ਬਰੈਂਪਟਨ ਵਾਸੀ ਕੋਲੋਂ 5 ਲੱਖ ਡਾਲਰ ਮੁੱਲ ਦੇ ਨਸ਼ੀਲੇ ਪਦਾਰਥ ਬਰਾਮਦ

ਬਰੈਂਪਟਨ ਦੇ ਇਕ 43 ਸਾਲਾ ਸ਼ਖਸ ਨੂੰ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਵੱਲੋਂ 5 ਲੱਖ ਡਾਲਰ ਮੁੱਲ ਦੇ ਨਸ਼ੀਲੇ ਪਦਾਰਥਾਂ ਅਤੇ ਟਰੈਕਟਰ ਟ੍ਰੇਲਰਾਂ ਸਣੇ ਕਾਬੂ ਕੀਤਾ ਗਿਆ ਹੈ।;

Update: 2024-08-20 12:05 GMT

ਬਰੈਂਪਟਨ: ਬਰੈਂਪਟਨ ਦੇ ਇਕ 43 ਸਾਲਾ ਸ਼ਖਸ ਨੂੰ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਵੱਲੋਂ 5 ਲੱਖ ਡਾਲਰ ਮੁੱਲ ਦੇ ਨਸ਼ੀਲੇ ਪਦਾਰਥਾਂ ਅਤੇ ਟਰੈਕਟਰ ਟ੍ਰੇਲਰਾਂ ਸਣੇ ਕਾਬੂ ਕੀਤਾ ਗਿਆ ਹੈ। ਗ੍ਰਿਫ਼ਤਾਰ ਬਰੈਂਪਟਨ ਵਾਸੀ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਜਿਸ ਵਿਰੁੱਧ ਅੱਠ ਦੋਸ਼ ਆਇਦ ਕੀਤੇ ਗਏ ਹਨ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦੀ ਡਫਰਿਨ ਡਿਟੈਚਮੈਂਟ ਨਾਲ ਸਬੰਧਤ ਅਫਸਰਾਂ ਨੇ ਔਰੇਂਜਵਿਲ ਦੇ ਇਕ ਟਿਕਾਣੇ ’ਤੇ ਛਾਪੇ ਦੌਰਾਨ ਨਸ਼ੇ ਅਤੇ ਚੋਰੀ ਕੀਤੇ ਟਰੈਕਟਰ ਟ੍ਰੇਲਰ ਬਰਾਮਦ ਕੀਤੇ ਗਏ। ਬਰੈਂਪਟਨ ਨਾਲ ਸਬੰਧਤ ਸ਼ਖਸ ਕਈ ਮਾਮਲਿਆਂ ਨਾਲ ਸਬੰਧਤ ਹੋ ਸਕਦਾ ਹੈ ਅਤੇ ਫਿਲਹਾਲ ਨਸ਼ਿਆਂ ਅਤੇ ਚੋਰੀ ਨਾਲ ਸਬੰਧਤ ਦੋਸ਼ ਆਇਦ ਕੀਤੇ ਗਏ ਹਨ।

ਪੁਲਿਸ ਨੇ ਕਈ ਟ੍ਰੈਕਟਰ ਟ੍ਰੇਲਰ ਵੀ ਜ਼ਬਤ ਕੀਤੇ

ਪੁਲਿਸ ਮੁਤਾਬਕ ਡਫਰਿਨ ਐਂਡ ਕੈਲੇਡਨ ਕਮਿਊਨਿਟੀ ਸਟ੍ਰੀਟ ਕ੍ਰਾਈਮ ਯੂਨਿਟ ਵੱਲੋਂ ਵੀ ਮਾਮਲੇ ਵਿਚ ਸਹਿਯੋਗ ਦਿਤਾ ਗਿਆ ਅਤੇ ਸ਼ੱਕੀ ਵਿਰੁੱਧ ਅਪਰਾਧ ਰਾਹੀਂ ਹਾਸਲ 5 ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਪ੍ਰੌਪਰਟੀ ਰੱਖਣ, ਤਸਕਰੀ ਦੇ ਮਕਸਦ ਨਾਲ ਕੋਕੀਨ ਅਤੇ ਮੇਥਮਫੈਟਾਮਿਨ ਰੱਖਣ ਅਤੇ ਵ੍ਹੀਕਲ ਆਇਡੈਂਟੀਫਿਕੇਸ਼ਨ ਨੰਬਰ ਮਿਟਾਉਣ ਦੇ 8 ਦੋਸ਼ ਆਇਦ ਕੀਤੇ ਗਏ ਹਨ। ਇਥੇ ਦਸਣਾ ਬਣਦਾ ਹੈ ਕਿ ਪੁਲਿਸ ਕਾਰਵਾਈ ਦੌਰਾਨ 16,500 ਗ੍ਰਾਮ ਸ਼ੱਕੀ ਕੋਕੀਨ ਅਤੇ 560 ਗ੍ਰਾਮ ਮੇਥਮਫੈਟਾਮਿਨ ਬਰਾਮਦ ਕੀਤੀ ਗਈ। ਇਸ ਤੋਂ ਇਲਾਵ ਛੇ 53 ਫੁੱਟ ਲੰਮੇ ਟ੍ਰੇਲਰ, ਦੋ ਟਰੈਕਟਰ ਟ੍ਰੇਲਰ, ਇਕ ਨੋਟ ਗਿਣਨ ਵਾਲੀ ਮਸ਼ੀਨ ਅਤੇ ਇਕ ਵੈਕਿਊ ਸੀਲਰ ਬਰਾਮਦ ਕੀਤੇ ਗਏ। ਚੋਰੀ ਟਰੱਕਾਂ ਦੀ ਕੀਮਤ ਵੀ ਪੰਜ ਲੱਖ ਡਾਲਰ ਹੀ ਦੱਸੀ ਜਾ ਰਹੀ ਹੈ ਅਤੇ ਨਸ਼ਿਆਂ ਦਾ ਮੁੱਲ ਵੀ ਪੰਜ ਲੱਖ ਡਾਲਰ ਦੇ ਨੇੜੇ ਤੇੜੇ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਨਾਲ ਸਬੰਧਤ ਜਾਣਕਾਰੀ ਹੋਵੇ ਤਾਂ ਉਹ ਡਫਰਿਨ ਓ.ਪੀ.ਪੀ. ਨਾਲ 1888 310 1122 ’ਤੇ ਸੰਪਰਕ ਕਰੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨਾਲ 1800 222 8477 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Tags:    

Similar News