ਕੈਨੇਡਾ ਵਿਚ ਬਜ਼ੁਰਗ ਮੁਸਲਮਾਨ ਦਾ ਬੇਰਹਿਮੀ ਨਾਲ ਕਤਲ

ਕੈਨੇਡਾ ਦੀ ਮਸਜਿਦ ਵਿਚੋਂ ਬਾਹਰ ਨਿਕਲੇ ਇਕ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ ਕਰ ਦਿਤਾ ਗਿਆ

Update: 2025-10-18 11:04 GMT

ਔਸ਼ਵਾ : ਕੈਨੇਡਾ ਦੀ ਮਸਜਿਦ ਵਿਚੋਂ ਬਾਹਰ ਨਿਕਲੇ ਇਕ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ ਕਰ ਦਿਤਾ ਗਿਆ। ਉਨਟਾਰੀਓ ਦੇ ਔਸ਼ਵਾ ਵਿਖੇ ਵਾਪਰੀ ਵਾਰਦਾਤ ਦੀ ਪੜਤਾਲ ਕਰ ਰਹੀ ਡਰਹਮ ਰੀਜਨਲ ਪੁਲਿਸ ਨੇ ਕਤਲ ਦੇ ਤਰੀਕੇ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਅਤੇ ਮਰਨ ਵਾਲੇ ਦੀ ਸ਼ਨਾਖਤ 80 ਸਾਲ ਦੇ ਇਬਰਾਹਿਮ ਬਾਲਾ ਵਜੋਂ ਕੀਤੀ ਗਈ ਹੈ। ਕਾਂਸਟੇਬਲ ਨਿਕ ਗਲੁਕਸਟੀਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਬਰਾਹਿਮ ਬਾਲਾ ਵੀਰਵਾਰ ਬਾਅਦ ਦੁਪਹਿਰ ਤਕਰੀਬਨ ਢਾਈ ਵਜੇ ਔਸ਼ਵਾ ਦੇ ਇਸਲਾਮਿਕ ਸੈਂਟਰ ਵਿਚੋਂ ਬਾਹਰ ਆਇਆ ਅਤੇ ਕੁਝ ਹੀ ਮਿੰਟ ਬਾਅਦ ਹੱਤਿਆ ਕਰ ਦਿਤੀ ਗਈ।

ਮਸਜਿਦ ਤੋਂ ਘਰ ਜਾ ਰਹੇ ਸਨ ਇਬਰਾਹਿਮ ਬਾਲਾ

ਸਿਮਕੋ ਸਟ੍ਰੀਟ ਸਾਊਥ ਅਤੇ ਮੈਕਗ੍ਰੀਗਰ ਸਟ੍ਰੀਟ ਵਿਖੇ ਵਾਪਰੀ ਵਾਰਦਾਤ ਮਗਰੋਂ ਮੁਸਲਮਾਨ ਭਾਈਚਾਰੇ ਵਿਚ ਸਹਿਮ ਦਾ ਮਾਹੌਲ ਹੈ। ਵਾਰਦਾਤ ਦੇ ਮੱਦੇਨਜ਼ਰ ਇਲਾਕੇ ਵਿਚ ਪੁਲਿਸ ਦੀ ਮੌਜੂਦਗੀ ਵਧਾ ਦਿਤੀ ਗਈ ਹੈ ਅਤੇ ਕਮਿਊਨਿਟੀ ਮੈਂਬਰ ਲਗਾਤਾਰ ਪੁਲਿਸ ਦੇ ਸੰਪਰਕ ਵਿਚ ਹਨ। ਗਲੁਕਸਟੀਨ ਨੇ ਕਿਹਾ ਕਿ ਫ਼ਿਲਹਾਲ ਕਤਲ ਦੇ ਮਕਸਦ ਬਾਰੇ ਅੰਦਾਜ਼ਾ ਲਾਉਣਾ ਮੁਸ਼ਕਲ ਹੈ ਅਤੇ ਜਾਂਚਕਰਤਾਵਾਂ ਵੱਲੋਂ ਹਰ ਪਹਿਲੂ ਤੋਂ ਮਾਮਲੇ ਨੂੰ ਘੋਖਿਆ ਜਾ ਰਿਹਾ ਹੈ ਜਿਨ੍ਹਾਂ ਨਫ਼ਰਤੀ ਹਮਲੇ ਦੀ ਸੰਭਾਵਨਾ ਵੀ ਸ਼ਾਮਲ ਹੈ। ਇਬਰਾਹਿਮ ਬਾਲਾ ਦਾ ਪਰਵਾਰ ਸੋਗ ਵਿਚ ਡੁੱਬਿਆ ਹੋਇਆ ਅਤੇ ਇਸ ਦਰਦ ਨੂੰ ਬਰਦਾਸ਼ਤ ਕਰਨਾ ਮੁਸ਼ਕਲ ਹੈ।

ਹਮਲਾਵਰਾਂ ਦੇ ਮਕਸਦ ਬਾਰੇ ਪੜਤਾਲ ਕਰ ਰਹੀ ਪੁਲਿਸ

ਉਧਰ ਨੈਸ਼ਨਲ ਕੌਂਸਲ ਆਫ਼ ਕੈਨੇਡੀਅਨ ਮੁਸਲਿਮਜ਼ ਨੇ ਇਬਰਾਹਿਮ ਬਾਲਾ ਨੂੰ ਭਾਈਚਾਰੇ ਦਾ ਪ੍ਰਮੁੱਖ ਮੈਂਬਰ ਕਰਾਰ ਦਿੰਦਿਆਂ ਕਿਹਾ ਕਿ ਫਿਲਹਾਲ ਇਸ ਵਾਰਦਾਤ ਬਾਰੇ ਕਿਆਸੇ ਨਾ ਲਾਏ ਜਾਣ। ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਅਤੇ ਤੱਥਾਂ ਦੇ ਆਧਾਰ ’ਤੇ ਹੀ ਕੋਈ ਸਿੱਟਾ ਕੱਢਿਆ ਜਾਵੇਗਾ। ਔਸ਼ਵਾ ਦੇ ਇਸਲਾਮਿਕ ਸੈਂਟਰ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਈਚਾਰੇ ਨੇ ਆਪਣਾ ਸੁਹਿਰਦ ਮੈਂਬਰ ਗੁਆ ਦਿਤਾ। ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਅਤੇ ਹਮਲਾਵਰਾਂ ਦੇ ਮਕਸਦ ਬਾਰੇ ਕੁਝ ਵੀ ਕਹਿਣਾ ਮੁਸ਼ਕਲ ਹੈ।

Tags:    

Similar News