ਕੈਨੇਡਾ ’ਚ ਕਿਰਾਏਦਾਰਾਂ ਨੂੰ ਕੱਢਣਾ ਹੋਇਆ ਸੌਖਾ
ਕੈਨੇਡਾ ਵਿਚ ਕਿਰਾਏਦਾਰਾਂ ਨੂੰ ਮਕਾਨ ਮਾਲਕਾਂ ਦੇ ਮੁਹਤਾਜ ਬਣਾਉਂਦਾ ਬਿਲ ਉਨਟਾਰੀਓ ਵਿਧਾਨ ਸਭਾ ਵਿਚ ਪਾਸ ਕਰ ਦਿਤਾ ਗਿਆ ਹੈ
ਟੋਰਾਂਟੋ : ਕੈਨੇਡਾ ਵਿਚ ਕਿਰਾਏਦਾਰਾਂ ਨੂੰ ਮਕਾਨ ਮਾਲਕਾਂ ਦੇ ਮੁਹਤਾਜ ਬਣਾਉਂਦਾ ਬਿਲ ਉਨਟਾਰੀਓ ਵਿਧਾਨ ਸਭਾ ਵਿਚ ਪਾਸ ਕਰ ਦਿਤਾ ਗਿਆ ਹੈ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਬਿਲ-60 ਕਿਰਾਏਦਾਰਾਂ ਦੇ ਹੱਕਾਂ ’ਤੇ ਡਾਕਾ ਮਾਰਦਾ ਹੈ ਅਤੇ ਇਸ ਦੇ ਲਾਗੂ ਹੋਣ ਮਗਰੋਂ ਸੂਬੇ ਵਿਚ ਮਕਾਨ ਕਿਰਾਏ ਅਸਮਾਨ ਚੜ੍ਹ ਜਾਣਗੇ ਜਦਕਿ ਉਨਟਾਰੀਓ ਵਿਚ ਬੇਘਰਾਂ ਦੀ ਸਮੱਸਿਆ ਹੱਦਾਂ ਪਾਰ ਕਰ ਸਕਦੀ ਹੈ। ਦੂਜੇ ਪਾਸੇ ਮਕਾਨ ਮਾਲਕ ਨਵਾਂ ਬਿਲ ਪਾਸ ਹੋਣ ਮਗਰੋਂ ਖੁਸ਼ ਨਜ਼ਰ ਆਏ ਜੋ ਆਪਣੀ ਮਰਜ਼ੀ ਮੁਤਾਬਕ ਕਿਰਾਏਦਾਰਾਂ ਨੂੰ ਕੱਢ ਸਕਦੇ ਹਨ। ਹੁਣ ਕਿਸੇ ਵੀ ਮਕਾਨ ਮਾਲਕ ਵੱਲੋਂ ਨਿਜੀ ਵਰਤੋਂ ਲਈ ਘਰ ਖਾਲੀ ਕਰਵਾਉਣ ਵਾਸਤੇ 120 ਦਿਨ ਦਾ ਐਡਵਾਂਸ ਨੋਟਿਸ ਦਿਤੇ ਜਾਣ ’ਤੇ ਕਿਰਾਏਦਾਰ ਨੂੰ ਕੋਈ ਮੁਆਵਜ਼ਾ ਨਹੀਂ ਦੇਣਾ ਹੋਵੇਗਾ ਜਦਕਿ ਮੌਜੂਦਾ ਸਮੇਂ ਵਿਚ ਘੱਟੋ ਘੱਟ ਇਕ ਮਹੀਨੇ ਦਾ ਕਿਰਾਇਆ ਛੱਡਣਾ ਪੈਂਦਾ ਹੈ। ਇਸੇ ਤਰ੍ਹਾਂ ਰੈਂਟ ਨਾ ਦੇਣ ਵਾਲੇ ਕਿਰਾਏਦਾਰਾਂ ਨੂੰ ਨੋਟਿਸ ਦੇਣ ਤੋਂ ਸੱਤ ਦਿਨ ਬਾਅਦ ਕੱਢਿਆ ਜਾ ਸਕਦਾ ਹੈ ਜਦਕਿ ਹੁਣ ਤੱਕ ਮਕਾਨ ਮਾਲਕਾਂ ਨੂੰ 15 ਦਿਨ ਤੱਕ ਉਡੀਕ ਕਰਨੀ ਪੈਂਦੀ ਸੀ।
ਉਨਟਾਰੀਓ ’ਚ ਮਕਾਨ ਮਾਲਕਾਂ ਦੇ ਹੱਕ ਵਿਚ ਕਾਨੂੰਨ ਪਾਸ
ਬਿਲ ਦਾ ਸਭ ਤੋਂ ਅਹਿਮ ਨੁਕਤਾ ਇਹ ਹੈ ਕਿ ਰੈਂਟ ਨਾ ਦੇਣ ਵਾਲੇ ਕਿਰਾਏਦਾਰਾਂ ਦੀ ਕੋਈ ਦਲੀਲ ਲੈਂਡਲੌਰਡ ਐਂਡ ਟੈਨੈਂਟ ਬੋਰਡ ਵੱਲੋਂ ਨਹੀਂ ਸੁਣੀ ਜਾਵੇਗੀ ਜਦੋਂ ਤੱਕ ਉਹ ਅੱਧਾ ਕਿਰਾਇਆ ਅਦਾ ਨਾ ਕਰ ਦੇਣ। ਸਿਰਫ ਐਨਾ ਹੀ ਨਹੀਂ, ਲੈਂਡਲੌਰਡ ਐਂਡ ਟੈਨੈਂਟ ਬੋਰਡ ਵੱਲੋਂ ਕਿਰਾਏਦਾਰਾਂ ਨੂੰ ਕੱਢਣ ਦੇ ਫੈਸਲੇ ਵਿਰੁੱਧ ਅਪੀਲ ਦਾਇਰ ਕਰਨ ਲਈ ਇਕ ਮਹੀਨੇ ਦੀ ਬਜਾਏ ਸਿਰਫ਼ 15 ਦਿਨ ਮਿਲਣਗੇ। ਦੱਸ ਦੇਈਏ ਕਿ ਡਗ ਫ਼ੋਰਡ ਸਰਕਾਰ ਵੱਲੋਂ ਬਿਲ-60 ਨੂੰ ਫ਼ਾਈਟਿੰਗ ਡਿਲੇਜ਼, ਬਿਲਡਿੰਗ ਫਾਸਟਰ ਐਕਟ ਦਾ ਨਾਂ ਦਿਤਾ ਹੈ ਜਿਸ ਦਾ ਵਿਰੋਧ ਕਰਨ, ਲੋਕ ਵਿਧਾਨ ਸਭਾ ਦੇ ਅੰਦਰ ਪੁੱਜੇ ਹੋਏ ਸਨ। ਸਦਨ ਦੀ ਕਾਰਵਾਈ ਦੌਰਾਨ ਰੌਲਾ ਰੱਪਾ ਪੈਣ ’ਤੇ ਪ੍ਰੀਮੀਅਰ ਡਗ ਫੋਰਡ ਤਲਖ ਟਿੱਪਣੀਆਂ ਕਰਦੇ ਸੁਣੇ ਗਏ ਅਤੇ ਸਪੀਕਰ ਨੇ ਸੁਰੱਖਿਆ ਮੁਲਾਜ਼ਮਾਂ ਰਾਹੀਂ ਰੌਲਾ ਪਾਉਣ ਵਾਲਿਆਂ ਨੂੰ ਬਾਹਰ ਕਢਵਾਇਆ। ‘ਐਸੋਸੀਏਸ਼ਨ ਆਫ਼ ਕਮਿਊਨਿਟੀ ਆਰਗੇਨਾਈਜ਼ੇਸ਼ਨ ਫੌਰ ਰਿਫ਼ਾਰਮ ਨਾਓ ’ ਦੇ ਆਗੂ ਮਾਰਕ ਡੈਵਿਗਨਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਾਅਵਾ ਕੀਤਾ ਕਿ ਨਵਾਂ ਕਾਨੂੰਨ ਚੰਗੀ ਅਤੇ ਮਾੜੇ ਕਿਰਾਏਦਾਰਾਂ ਵਿਚ ਕੋਈ ਫ਼ਰਕ ਨਹੀਂ ਕਰਦਾ। ਬਿਨਾਂ ਸ਼ੱਕ ਕੁਝ ਕਿਰਾਏਦਾਰਾਂ ਦੀ ਨੀਅਤ ਸਾਫ਼ ਨਹੀਂ ਹੁੰਦੀ ਪਰ ਮਾੜੀ ਸੋਚ ਵਾਲੇ ਮਕਾਨ ਮਾਲਕਾਂ ਦੀ ਵੀ ਕੋਈ ਕਮੀ ਨਹੀਂ। ਉਧਰ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਲੈਂਡਲੌਰਡ ਐਂਡ ਟੈਨੈਂਟ ਬੋਰਡ ਦੀ ਕਾਰਵਾਈ ਤੇਜ਼ ਕਰਨ ਦੇ ਮਕਸਦ ਤਹਿਤ ਨਵਾਂ ਕਾਨੂੰਨ ਪਾਸ ਕੀਤਾ ਗਿਆ ਹੈ।
ਮਕਾਨ ਕਿਰਾਏ ਵਧਣ ਦਾ ਖਦਸ਼ਾ, ਬੇਘਰਾਂ ਦੀ ਗਿਣਤੀ ਵਧੇਗੀ
ਮਿਊਂਸਪਲ ਅਤੇ ਹਾਊਸਿੰਗ ਮਾਮਲਿਆਂ ਬਾਰੇ ਮੰਤਰੀ ਰੌਬ ਫਲੈਕ ਨੇ ਕਿਹਾ ਕਿ ਮਕਾਨ ਕਿਰਾਏ ਘਆਉਣ ਦੇ ਮਕਸਦ ਤਹਿਤ ਬਿਲ ਲਿਆਂਦਾ ਗਿਆ ਜਿਸ ਰਾਹੀਂ ਮਕਾਨ ਮਾਲਕ ਆਪਣੀ ਪ੍ਰੌਪਰਟੀ ਕਿਰਾਏ ’ਤੇ ਦੇਣ ਲੱਗਿਆਂ ਬਿਲਕੁਲ ਨਹੀਂ ਘਬਰਾਉਣਗੇ। ਇਸੇ ਦੌਰਾਨ ਐਨ.ਡੀ.ਪੀ. ਦੀ ਆਗੂ ਮੈਰਿਟ ਸਟਾਈਲਜ਼ ਨੇ ਕਿਹਾ ਕਿ ਉਨਟਾਰੀਓ ਵਿਚ ਨੌਕਰੀਆਂ ਦਾ ਸੰਕਟ ਹੈ ਪਰ ਡਗ ਫ਼ੋਰਡ ਸਰਕਾਰ ਕਿਰਾਏਦਾਰਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਅਤੇ ਮਕਾਨ ਕਿਰਾਏ ਵਧਣ ਦਾ ਰਾਹ ਪੱਧਰਾ ਕਰ ਦਿਤਾ ਗਿਆ ਹੈ। ਮੈਰਿਟ ਸਟਾਈਲਜ਼ ਵੱਲੋਂ ਬਿਲ ਰੱਦ ਕਰਨ ਲਈ ਮਤਾ ਵਿਧਾਨ ਸਭਾ ਵਿਚ ਪੇਸ਼ ਕੀਤਾ ਗਿਆ ਹੈ ਪਰ ਪੀ.ਸੀ. ਪਾਰਟੀ ਦਾ ਬਹੁਮਤ ਹੋਣ ਕਰ ਕੇ ਇਹ ਪਾਸ ਹੋਣ ਦੇ ਆਸਾਰ ਨਹੀਂ। ਬਿਲ ਦਾ ਵਿਰੋਧ ਕਰਨ ਵਾਲਿਆਂ ਨੇ ਪਿਛਲੇ ਦਿਨੀਂ ਟੋਰਾਂਟੋ ਦੇ ਡਾਊਨ ਟਾਊਨ ਵਿਚ ਰੋਸ ਮਾਰਚ ਵੀ ਕੱਢਿਆ। ਇਸ ਦੇ ਉਲਟ ਲੈਂਡਲੌਰਡਜ਼ ਦੇ ਹੱਕਾਂ ਦੀ ਵਕਾਲਤ ਕਰਨ ਵਾਲੀ ਜਥੇਬੰਦੀ ਨੇ ਕਿਹਾ ਕਿ ਬਿਲ 60 ਰਾਹੀਂ ਮਹਿਸੂਸ ਹੋਇਆ ਹੈ ਕਿ ਉਨਟਾਰੀਓ ਸਰਕਾਰ ਛੋਟੇ ਲੈਂਡਲੌਰਡਜ਼ ਦੀਆਂ ਸਮੱਸਿਆਵਾਂ ਸਮਝ ਰਹੀ ਹੈ। ਟੋਰਾਂਟੋ ਰੀਜਨਲ ਰੀਅਲ ਅਸਟੇਟ ਬੋਰਡ ਵੱਲੋਂ ਬਿਲ 60 ਪਾਸ ਹੋਣ ਦਾ ਸਵਾਗਤ ਕੀਤਾ ਗਿਆ ਹੈ। ਬਿਲ 60 ਵਿਚ ਸਿਰਫ਼ ਕਿਰਾਏਦਾਰਾਂ ਅਤੇ ਮਕਾਨ ਮਾਲਕਾਂ ਦਾ ਮਸਲਾ ਸ਼ਾਮਲ ਨਹੀਂ ਸਗੋਂ ਮਿਸੀਸਾਗਾ, ਬਰੈਂਪਟਨ ਅਤੇ ਕੈਲੇਡਨ ਵਿਚ ਵੌਟਰ ਐਂਡ ਵੇਸਟ ਵੌਟਰ ਸਰਵਿਸਿਜ਼ ਦਾ ਅਧਿਕਾਰ ਖੇਤਰ ਤਬਦੀਲ ਕਰਨ ਦੀਆ ਮਦਾਂ ਵੀ ਸ਼ਾਮਲ ਹਨ ਅਤੇ ਇਹ ਬਿਲ ਮਿਊਂਸਪੈਲਿਟੀਜ਼ ਨੂੰ ਗੱਡੀਆਂ ਦੀਆਂ ਲੇਨਜ਼ ਘਟਾ ਕੇ ਸਾਈਕਲ ਲੇਨਜ਼ ਬਣਾਉਣ ਤੋਂ ਵਰਜਦਾ ਹੈ।