ਕੈਨੇਡਾ ਵਿਚ ਸਿੱਖਾਂ ਅਤੇ ਹਿੰਦੂਆਂ ਦਰਮਿਆਨ ਤਰੇੜਾਂ ਪਾਉਣ ਦੇ ਯਤਨ
ਕੈਨੇਡਾ ਵਿਚ ਸਿੱਖਾਂ ਅਤੇ ਹਿੰਦੂਆਂ ਦੀ ਭਾਈਚਾਰਕ ਸਾਂਝ ਵਿਚ ਤਰੇੜਾਂ ਪਾਉਣ ਦੇ ਇਰਾਦੇ ਨਾਲ ਫਰਜ਼ੀ ਸੋਸ਼ਲ ਮੀਡੀਆ ਅਕਾਊਂਟਸ ਰਾਹੀਂ ਗੁੰਮਰਾਹਕੁਨ ਜਾਣਕਾਰੀ ਫੈਲਾਈ ਜਾ ਰਹੀ ਹੈ।;
ਟੋਰਾਂਟੋ : ਕੈਨੇਡਾ ਵਿਚ ਸਿੱਖਾਂ ਅਤੇ ਹਿੰਦੂਆਂ ਦੀ ਭਾਈਚਾਰਕ ਸਾਂਝ ਵਿਚ ਤਰੇੜਾਂ ਪਾਉਣ ਦੇ ਇਰਾਦੇ ਨਾਲ ਫਰਜ਼ੀ ਸੋਸ਼ਲ ਮੀਡੀਆ ਅਕਾਊਂਟਸ ਰਾਹੀਂ ਗੁੰਮਰਾਹਕੁਨ ਜਾਣਕਾਰੀ ਫੈਲਾਈ ਜਾ ਰਹੀ ਹੈ। ਸਿਰਫ ਐਨਾ ਹੀ ਨਹੀਂ ਕੈਨੇਡੀਅਨ ਪੁਲਿਸ ਅਤੇ ਹੋਰਨਾਂ ਮਹਿਕਮਿਆਂ ਬਾਰੇ ਵੀ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਸੀ.ਬੀ.ਸੀ. ਦੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਬਰੈਂਪਟਨ ਅਤੇ ਸਰੀ ਵਿਖੇ ਹਿੰਦੂ ਮੰਦਰਾਂ ਦੇ ਬਾਹਰ ਵਾਪਰੇ ਘਟਨਾਕ੍ਰਮ ਤੋਂ ਕਈ ਦਿਨ ਪਹਿਲਾਂ ਹੀ ਇਹ ਰੁਝਾਨ ਸ਼ੁਰੂ ਹੋ ਚੁੱਕਾ ਸੀ ਜੋ ਬਾਅਦ ਵਿਚ ਵੀ ਜਾਰੀ ਰਿਹਾ। ਸੀ.ਬੀ.ਸੀ. ਵੱਲੋਂ ਸੈਂਕੜੇ ਵੀਡੀਓਜ਼ ਦੀ ਘੋਖ ਕੀਤੀ ਗਈ ਜੋ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੈਟਫਾਰਮਜ਼ ’ਤੇ ਅਪਲੋਡ ਕੀਤੀਆਂ ਗਈਆਂ। ਇਨ੍ਹਾਂ ਵਿਚ ਖਾਲਿਸਤਾਨ ਦਾ ਖਾਸ ਤੌਰ ’ਤੇ ਜ਼ਿਕਰ ਕਰਦਿਆਂ ਭੜਕਾਊ ਟਿੱਪਣੀਆਂ ਰਾਹੀਂ ਮਾਹੌਲ ਖਰਾਬ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।
ਫ਼ਰਜ਼ੀ ਸੋਸ਼ਲ ਮੀਡੀਆ ਖਾਤਿਆਂ ਰਾਹੀਂ ਕੀਤਾ ਜਾ ਰਿਹਾ ਕੂੜ ਪ੍ਰਚਾਰ
ਫ਼ਰਜ਼ੀ ਖਾਤਿਆਂ ਬਾਰੇ ਕੈਨੇਡੀਅਨ ਖੁਫੀਆ ਏਜੰਸੀ ਦੇ ਸਾਬਕਾ ਡਾਇਰੈਕਟਰ ਵਾਰਡ ਐਲਕੌਕ ਨੇ ਦੱਸਿਆ ਕਿ ਬਰੈਂਪਟਨ ਅਤੇ ਸਰੀ ਵਿਖੇ ਵਾਪਰੇ ਘਟਨਾਕ੍ਰਮ ਇਕ ਏਜੰਡੇ ਨੂੰ ਅੱਗੇ ਵਧਾਉਣ ਦਾ ਜ਼ਰੀਆ ਬਣਾਏ ਗਏ। ਬਿਲਕੁਲ ਇਸੇ ਕਿਸਮ ਦੇ ਵਿਚਾਰ ਬਰੈਂਪਟਨ ਵਿਖੇ ਆਪਣੇ ਘਰ ਦੀ ਬੇਸਮੈਂਟ ਵਿਚੋਂ ਰੇਡੀਓ ਸ਼ੋਅ ਚਲਾਉਂਦੇ ਬਲਵਿੰਦਰ ਸਿੰਘ ਨੇ ਜ਼ਾਹਰ ਕੀਤੇ। ਉਨ੍ਹਾਂ ਕਿਹਾ ਕਿ 10-15 ਸਾਲ ਜਾਂ 20 ਸਾਲ ਪਹਿਲਾਂ ਕੈਨੇਡਾ ਆਏ ਲੋਕਾਂ ਨੇ ਇਹ ਸਭ ਕਦੇ ਸੋਚਿਆ ਵੀ ਨਹੀਂ ਸੀ ਕਿ ਐਨੇ ਟਕਰਾਅ ਵਾਲੇ ਹਾਲਾਤ ਪੈਦਾ ਹੋ ਸਕਦੇ ਹਨ ਅਤੇ ਉਨ੍ਹਾਂ ਨੂੰ ਅਸੁਰੱਖਿਅਤ ਮਹਿਸੂਸ ਕਰਨਾ ਪੈ ਸਕਦਾ ਹੈ। ਸੀ.ਬੀ.ਸੀ.ਵੱਲੋਂ ਨਵੰਬਰ ਦੇ ਪਹਿਲੇ ਦੋ ਹਫ਼ਤਿਆਂ ਦੌਰਾਨ ਸਰਗਰਮ ਸੋਸ਼ਲ ਮੀਡੀਆ ਖਾਤਿਆਂ ਵਿਚੋਂ ਟਵਿਟਰ ਦੇ ਛੇ ਖਾਤਿਆਂ ਦੀ ਘੋਖ ਕਰਵਾਈ ਗਈ ਅਤੇ ਡਿਜੀਟਲ ਫੌਰੈਂਸਿਕ ਰਿਸਰਚ ਲੈਬ ਦਾ ਮੰਨਣਾ ਹੈ ਕਿ ਇਕ ਸ਼ੱਕੀ ਖਾਤੇ ਰਾਹੀਂ ਇਕ ਦਿਨ ਵਿਚ 72 ਤੋਂ ਵੱਧ ਪੋਸਟਾਂ ਪਾਈਆਂ ਗਈਆਂ। ਗੁਰਪਤਵੰਤ ਸਿੰਘ ਪੰਨੂ ਦੇ ਸੋਸ਼ਲ ਮੀਡੀਆ ਖਾਤੇ ’ਤੇ ਫਾਲੋਅਰਜ਼ ਦੀ ਗਿਣਤੀ ਸਿਰਫ਼ 3,600 ਨਜ਼ਰ ਆਉਂਦੀ ਹੈ ਪਰ 13 ਸ਼ੱਕੀ ਖਾਤਿਆਂ ਰਾਹੀਂ ਨਵੰਬਰ ਦੇ ਸ਼ੁਰੂ ਵਿਚ ਪੋਸਟਾਂ ਪਾਈਆਂ ਗਈਆਂ। ਦੂਜੇ ਪਾਸੇ ਖਾਲਿਸਤਾਨ ਦਾ ਵਿਰੋਧ ਕਰਦੇ ਫ਼ਰਜ਼ੀ ਖਾਤਿਆਂ ਵੀ ਦੀ ਕੋਈ ਕਮੀ ਨਹੀਂ। ਟੋਰਾਂਟੋ ਦੇ ਪੱਤਰਕਾਰ ਡੈਨੀਅਲ ਬੌਰਡਮੈਨ ਦਾ ਰਿਪੋਰਟ ਵਿਚ ਖਾਸ ਤੌਰ ’ਤੇ ਜ਼ਿਕਰ ਕੀਤਾ ਗਿਆ ਹੈ ਜਿਸ ਦੇ ਐਕਸ ’ਤੇ 70 ਹਜ਼ਾਰ ਫਾਲੋਅਰ ਹਨ।
ਕੈਨੇਡੀਅਨ ਪੁਲਿਸ ਨੂੰ ਵੀ ਭ੍ਰਿਸ਼ਟ ਦਰਸਾਉਣ ਦੇ ਹੋ ਰਹੇ ਯਤਨ
ਉਸ ਵੱਲੋਂ ਪਾਈਆਂ ਪੋਸਟਾਂ ਨੂੰ 1,800 ਸ਼ੱਕੀ ਖਾਤਿਆਂ ਰਾਹੀਂ 6 ਹਜ਼ਾਰ ਤੋਂ ਵੱਧ ਵਾਰ ਰੀਟਵੀਟ ਕੀਤਾ ਗਿਆ ਅਤੇ ਦੋ ਮੌਕਿਆਂ ’ਤੇ ਪੂਰੀ ਤਰ੍ਹਾਂ ਗੁੰਮਰਾਹਕੁਨ ਜਾਣਕਾਰੀ ਫੈਲਾਈ ਜਾ ਰਹੀ ਸੀ। ਬੌਰਡਮੈਨ ਦੀ ਪੋਸਟ ਨੂੰ ਭਾਰਤੀ ਮੀਡੀਆ ਵਿਚ ਵੀ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਸੀ। ਇੰਦਰਜੀਤ ਸਿੰਘ ਜਸਵਾਲ ਵੱਲੋਂ ਪਾਈ ਇਕ ਵੀਡੀਓ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਅਤੇ ਇਸ ਬਾਰੇ ਇੰਦਰਜੀਤ ਸਿੰਘ ਨੇ ਸਪੱਸ਼ਟੀਕਰਨ ਵੀ ਦਿਤਾ ਕਿ ਨਸਲੀ ਟਿੱਪਣੀਆਂ ਕਰ ਰਹੇ ਲੋਕਾਂ ਨੂੰ ਜਵਾਬ ਦੇ ਰਹੇ ਸਨ। ਸਪੱਸ਼ਟੀਕਰਨ ਵਾਲੀ ਵੀਡੀਓ ਸਾਹਮਣੇ ਆਉਣ ਮਗਰੋਂ ਬੌਰਡਮੈਨ ਇਕ ਪੌਡਕਾਸਟ ਵਿਚ ਹਾਜ਼ਾਰ ਹੋਇਆ ਤਾਂ ਉਸ ਨੇ ਇੰਦਰਜੀਤ ਸਿੰਘ ਜਸਵਾਲ ਨੂੰ ਮਾਨਸਿਕ ਤੌਰ ’ਤੇ ਬਿਮਾਰ ਖਾਲਿਸਤਾਨੀ ਕਰਾਰ ਦਿਤਾ। ਇਕ ਹੋਰ ਪੋਸਟ ਰਾਹੀਂ ਗਤਕਾ ਖੇਡ ਰਹੇ ਸਰੀ ਪੁਲਿਸ ਦੇ ਦੋ ਅਫ਼ਸਰਾਂ ਹਿੰਦੂ ਮੰਦਰ ’ਤੇ ਹਮਲੇ ਦੀ ਤਿਆਰੀ ਦੱਸਿਆ ਗਿਆ। ਚੇਤੇ ਰਹੇ ਕਿ ਇਸ ਸਾਲ ਦੇ ਸ਼ੁਰੂ ਵਿਚ ਫੇਸਬੁਕ ਅਤੇ ਇੰਸਟਾਗ੍ਰਾਮ ਦੀ ਮਾਲਕ ਕੰਪਨੀ ਮੈਟਾ ਨੇ ਦਾਅਵਾ ਕੀਤਾ ਸੀ ਕਿ ਉਸ ਵੱਲੋਂ ਖਾਲਿਸਤਾਨ ਨਾਲ ਸਬੰਧਤ ਕਈ ਫਰਜ਼ੀ ਖਾਤੇ ਬੰਦ ਕੀਤੇ ਗਏ।