ਕੈਨੇਡਾ ਵਿਚ ਵਰਕ ਪਰਮਿਟ ਵਾਲਿਆਂ ਦਾ ਦਾਖਲਾ ਬੰਦ!
ਆਖਰਕਾਰ ਉਹੀ ਹੋਇਆ ਜਿਸ ਦਾ ਡਰ ਸੀ, ਕੈਨੇਡਾ ਸਰਕਾਰ ਵੱਲੋਂ ਵਰਕ ਪਰਮਿਟ ਵਾਲਿਆਂ ਦਾ ਦਾਖਲਾ 3 ਸਤੰਬਰ ਤੋਂ ਬੰਦ ਕੀਤਾ ਜਾ ਰਿਹਾ ਹੈ।;
ਮੌਂਟਰੀਅਲ : ਆਖਰਕਾਰ ਉਹੀ ਹੋਇਆ ਜਿਸ ਦਾ ਡਰ ਸੀ, ਕੈਨੇਡਾ ਸਰਕਾਰ ਵੱਲੋਂ ਵਰਕ ਪਰਮਿਟ ਵਾਲਿਆਂ ਦਾ ਦਾਖਲਾ 3 ਸਤੰਬਰ ਤੋਂ ਬੰਦ ਕੀਤਾ ਜਾ ਰਿਹਾ ਹੈ। ਜੀ ਹਾਂ, ਸ਼ੁਰੂਆਤ ਕਿਊਬੈਕ ਸੂਬੇ ਤੋਂ ਕੀਤੀ ਜਾ ਰਹੀ ਹੈ ਜਿਥੇ ਲੇਬਰ ਮਾਰਕਿਟ ਇੰਪੈਕਟ ਅਸੈਸਮੈਂਟ ਵਾਲੀਆਂ ਅਰਜ਼ੀਆਂ 3 ਸਤੰਬਰ ਤੋਂ ਬੰਦ ਕੀਤੀਆਂ ਜਾ ਰਹੀਆਂ ਹਨ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਐਲ.ਐਮ.ਆਈ.ਏ. ਅਰਜ਼ੀਆਂ ’ਤੇ ਰੋਕ 6 ਮਹੀਨੇ ਤੱਕ ਜਾਰੀ ਰਹੇਗੀ। ਫੈਡਰਲ ਸਰਕਾਰ ਦੇ ਸੂਤਰਾਂ ਨੇ ਦੱਸਿਆ ਕਿ 27.47 ਪ੍ਰਤੀ ਘੰਟਾ ਤੋਂ ਘੱਟ ਉਜਰਤ ਵਾਲੀਆਂ ਅਰਜ਼ੀਆਂ ਪ੍ਰਵਾਨ ਨਹੀਂ ਕੀਤੀਆਂ ਜਾਣਗੀਆਂ। ਕਿਊਬੈਕ ਵਿਚ ਦਰਮਿਆਨੀ ਉਜਰਤ ਦਰ 27 ਡਾਲਰ ਚੱਲ ਰਹੀ ਹੈ ਅਤੇ ਸੂਬਾ ਸਰਕਾਰ ਘੱਟ ਤੋਂ ਘੱਟ ਟੈਂਪਰੇਰੀ ਰੈਜ਼ੀਡੈਂਟਸ ਨੂੰ ਸੱਦਣ ਦੀ ਇੱਛਕ ਹੈ। ਕਿਊਬੈਕ ਦੇ ਪ੍ਰੀਮੀਅਰ ਫਰਾਂਸਵਾ ਲੈਗੋ ਕਈ ਮਹੀਨੇ ਤੋਂ ਕੈਨੇਡਾ ਸਰਕਾਰ ਨੂੰ ਅਜਿਹੀਆਂ ਪਾਬੰਦੀਆਂ ਲਾਗੂ ਕਰਨ ਦਾ ਸੱਦਾ ਦੇ ਰਹੇ ਸਨ ਜਿਨ੍ਹਾਂ ਰਾਹੀਂ ਆਰਜ਼ੀ ਪ੍ਰਵਾਸ ਨੂੰ ਠੱਲ੍ਹ ਪਾਈ ਜਾ ਸਕੇ।
3 ਸਤੰਬਰ ਤੋਂ ਲਾਗੂ ਹੋ ਰਹੇ ਨਵੇਂ ਇੰਮੀਗ੍ਰੇਸ਼ਨ ਨਿਯਮ
ਕੈਨੇਡਾ ਸਰਕਾਰ ਵੱਲੋਂ ਇਕ ਹੋਰ ਸਖ਼ਤ ਇੰਮੀਗ੍ਰੇਸ਼ਨ ਨੀਤੀ ਅਜਿਹੇ ਸਮੇਂ ਲਿਆਂਦੀ ਜਾ ਰਹੀ ਹੈ ਜਦੋਂ ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਵਿਚ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਗੁਲਾਮ ਬਣਾਏ ਜਾਣ ਦੇ ਦੋਸ਼ ਲਾਏ ਗਏ। ਰਿਪੋਰਟ ਕਹਿੰਦੀ ਹੈ ਕਿ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਨਾ ਸਿਰਫ ਸਰੀਰਕ ਅਤੇ ਮਾਨਸਿਕ ਤਸੀਹੇ ਝੱਲਣੇ ਪੈ ਰਹੇ ਹਨ ਸਗੋਂ ਇੰਪਲੌਇਰ ਤਨਖਾਹਾਂ ਦੇਣ ਤੋਂ ਵੀ ਸਾਫ ਮੁੱਕਰ ਜਾਂਦੇ ਹਨ। ਵਿਦੇਸ਼ੀ ਕਾਮਿਆਂ ਨਾਲ ਬੇਹੱਦ ਮੰਦੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਸੈਕਸ਼ੁਅਲ ਹੈਰਾਸਮੈਂਟ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆ ਰਹੀਆਂ ਹਨ। ਰਿਪੋਰਟ ਵਿਚ ਕੈਨੇਡਾ ਸਰਕਾਰ ਨੂੰ ਆਰਜ਼ੀ ਵਿਦੇਸ਼ੀ ਕਾਮਿਆਂ ਨਾਲ ਸਬੰਧਤ ਨਿਯਮਾਂ ਵਿਚ ਵੱਡੀ ਤਬਦੀਲੀ ਕਰਨ ਦਾ ਸੱਦਾ ਦਿਤਾ ਗਿਆ ਹੈ ਤਾਂਕਿ ਕਿਰਤੀਆਂ ਦੀ ਰਿਹਾਇਸ਼, ਹੈਲਥ ਕੇਅਰ ਅਤੇ ਇੰਮੀਗ੍ਰੇਸ਼ਨ ਸਟੇਟਸ ਦਾ ਮਸਲਾ ਰੁਜ਼ਗਾਰਦਾਤਾਵਾਂ ਦੇ ਕੰਟਰੋਲ ਤੋਂ ਬਾਹਰ ਹੋ ਸਕੇ। ਸੰਯੁਕਤ ਰਾਸ਼ਟਰ ਦੀ ਰਿਪੋਰਟ ਬਾਰੇ ਟਿੱਪਣੀ ਕਰਦਿਆਂ ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਆਖ ਚੁਕੇ ਨੇ ਕਿ ‘ਗੁਲਾਮ’ ਸ਼ਬਦ ਦੀ ਵਰਤੋਂ ਬੇਹੱਦ ਭੜਕਾਊ ਹੈ ਅਤੇ ਕੁਝ ਕਮੀਆਂ ਦੇ ਆਧਾਰ ’ਤੇ ਪੂਰੇ ਇੰਮੀਗ੍ਰੇਸ਼ਨ ਪ੍ਰੋਗਰਾਮ ਨੂੰ ਗਲਤ ਨਹੀਂ ਠਹਿਰਾਇਆ ਜਾ ਸਕਦਾ। ਇੰਮੀਗ੍ਰੇਸ਼ਨ ਮੰਤਰੀ ਨੇ ਮੰਨਿਆ ਕਿ ਕੁਝ ਮਾਮਲਿਆਂ ਵਿਚ ਆਰਜ਼ੀ ਵਿਦੇਸ਼ੀ ਕਾਮਿਆਂ ਨਾਲ ਧੱਕੇਸ਼ਾਹੀ ਦੇ ਦੋਸ਼ਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਪੂਰੇ ਪ੍ਰੋਗਰਾਮ ਨੂੰ ਸਵਾਲਾਂ ਦੇ ਘੇਰੇ ਵਿਚ ਲਿਆਉਣਾ ਸਰਾਸਰ ਗੈਰਵਾਜਬ ਹੈ।
ਆਰਜ਼ੀ ਵੀਜ਼ੇ ਵਾਲਿਆਂ ਤੋਂ ਤੰਗ ਆਈ ਸਰਕਾਰ
ਮਾਰਕ ਮਿਲਰ ਦਾ ਕਹਿਣਾ ਸੀ ਕਿ ਕਿਸੇ ਵੀ ਮੁਲਾਜ਼ਮ ਨਾਲ ਬਦਸਲੂਕੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਅਤੇ ਜੇ ਕੋਈ ਅਜਿਹਾ ਕਰਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਦੱਸ ਦੇਈਏ ਕਿ 2016 ਵਿਚ 15,817 ਆਰਜ਼ੀ ਵਿਦੇਸ਼ੀ ਕਾਮੇ ਕੈਨੇਡਾ ਪੁੱਜੇ ਅਤੇ ਸਾਲ 2023 ਤੱਕ ਇਹ ਅੰਕੜਾ ਵਧ ਕੇ 83,654 ਹੋ ਗਿਆ। ਕੋਰੋਨਾ ਮਹਾਂਮਾਰੀ ਮਗਰੋਂ ਕਾਮਿਆਂ ਦੀ ਕਿੱਲਤ ਨੂੰ ਵੇਖਦਿਆਂ 2022 ਵਿਚ ਦਰਵਾਜ਼ੇ ਖੋਲ੍ਹ ਦਿਤੇ ਗਏ ਅਤੇ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਗਿਣਤੀ 2016 ਦੇ ਮੁਕਾਬਲੇ ਛੇ ਗੁਣਾ ਤੱਕ ਵਧ ਗਈ। ਕੈਨੇਡਾ ਸਰਕਾਰ ਖੁਦ ਚਾਹੁੰਦੀ ਹੈ ਕਿ ਆਰਜ਼ੀ ਵਿਦੇਸ਼ ਕਾਮਿਆਂ ਨੂੰ ਬਦਤਰ ਹਾਲਾਤ ਵਿਚ ਕੰਮ ਨਾ ਕਰਨਾ ਪਵੇ ਅਤੇ ਜਲਦ ਹੀ ਕਿਊਬੈਕ ਵਾਲਾ ਨਿਯਮ ਪੂਰੇ ਕੈਨੇਡਾ ਵਿਚ ਲਾਗੂ ਕੀਤਾ ਜਾ ਸਕਦਾ ਹੈ ਜਿਸ ਅਧੀਨ ਤੈਅਸ਼ੁਦਾ ਹੱਦ ਤੋਂ ਹੇਠਾਂ ਤਨਖਾਹਾਂ ਦੀ ਪੇਸ਼ਕਸ਼ ਕਰਨ ਵਾਲੀਆਂ ਕੰਪਨੀਆਂ ਐਲ.ਐਮ.ਆਈ.ਏ. ਅਰਜ਼ੀਆਂ ਦਾਖਲ ਨਹੀਂ ਕਰ ਸਕਣਗੀਆਂ। ਸਿਰਫ ਐਨਾ ਹੀ ਆਰਜ਼ੀ ਵਿਦੇਸ਼ੀ ਕਾਮੇ ਰੱਖਣ ਵਾਲੇ ਇੰਪਲੌਇਰਜ਼ ਵਾਸਤੇ ਵੀ ਸ਼ਰਤਾਂ ਸਖਤ ਕੀਤੀਆਂ ਜਾਣਗੀਆਂ।