੀਨੇ ਦੇ ਮੁਕਾਬਲੇ 42 ਹਜ਼ਾਰ ਦਾ ਵਾਧਾ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਕੌਮਾਂਤਰੀ ਵਿਦਿਆਰਥੀਆਂ ਵੱਲੋਂ ਤੈਅਸ਼ੁਦਾ ਹੱਦ ਤੋਂ ਜ਼ਿਆਦਾ ਕੰਮ ਕਰਨ ਦੇ ਸਿੱਟੇ ਵਜੋਂ ਬੇਰੁਜ਼ਗਾਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ।
ਹਫਤੇ ਵਿਚ 24 ਘੰਟੇ ਤੋਂ ਵੱਧ ਕੰਮ ਕਰਨ ਵਾਲਿਆਂ ’ਤੇ ਵੱਜਣਗੇ ਛਾਪੇ
ਦੂਜੇ ਪਾਸੇ ਨਵੇਂ ਆਉਣ ਵਾਲੇ ਪ੍ਰਵਾਸੀਆਂ ਨੂੰ ਕੰਮ ਵਾਸਤੇ ਜੂਝਣਾ ਪੈ ਰਿਹਾ ਹੈ ਪਰ ਕੌਮਾਂਤਰੀ ਵਿਦਿਆਰਥੀਆਂ ਵੱਲੋਂ ਘੱਟ ਉਜਰਤ ਦਰਾਂ ’ਤੇ ਕੰਮ ਕਰਨ ਦਾ ਰੁਝਾਨ ਰੁਜ਼ਗਾਰ ਦੇ ਰਾਹ ਵਿਚ ਅੜਿੱਕਾ ਬਣ ਰਿਹਾ ਹੈ। ਸਭ ਤੋਂ ਜ਼ਿਆਦਾ ਪ੍ਰਭਾਵਤ ਹੋਣ ਵਾਲੇ ਵੀ ਭਾਰਤੀ ਹਨ ਜੋ ਕੈਨੇਡਾ ਦੀ ਪੀ.ਆਰ. ਲੈਣ ਵਾਲਿਆਂ ਵਿਚ ਸਭ ਤੋਂ ਅੱਗੇ ਚੱਲ ਰਹੇ ਹਨ। 2023 ਵਿਚ ਕੈਨੇਡਾ ਨੂੰ 471,810 ਨਵੇਂ ਪਰਮਾਨੈਂਟ ਰੈਜ਼ੀਡੈਂਟ ਮਿਲੇ ਅਤੇ ਇਨ੍ਹਾਂ ਵਿਚੋਂ 139,785 ਭਾਰਤੀ ਸਨ। ਭਾਵੇਂ ਇਨ੍ਹਾਂ ਵਿਚੋਂ ਵੱਡੀ ਗਿਣਤੀ ਪਹਿਲਾਂ ਹੀ ਕੈਨੇਡਾ ਦੀ ਧਰਤੀ ’ਤੇ ਮੌਜੂਦ ਸਨ ਪਰ ਭਾਰਤ ਤੋਂ ਆਉਣ ਵਾਲਿਆਂ ਨੂੰ ਕੰਮ ਦੀ ਭਾਲ ਵਿਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਮੀਗ੍ਰੇਸ਼ਨ ਵਿਭਾਗ ਦੇ ਅੰਕੜਿਆਂ ਮੁਤਾਬਕ 2019 ਮਗਰੋਂ ਕੈਨੇਡੀਅਨ ਪੀ.ਆਰ. ਹਾਸਲ ਕਰਨ ਵਾਲੇ 18 ਲੱਖ 41 ਹਜ਼ਾਰ ਪ੍ਰਵਾਸੀਆਂ ਵਿਚੋਂ 5 ਲੱਖ 14 ਹਜ਼ਾਰ ਭਾਰਤੀ ਰਹੇ। ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਕੈਨੇਡਾ ਵਿਚ ਪ੍ਰਵਾਸੀਆਂ ਨੂੰ 10 ਸਾਲ ਦੇ ਸਭ ਤੋਂ ਵੱਡੇ ਰੁਜ਼ਗਾਰ ਸੰਕਟ ਦਾ ਟਾਕਰਾ ਕਰਨਾ ਪੈ ਰਿਹਾ ਹੈ।
ਫੜੇ ਜਾਣ ’ਤੇ ਡਿਪੋਰਟ ਕਰ ਸਕਦੈ ਇੰਮੀਗ੍ਰੇਸ਼ਨ ਵਿਭਾਗ
ਪਿਛਲੇ ਪੰਜ ਸਾਲ ਦੌਰਾਨ ਕੈਨੇਡਾ ਪੁੱਜੇ ਪ੍ਰਵਾਸੀਆਂ ਵਿਚ ਬੇਰੁਜ਼ਗਾਰੀ ਦਰ 12.6 ਫੀ ਸਦੀ ਤੱਕ ਪੁੱਜ ਚੁੱਕੀ ਹੈ ਜਦਕਿ ਕੌਮੀ ਔਸਤ 6.4 ਫੀ ਸਦੀ ਦਰਜ ਕੀਤੀ ਗਈ। 15 ਸਾਲ ਤੋਂ 24 ਸਾਲ ਉਮਰ ਵਰਗ ਵਾਲਿਆਂ ਵਿਚ ਬੇਰੁਜ਼ਗਾਰੀ ਦਰ 13.5 ਫੀ ਸਦੀ ਚੱਲ ਰਹੀ ਹੈ ਅਤੇ ਇਸ ਵੱਡਾ ਕਾਰਨ ਉਚੀਆਂ ਵਿਆਜ ਦਰਾਂ ਨੂੰ ਵੀ ਮੰਨਿਆ ਜਾ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਵੱਲੋਂ ਪਿਛਲੇ ਦਿਨੀਂ ਇਕ ਨਵਾਂ ਕਾਨੂੰਨ ਲਿਆਉਣ ਦਾ ਐਲਾਨ ਕੀਤਾ ਗਿਆ ਜਿਸ ਰਾਹੀਂ ਵਿਦਿਆਰਥੀਆਂ ਅਤੇ ਵਿਦਿਅਕ ਸੰਸਥਾਵਾਂ ਦੋਹਾਂ ਦੀ ਨਕੇਲ ਕਸੀ ਜਾਵੇਗੀ। ਵਿਦਿਆਰਥੀਆਂ ਵੱਲੋਂ ਲਗਾਤਾਰ ਕਲਾਸਾਂ ਵਿਚ ਸ਼ਾਮਲ ਹੋਣ ਅਤੇ ਸਟੱਡੀ ਵੀਜ਼ਾ ਸ਼ਰਤਾਂ ਦੀ ਪਾਲਣਾ ਕਰਨ ਬਾਰੇ ਸਬੰਧਤ ਕਾਲਜ ਜਾਂ ਯੂਨੀਵਰਸਿਟੀ ਵੱਲੋਂ ਇੰਮੀਗ੍ਰੇਸ਼ਨ ਵਿਭਾਗ ਨੂੰ ਰਿਪੋਰਟ ਦੇਣੀ ਹੋਵੇਗੀ। ਸੂਤਰਾਂ ਨੇ ਦੱਸਿਆ ਕਿ ਕੈਨੇਡਾ ਵਿਚ ਦਾਖਲ ਹੋਣ ਮਗਰੋਂ ਕੌਮਾਂਤਰੀ ਵਿਦਿਆਰਥੀਆਂ ਦੀ ਹਰ ਸਰਗਰਮੀ ਨਿਗਰਾਨੀ ਹੇਠ ਆ ਸਕਦੀ ਹੈ ਅਤੇ ਸ਼ਰਤਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ 12 ਮਹੀਨੇ ਤੱਕ ਮੁਅੱਤਲ ਕੀਤਾ ਜਾ ਸਕਦਾ ਹੈ। ਮੁਅੱਤਲ ਹੋਣ ਵਾਲਾ ਵਿਦਿਆਰਥੀ ਜਿਹੜੇ ਵਿਦਿਅਕ ਅਦਾਰੇ ਵਿਚ ਪੜ੍ਹ ਰਿਹਾ ਹੋਵੇਗਾ, ਉਸ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ। ਫੈਡਰਲ ਸਰਕਾਰ ਦਾ ਮੰਨਣਾ ਹੈ ਕਿ ਇਸ ਪ੍ਰਕਿਰਿਆ ’ਤੇ 87 ਮਿਲੀਅਨ ਡਾਲਰ ਖਰਚ ਹੋ ਸਕਦੇ ਹਨ।