ਕੈਨੇਡਾ ਵਿਚ ਆਰਜ਼ੀ ਵਿਦੇਸ਼ੀ ਕਾਮਿਆਂ ਦਾ ਆਇਆ ਹੜ੍ਹ

ਕੈਨੇਡਾ ਵਿਚ ਆਰਜ਼ੀ ਵਿਦੇਸ਼ੀ ਕਾਮਿਆਂ ਦਾ ਹੜ੍ਹ ਆਉਂਦਾ ਮਹਿਸੂਸ ਹੋ ਰਿਹਾ ਹੈ ਅਤੇ ਫਾਸਟ ਫੂਡ ਤੋਂ ਲੈ ਕੇ ਕੰਸਟ੍ਰਕਸ਼ਨ ਸੈਕਟਰ ਵਾਲੇ ਧੜਾ-ਧੜ ਵਿਦੇਸ਼ੀ ਕਾਮਿਆਂ ਦੀ ਭਰਤੀ ਕਰ ਰਹੇ ਹਨ।

Update: 2024-06-24 12:24 GMT

ਟੋਰਾਂਟੋ : ਕੈਨੇਡਾ ਵਿਚ ਆਰਜ਼ੀ ਵਿਦੇਸ਼ੀ ਕਾਮਿਆਂ ਦਾ ਹੜ੍ਹ ਆਉਂਦਾ ਮਹਿਸੂਸ ਹੋ ਰਿਹਾ ਹੈ ਅਤੇ ਫਾਸਟ ਫੂਡ ਤੋਂ ਲੈ ਕੇ ਕੰਸਟ੍ਰਕਸ਼ਨ ਸੈਕਟਰ ਵਾਲੇ ਧੜਾ-ਧੜ ਵਿਦੇਸ਼ੀ ਕਾਮਿਆਂ ਦੀ ਭਰਤੀ ਕਰ ਰਹੇ ਹਨ। ਨਵੇਂ ਨਿਯਮ ਲਾਗੂ ਹੋਣ ਮਗਰੋਂ ਇੰਪਲੌਇਰਜ਼ ਵਾਸਤੇ ਵਿਦੇਸ਼ੀ ਕਾਮਿਆਂ ਦੀ ਭਰਤੀ ਹੋਰ ਸੁਖਾਲੀ ਹੋ ਗਈ ਹੈ ਅਤੇ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ ਸਾਲ 2 ਲੱਖ 40 ਹਜ਼ਾਰ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਭਰਤੀ ਹੋਈ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ 2018 ਵਿਚ ਇਕ ਲੱਖ 9 ਹਜ਼ਾਰ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਵਰਕ ਪਰਮਿਟ ਜੋ ਇਸ ਵੇਲੇ ਢਾਈ ਗੁਣਾ ਤੋਂ ਜ਼ਿਆਦਾ ਵਧ ਚੁੱਕੇ ਹਨ। ਮਹਾਂਮਾਰੀ ਮਗਰੋਂ ਕਿਰਤੀਆਂ ਦੀ ਕਿੱਲਤ ਦੂਰ ਕਰਨ ਲਈ ਫੈਡਰਲ ਸਰਕਾਰ ਵੱਲੋਂ ਨਿਯਮਾਂ ਵਿਚ ਢਿੱਲ ਦਿਤੀ ਗਈ ਅਤੇ ਕੁਝ ਆਰਥਿਕ ਮਾਹਰਾਂ ਨੇ ਇਸ ਕਦਮ ਦਾ ਵਿਰੋਧ ਵੀ ਕੀਤਾ ਪਰ ਸਮੇਂ ਦੇ ਨਾਲ ਕੁਝ ਖੇਤਰਾਂ ਵਿਚ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਭਰਮਾਰ ਹੋ ਗਈ। ਯੂਨੀਵਰਸਿਟੀ ਆਫ ਵਾਟਰਲੂ ਦੇ ਪ੍ਰੋਫੈਸੋਰ ਮੀਕਲ ਸਕਰਡ ਨੇ ਦੱਸਿਆ ਕਿ ਮੁਢਲੇ ਤੌਰ ’ਤੇ ਕਿਰਤੀਆਂ ਦੀ ਕਿੱਲਤ ਦੂਰ ਕਰਨ ਵਾਸਤੇ ਦਿੱਤੀ ਢਿੱਲ ਦਾ ਉਦਯੋਗਾਂ ਨੇ ਫਾਇਦਾ ਉਠਾਇਆ।

2 ਲੱਖ 40 ਹਜ਼ਾਰ ਕਾਮਿਆਂ ਨੂੰ ਐਲ.ਐਮ.ਆਈ.ਏ. ਰਾਹੀਂ ਸੱਦਿਆ

ਮਿਸਾਲ ਵਜੋਂ ਪ੍ਰਸ਼ਾਸਕੀ ਸਹਾਇਕ ਦੀਆਂ ਆਸਾਮੀਆਂ ਵਾਸਤੇ 2018 ਵਿਚ ਸਿਰਫ 287 ਆਰਜ਼ੀ ਵਿਦੇਸ਼ੀ ਕਾਮੇ ਭਰਤੀ ਕੀਤੇ ਗਏ ਪਰ 2023 ਵਿਚ ਇਹ ਅੰਕੜਾ ਸਾਢੇ ਤਿੰਨ ਹਜ਼ਾਰ ਤੱਕ ਪੁੱਜ ਗਿਆ। ਇਸ ਤੋਂ ਇਲਾਵਾ ਲਾਈਟ ਡਿਊਟੀ ਕਲੀਨਰਾਂ ਦੀ ਗਿਣਤੀ 201 ਤੋਂ ਵਧ ਕੇ ਤਿੰਨ ਹਜ਼ਾਰ ਤੋਂ ਟੱਪ ਗਈ। ਆਰਜ਼ੀ ਵਿਦੇਸ਼ੀ ਕਾਮਿਆਂ ਦੀ ਸਭ ਤੋਂ ਜ਼ਿਆਦਾ ਮੰਗ ਫਾਸਟ ਫੂਡ ਚੇਨਜ਼ ਵਿਚ ਦੇਖਣ ਨੂੰ ਮਿਲ ਰਹੀ ਹੈ ਜਦਕਿ ਖੇਤੀ ਖੇਤਰ ਵੀ ਇਨ੍ਹਾਂ ਕਾਮਿਆਂ ਦੀ ਭਾਲ ਵਿਚ ਰਹਿੰਦਾ ਹੈ। ਫੂਡ ਕਾਊਂਟਰ ਅਟੈਂਡੈਂਟ ਦੀ ਨੌਕਰੀ ਵਾਸਤੇ 2018 ਵਿਚ ਸਿਰਫ 170 ਆਰਜ਼ੀ ਵਿਦੇਸ਼ੀ ਕਾਮਿਆਂ ਦੀ ਭਰਤੀ ਹੋਈ ਪਰ 2023 ਤੱਕ ਇਹ ਅੰਕੜਾ ਸਾਢੇ ਅੱਠ ਹਜ਼ਾਰ ਤੱਕ ਪੁੱਜ ਗਿਆ। ਹੈਰਾਨੀ ਇਸ ਗੱਲ ਦੀ ਹੈ ਕਿ ਆਰਜ਼ੀ ਵਿਦੇਸ਼ੀ ਕਾਮਿਆਂ ਨਾਲ ਵਿਤਕਰਾ ਕਰਨ ਦੇ ਦੋਸ਼ ਹੇਠ ਕਿਸੇ ਵੇਲੇ ਫੂਡ ਸਰਵਿਸ ਸੈਕਟਰ ’ਤੇ ਵਿਦੇਸ਼ੀ ਕਾਮਿਆਂ ਦੀ ਭਰਤੀ ਕਰਨ ਦੀ ਪਾਬੰਦੀ ਲਾਉਣ ਦੀ ਮੰਗ ਉਠੀ ਸੀ ਪਰ ਸਮਾਂ ਬਦਲਿਆ ਅਤੇ ਇਸ ਵੇਲੇ ਸਭ ਤੋਂ ਵੱਧ ਆਰਜ਼ੀ ਵਿਦੇਸ਼ੀ ਕਾਮੇ ਫੂਡ ਸਰਵਿਸ ਸੈਕਟਰ ਵਿਚ ਕੰਮ ਕਰ ਰਹੇ ਹਨ। ਇਥੇ ਦਸਣਾ ਬਣਦਾ ਹੈ ਕਿ ਮਹਾਂਮਾਰੀ ਦੌਰਾਨ ਫੂਡ ਸਰਵਿਸ ਸੈਕਟਰ ਨੂੰ ਵੱਡਾ ਨੁਕਸਾਨ ਬਰਦਾਸ਼ਤ ਕਰਨਾ ਪਿਆ ਅਤੇ ਘੱਟ ਤਨਖਾਹਾਂ ’ਤੇ ਨੌਕਰੀ ਕਰ ਰਹੇ ਕਾਮੇ ਇਧਰ-ਉਧਰ ਹੋ ਗਏ। ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਇਕ ਇੰਪਲੌਇਰ ਨਾਲ ਬੰਨ੍ਹ ਕੇ ਰੱਖਣ ਦਾ ਨਿਯਮ ਹੁਣ ਹਟਾਇਆ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਦੌਰਾਨ ਇਸ ਦੇ ਸਿੱਟੇ ਵੀ ਸਾਹਮਣੇ ਆਉਣਗੇ ਪਰ ਇੰਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਕੁਝ ਖਾਸ ਖੇਤਰਾਂ ਵਿਚ ਵਿਦੇਸ਼ੀ ਕਾਮਿਆਂ ਦੀ ਆਮਦ ਵਿਚ ਵਾਧਾ ਬਰਕਰਾਰ ਰਹੇਗਾ। ਕੇ.ਐਫ.ਸੀ. ਅਤੇ ਪਿਜ਼ਾ ਹਟ ਵਰਗੀਆਂ ਨਾਮੀ ਫੂਡ ਚੇਨਜ਼ ਵੀ ਵੱਡੇ ਸ਼ਹਿਰਾਂ ਤੋਂ ਦੂਰ ਆਪਣਾ ਕਾਰੋਬਾਰ ਚਲਾਉਣ ਲਈ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਤਰੀਹ ਦੇ ਰਹੀਆਂ ਹਨ। 

Tags:    

Similar News