ਬੀ.ਸੀ. ਵਿਧਾਨ ਸਭਾ ਚੋਣਾਂ ਵਿਚ ਹੋ ਗਈ ਜੱਗੋਂ ਤੇਰਵੀਂ
ਬੀ.ਸੀ. ਵਿਧਾਨ ਸਭਾ ਚੋਣਾਂ ਨਾਲ ਸਬੰਧਤ ਇਕ ਹੈਰਾਨਕੁੰਨ ਤੱਥ ਉਭਰ ਕੇ ਸਾਹਮਣੇ ਆਇਆ ਹੈ।;
ਵੈਨਕੂਵਰ : ਬੀ.ਸੀ. ਵਿਧਾਨ ਸਭਾ ਚੋਣਾਂ ਨਾਲ ਸਬੰਧਤ ਇਕ ਹੈਰਾਨਕੁੰਨ ਤੱਥ ਉਭਰ ਕੇ ਸਾਹਮਣੇ ਆਇਆ ਹੈ। ਜੀ ਹਾਂ, ਸੂਬੇ ਦੀ ਚੋਣ ਏਜੰਸੀ ਮੁਤਾਬਕ 861 ਵੋਟਾਂ ਵਾਲਾ ਇਕ ਡੱਬਾ ਗਿਣਿਆ ਹੀ ਨਹੀਂ ਜਾ ਸਕਿਆ ਜਦਕਿ ਫਸਵੇਂ ਮੁਕਾਬਲੇ ਵਾਲੀ ਸਰੀ-ਗਿਲਫਰਡ ਰਾਈਡਿੰਗ ਵਿਚ 14 ਵੋਟਾਂ ਦਾ ਕੋਈ ਅਤਾ-ਪਤਾ ਨਾ ਲੱਗ ਸਕਿਆ। ਸਰੀ-ਗਿਲਫਰਡ ਸੀਟ ’ਤੇ ਐਨ.ਡੀ.ਪੀ. ਦੇ ਗੈਰੀ ਬੈਗਜ਼ ਸਿਰਫ 27 ਵੋਟਾਂ ਨਾਲ ਜੇਤੂ ਰਹੇ ਅਤੇ ਡੇਵਿਡ ਈਬੀ ਲਈ ਦੂਜੀ ਵਾਰ ਪ੍ਰੀਮੀਅਰ ਬਣਨ ਦਾ ਰਾਹ ਪੱਧਰਾ ਹੋ ਸਕਿਆ।
861 ਵੋਟਾਂ ਵਾਲਾ ਡੱਬਾ ਅਣਗਿਣਿਆ ਹੀ ਰਹਿ ਗਿਆ
ਉਧਰ ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਆਗੂ ਜੌਹਨ ਰੁਸਟੈਡ ਵੱਲੋਂ ਇਨ੍ਹਾਂ ਵੱਡੀਆਂ ਕੋਤਾਹੀਆਂ ਦੀ ਖੁਦਮੁਖਤਿਆਰ ਸਮੀਖਿਆ ਕਰਵਾਉਣ ਦੀ ਮੰਗ ਕੀਤੀ ਗਈ ਹੈ। ਇਸੇ ਦੌਰਾਨ ਇਲੈਕਸ਼ਨਜ਼ ਬੀ.ਸੀ. ਨੇ ਕਿਹਾ ਕਿ ਪ੍ਰਿੰਸ ਜਾਰਜ-ਮੈਕਿਨਜ਼ੀ ਰਾਈਡਿੰਗ ਨਾਲ ਸਬੰਧਤ ਵੋਟਾਂ ਵਾਲਾ ਡੱਬਾ ਅਣਗਿਣਿਆ ਰਹਿ ਜਾਣ ਨਾਲ ਨਤੀਜਾ ਪ੍ਰਭਾਵਤ ਨਹੀਂ ਹੁੰਦਾ ਪਰ ਸਰੀ-ਗਿਲਫਰਡ ਦਾ ਮਾਮਲਾ ਗੰਭੀਰ ਨਜ਼ਰ ਆ ਰਿਹਾ ਹੈ ਜਿਥੇ ਮਾਮੂਲੀ ਫਰਕ ਨਾਲ ਜਿੱਤ ਹਾਰ ਦਾ ਫੈਸਲਾ ਹੋਇਆ। ਬੀ.ਸੀ. ਦੇ ਮੁੱਖ ਚੋਣ ਅਫਸਰ ਐਂਟਨ ਬੋਇਗਮੈਨ ਨੇ ਕਿਹਾ ਕਿ ਚੋਣਾਂ ਦੌਰਾਨ 17 ਹਜ਼ਾਰ ਤੋਂ ਵੱਧ ਮੁਲਾਜ਼ਮਾਂ ਨੇ ਦਿਨ-ਰਾਤ ਇਕ ਕਰਦਿਆਂ ਕੰਮ ਕੀਤਾ ਪਰ ਮੰਦਭਾਗੇ ਤੌਰ ’ਤੇ ਮਨੁੱਖੀ ਗਲਤੀ ਸਾਹਮਣੇ ਆ ਗਈ।
ਸਰੀ-ਗਿਲਫਰਡ ਰਾਈਡਿੰਗ ਦੀਆਂ 14 ਵੋਟਾਂ ਦਾ ਕੋਈ ਅਤਾ-ਪਤਾ ਨਹੀਂ
ਇਥੇ ਦਸਣਾ ਬਣਦਾ ਹੈ ਕਿ ਬੀ.ਸੀ. ਨਾਲ ਸਬੰਧਤ ਵੋਟਰ ਸੂਬੇ ਦੇ ਕਿਸੇ ਵੀ ਹਿੱਸੇ ਤੋਂ ਆਪਣੀ ਰਾਈਡਿੰਗ ਵਿਚ ਵੋਟ ਪਾ ਸਕਦੇ ਹਨ ਅਤੇ ਸੰਭਾਵਤ ਤੌਰ ’ਤੇ ਅਜਿਹੀਆਂ ਵੋਟਾਂ ਦੀ ਗਿਣਤੀ ਦੌਰਾਨ ਭੰਬਲਭੂਸਾ ਪੈਦਾ ਹੋਇਆ। ਯੂਨੀਵਰਸਿਟੀ ਆਫ਼ ਫਰੇਜ਼ਰ ਵੈਲੀ ਵਿਚ ਪੋਲੀਟੀਕਲ ਸਾਇੰਸ ਦੇ ਐਸੋਸੀਏਟ ਪ੍ਰੋਫੈਸਰ ਹੈਮਿਸ਼ ਟੈਲਫਰਡ ਨੇ ਕਿਹਾ ਕਿ ਇਨ੍ਹਾਂ ਕੋਤਾਹੀਆਂ ਨੂੰ ਚੰਗੇ ਅਤੇ ਮਾੜੇ ਦੋਵੇਂ ਕਿਸਮ ਦੇ ਨਜ਼ਰੀਏ ਤੋਂ ਦੇਖਿਆ ਜਾ ਸਕਦਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਕੋਤਾਹੀਆਂ ਸਾਹਮਣੇ ਆਉਣ ਦੇ ਬਾਵਜੂਦ ਲੋਕਾਂ ਦੇ ਮਨ ਵਿਚ ਨਤੀਜਿਆਂ ਬਾਰੇ ਕਿਸੇ ਕਿਸਮ ਦਾ ਸ਼ੱਕ ਪੈਦਾ ਨਹੀਂ ਹੋਵੇਗਾ।