ਕੈਨੇਡਾ ਦੇ 2 ਰਾਜਾਂ ਵਿਚ ਪੰਜ ਜਣਿਆਂ ਦਾ ਕਤਲ

ਕੈਨੇਡਾ ਦੇ ਐਲਬਰਟਾ ਸੂਬੇ ਵਿਚ ਤੀਹਰਾ ਕਤਲਕਾਂਡ ਅਤੇ ਉਨਟਾਰੀਓ ਵਿਚ ਦੂਹਰਾ ਕਤਲਕਾਂਡ ਸਾਹਮਣੇ ਆਇਆ ਹੈ।

Update: 2024-09-13 11:57 GMT

ਐਡਮਿੰਟਨ : ਕੈਨੇਡਾ ਦੇ ਐਲਬਰਟਾ ਸੂਬੇ ਵਿਚ ਤੀਹਰਾ ਕਤਲਕਾਂਡ ਅਤੇ ਉਨਟਾਰੀਓ ਵਿਚ ਦੂਹਰਾ ਕਤਲਕਾਂਡ ਸਾਹਮਣੇ ਆਇਆ ਹੈ। ਐਡਮਿੰਟਨ ਤੋਂ 250 ਕਿਲੋਮੀਟਰ ਪੂਰਬ ਵੱਲ ਸਥਿਤ ਲੌਇਡਮਿੰਸਟਰ ਕਸਬੇ ਦੇ ਇਕ ਘਰ ਵਿਚੋਂ ਤਿੰਨ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਜਦਕਿ ਉਨਟਾਰੀਓ ਦੇ ਕਿੰਗਸਟਨ ਵਿਖੇ ਛੁਰੇਬਾਜ਼ੀ ਦੌਰਾਨ ਦੋ ਜਣਿਆਂ ਦੀ ਹੱਤਿਆ ਕਰ ਦਿਤੀ ਗਈ ਅਤੇ ਇਕ ਹੋਰ ਗੰਭੀਰ ਜ਼ਖਮੀ ਹੋ ਗਿਆ। ਲੌਇਡਮਿੰਸਟਰ ਵਿਖੇ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਉਣ ਮਗਰੋਂ ਇੰਸਪੈਕਟਰ ਬ੍ਰਾਇਨ ਨਿਕੋਲ ਨੇ ਦੱਸਿਆ ਕਿ ਸੋਚੀ ਸਮਝੀ ਸਾਜ਼ਿਸ਼ ਤਹਿਤ ਕਤਲ ਕੀਤੇ ਗਏ ਅਤੇ ਇਹ ਵਾਰਦਾਤ ਆਮ ਲੋਕਾਂ ਦੀ ਸੁਰੱਖਿਆ ਵਾਸਤੇ ਕੋਈ ਖਤਰਾ ਪੈਦਾ ਨਹੀਂ ਕਰਦੀ।

ਐਲਬਰਟਾ ਵਿਚ ਤੀਹਰਾ ਕਤਲਕਾਂਡ ਆਇਆ ਸਾਹਮਣੇ

ਪੁਲਿਸ ਵੱਲੋਂ ਸ਼ੱਕੀਆਂ ਦੀ ਗਿਣਤੀ ਬਾਰੇ ਫਿਲਹਾਲ ਕੋਈ ਜ਼ਿਕਰ ਨਹੀਂ ਕੀਤਾ ਗਿਆ। ਵੀਰਵਾਰ ਬਾਅਦ ਦੁਪਹਿਰ ਇਲਾਕੇ ਵਿਚ ਪੁਲਿਸ ਹੀ ਪੁਲਿਸ ਨਜ਼ਰ ਆ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਘਰ ਵਿਚ ਇਕ ਸ਼ਖਸ ਆਪਣੇ ਦੋ ਬਾਲਗ ਮੁੰਡਿਆਂ ਨਾਲ ਰਹਿੰਦਾ ਸੀ। ਇਸ ਤੋਂ ਜ਼ਿਆਦਾ ਜਾਣਕਾਰੀ ਪੁਲਿਸ ਵੱਲੋਂ ਨਹੀਂ ਦਿਤੀ ਗਈ। ਗੁਆਂਢ ਵਿਚ ਰਹਿੰਦੇ ਜੌਨ ਪੌਲ ਦਾ ਕਹਿਣਾ ਸੀ ਕਿ ਉਸ ਨੇ ਪੁਲਿਸ ਦੀਆਂ ਅੱਠ ਗੱਡੀਆਂ ਦੇਖੀਆਂ ਤਾਂ ਘਰ ਦੇ ਮਾਲਕ ਨੂੰ ਮੈਸੇਜ ਕੀਤਾ ਪਰ ਕੋਈ ਜਵਾਬ ਨਾ ਆਇਆ ਤਾਂ ਉਹ ਸਮਝ ਗਿਆ ਕਿ ਕੁਝ ਗੜਬੜ ਹੈ। ਇਸੇ ਦੌਰਾਨ ਇੰਸਪੈਕਟਰ ਨਿਕੋਲ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਹੀ ਵਧੇਰੇ ਜਾਣਕਾਰੀ ਜਨਤਕ ਕੀਤੀ ਜਾਵੇਗੀ।

ਉਨਟਾਰੀਓ ਵਿਚ ਦੋ ਜਣਿਆਂ ਦੀ ਛੁਰੇ ਮਾਰ ਕੇ ਹੱਤਿਆ

ਦੂਜੇ ਪਾਸੇ ਉਨਟਾਰੀਓ ਦੇ ਕਿੰਗਸਟਨ ਵਿਖੇ ਨਸ਼ਾ ਕਰਨ ਦੀ ਸੁਰੱਖਿਅਤ ਜਗ੍ਹਾ ਨੇੜੇ ਛੁਰੇਬਾਜ਼ੀ ਦੌਰਾਨ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਇਕ ਨੂੰ ਨਾਜ਼ੁਕ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਕਿੰਗਸਟਨ ਪੁਲਿਸ ਦੇ ਕਾਂਸਟੇਬਲ ਐਂਥਨੀ ਕੋਲੈਂਜਲੀ ਨੇ ਦੱਸਿਆ ਕਿ ਕਈ ਥਾਵਾਂ ’ਤੇ ਛੁਰੇਬਾਜ਼ੀ ਹੋਣ ਕਾਰਨ ਹਿਕਸਨ ਐਵੇਨਿਊ ਅਤੇ ਰੇਲਵੇ ਸਟ੍ਰੀਟ ਦਰਮਿਆਨ ਮੌਂਟਰੀਅਲ ਸਟ੍ਰੀਨ ਨੂੰ ਕਈ ਘੰਟੇ ਬੰਦ ਰੱਖਿਆ ਗਿਆ। ਵਾਰਦਾਤ ਅੱਖੀਂ ਦੇਖਣ ਵਾਲੇ ਇਕ ਸ਼ਖਸ ਨੇ ਆਪਣੀ ਪਛਾਣ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਦੋ ਜਣਿਆਂ ਤੋਂ ਝਗੜਾ ਸ਼ੁਰੂ ਹੋਇਆ ਅਤੇ ਸ਼ੱਕੀ ਨੇ ਜ਼ਮੀਨ ’ਤੇ ਡਿੱਗੇ ਸ਼ਖਸ ਨੂੰ ਛੁਰਾ ਮਾਰ ਦਿਤਾ। ਇਸੇ ਦੌਰਾਨ ਛੱਡ ਛਡਾਅ ਕਰਵਾਉਣ ਆਏ ਇਕ ਮਰਦ ਅਤੇ ਔਰਤ ’ਤੇ ਵੀ ਸ਼ੱਕੀ ਨੇ ਵਾਰ ਕਰਨੇ ਸ਼ੁਰੂ ਕਰ ਦਿਤੇ। ਕਿੰਗਸਟਨ ਦੇ ਮੇਅਰ ਬ੍ਰਾਇਨ ਪੈਟਰਸਨ ਨੇ ਹੌਲਨਾਕ ਵਾਰਦਾਤ ਮਗਰੋਂ ਸੇਫ ਇੰਜੈਕਸ਼ਨ ਸਾਈਨ ਬੰਦ ਕਰਨ ਦਾ ਸੱਦਾ ਦਿਤਾ ਹੈ। ਮੇਅਰ ਨੇ ਕਿਹਾ ਕਿ ਹੁਣ ਇਹ ਜਗ੍ਹਾ ਸੁਰੱਖਿਅਤ ਨਹੀਂ ਰਹੀ ਅਤੇ ਆਲੇ ਦੁਆਲੇ ਲੱਗੇ ਤੰਬੂ ਵੀ ਉਖਾੜ ਦਿਤੇ ਜਾਣ।

Tags:    

Similar News