ਕੈਨੇਡਾ ਵਿਚ ਡਾਕ ਰਾਹੀਂ ਘਰ-ਘਰ ਪੁੱਜ ਰਿਹਾ ਨਸ਼ਾ
ਕੈਨੇਡਾ ਵਿਚ ਡਾਕ ਰਾਹੀਂ ਘਰ-ਘਰ ਹੋ ਰਹੀ ਨਸ਼ਿਆਂ ਦੀ ਸਪਲਾਈ ਨੇ ਸਰਕਾਰੀ ਅਦਾਰਿਆਂ ਦੀ ਕਾਬਲੀਅਤ ਉਤੇ ਸਵਾਲ ਖੜ੍ਹੇ ਕਰ ਦਿਤੇ ਹਨ ਜਦਕਿ ਦੂਜੇ ਪਾਸੇ ਨਸ਼ਿਆਂ ਦੀ ਖੇਪ ਸਣੇ ਗ੍ਰਿਫ਼ਤਾਰ ਦੋ ਭਾਰਤੀ ਟਰੱਕ ਡਰਾਈਵਰਾਂ ਵਿਚੋਂ ਇਕ ਨੂੰ ਜ਼ਮਾਨਤ ਮਿਲਣ ਦਾ ਮੁੱਦਾ ਭਖ ਗਿਆ ਹੈ
ਟੋਰਾਂਟੋ : ਕੈਨੇਡਾ ਵਿਚ ਡਾਕ ਰਾਹੀਂ ਘਰ-ਘਰ ਹੋ ਰਹੀ ਨਸ਼ਿਆਂ ਦੀ ਸਪਲਾਈ ਨੇ ਸਰਕਾਰੀ ਅਦਾਰਿਆਂ ਦੀ ਕਾਬਲੀਅਤ ਉਤੇ ਸਵਾਲ ਖੜ੍ਹੇ ਕਰ ਦਿਤੇ ਹਨ ਜਦਕਿ ਦੂਜੇ ਪਾਸੇ ਨਸ਼ਿਆਂ ਦੀ ਖੇਪ ਸਣੇ ਗ੍ਰਿਫ਼ਤਾਰ ਦੋ ਭਾਰਤੀ ਟਰੱਕ ਡਰਾਈਵਰਾਂ ਵਿਚੋਂ ਇਕ ਨੂੰ ਜ਼ਮਾਨਤ ਮਿਲਣ ਦਾ ਮੁੱਦਾ ਭਖ ਗਿਆ ਹੈ। ‘ਟੋਰਾਂਟੋ ਸਟਾਰ’ ਦੀ ਰਿਪੋਰਟ ਮੁਤਾਬਕ ਫੇਸਬੁੱਕ ’ਤੇ ਅਜਿਹੇ ਇਸ਼ਤਿਹਾਰਾਂ ਦੀ ਭਰਮਾਰ ਹੈ ਜਿਨ੍ਹਾਂ ਰਾਹੀਂ ਘਰ ਬੈਠੇ ਨਸ਼ੇ ਮੰਗਵਾਏ ਜਾ ਸਕਦੇ ਹਨ ਅਤੇ ਹੈਰਾਨਕੁੰਨ ਤਰੀਕੇ ਨਾਲ ਨਸ਼ਿਆਂ ਦੇ ਪੈਕਟ ਕੈਨੇਡਾ ਪੋਸਟ ਰਾਹੀਂ ਲੋਕਾਂ ਤੱਕ ਪੁੱਜ ਰਹੇ ਹਨ। ਟੋਰਾਂਟੋ ਸਟਾਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਟੀਮ ਵੱਲੋਂ 100 ਡਾਲਰ ਦੀ ਕੋਕੀਨ ਮੰਗਵਾਈ ਗਈ ਪਰ ਫੇਸਬੁਕ ’ਤੇ ਨਜ਼ਰ ਆਉਂਦੇ ਇਸ਼ਤਿਹਾਰਾਂ ਰਾਹੀਂ ਕੋਈ ਵੀ ਨਸ਼ਾ ਮੰਗਵਾਇਆ ਜਾ ਸਕਦਾ ਹੈ।
ਫੇਸਬੁੱਕ ’ਤੇ ਸ਼ਰ੍ਹੇਆਮ ਹੋ ਰਹੀ ਨਸ਼ਿਆਂ ਦੀ ਇਸ਼ਤਿਹਾਰ ਬਾਜ਼ੀ
ਮੀਡੀਆ ਟੀਮ ਨੇ ਟ੍ਰਿਪੀ ਨਾਂ ਦੀ ਆਨਲਾਈਨ ਸ਼ੌਪ ਤੋਂ ਕੋਕੀਨ ਮੰਗਵਾਈ ਅਤੇ ਕੈਨੇਡਾ ਪੋਸਟ ਦੀ ਐਕਸਪ੍ਰੈਸ ਪੋਸਟ ਰਾਹੀਂ ਟੀਮ ਤੱਕ ਪੁੱਜੀ। ਜਦੋਂ ਕੋਕੀਨ ਵਾਲੇ ਪੈਕਟ ਦੀ ਪੈੜ ਨੱਪਣ ਦਾ ਯਤਨ ਕੀਤਾ ਗਿਆ ਤਾਂ ਪਤਾ ਲੱਗਾ ਕਿ ਇਹ ਬੀ.ਸੀ. ਦੇ ਰਿਚਮੰਡ ਦੀ ਸਟੋਰੇਜ ਫੈਸੀਲਿਟੀ ਤੋਂ ਰਵਾਨਾ ਹੋਇਆ ਸੀ। ਉਧਰ ਕੈਨੇਡਾ ਪੋਸਟ ਨੇ ਦਲੀਲ ਦਿਤੀ ਹੈ ਕਿ ਪਿਛਲੇ ਸਾਲ 90 ਲੱਖ ਡਾਲਰ ਮੁੱਲ ਦੇ ਨਸ਼ੀਲੇ ਪਦਾਰਥ ਲਾਅ ਐਨਫ਼ੋਰਸਮੈਂਟ ਏਜੰਸੀਆਂ ਨੂੰ ਮੁਹੱਈਆ ਕਰਵਾਏ ਗਏ। ਕ੍ਰਾਊਨ ਕਾਰਪੋਰੇਸ਼ਨ ਦੇ ਇਕ ਬੁਲਾਰੇ ਨੇ ਕਿਹਾ ਕਿ ਡਾਕ ਰਾਹੀਂ ਨਸ਼ਿਆਂ ਦੀ ਸਪਲਾਈ ਨੂੰ ਠੱਲ੍ਹ ਪਾਉਣ ਵਾਸਤੇ ਪੁਲਿਸ ਦੀ ਹਰ ਸੰਭਵ ਮਦਦ ਕੀਤੀ ਜਾਂਦੀ ਹੈ। ਉਧਰ ਫੇਸਬੁਕ ਦੀ ਮਾਲਕ ਮੈਟਾ ਨੇ ਦਾਅਵਾ ਕੀਤਾ ਹੈ ਕਿ ਨਸ਼ਿਆਂ ਦਾ ਪ੍ਰਚਾਰ ਕਰਨ ਵਾਲੇ ਇਸ਼ਤਿਹਾਰ ਬਿਲਕੁਲ ਬਰਦਾਸ਼ਤ ਨਹੀਂ ਕੀਤੇ ਜਾਂਦੇ ਅਤੇ ਅਜਿਹੇ ਇਸ਼ਤਿਹਾਰਾਂ ਦਾ ਪਤਾ ਲਗਦਿਆਂ ਹੀ ਹਟਾ ਦਿਤਾ ਜਾਂਦਾ ਹੈ ਪਰ ਇਸ ਦੇ ਉਲਟ ਨਸ਼ੇ ਦੀ ਵਿਕਰੀ ਨਾਲ ਸਬੰਧਤ ਇਸ਼ਤਿਹਾਰ ਮੈਟਾ ਦੀ ਆਮਦਨ ਵਿਚ ਵਾਧਾ ਕਰ ਰਹੇ ਹਨ।
‘ਟੋਰਾਂਟੋ ਸਟਾਰ’ ਦੀ ਰਿਪੋਰਟ ਵਿਚ ਵੱਡੇ ਖੁਲਾਸੇ
ਮੈਟਾ ਦੀ ਐਡ ਲਾਇਬ੍ਰੇਰੀ ਵਿਚ ਇਸ਼ਤਿਹਾਰ ਜਾਰੀ ਕਰਨ ਵਾਲਿਆਂ ਦੇ ਫੇਸਬੁਕ ਪੇਜ ਅਤੇ ਐਡਮਨਿਸਟ੍ਰੇਟਰਜ਼ ਬਾਰੇ ਜਾਣਕਾਰੀ ਹੁੰਦੀ ਹੈ ਅਤੇ ਟੋਰਾਂਟੋ ਸਟਾਰ ਨੇ ਜਦੋਂ ਇਨ੍ਹਾਂ ਦੀ ਘੋਖ ਕੀਤੀ ਤਾਂ ਪਤਾ ਲੱਗਾ ਕਿਹਾ ਕਿ ਕੈਨੇਡੀਅਨ ਬਾਲਗਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਇਕ ਇਸ਼ਤਿਹਾਰ ਵਿਚ ਸਾਫ਼ ਤੌਰ ’ਤੇ ਕੋਕੀਨ ਦੀ ਤਸਵੀਰ ਵੀ ਨਜ਼ਰ ਆਈ ਪਰ ਇਸ ਰੁਝਾਨ ਨੂੰ ਰੋਕਣ ਦੇ ਠੋਸ ਉਪਰਾਲੇ ਨਜ਼ਰ ਨਹੀਂ ਆ ਰਹੇ। ਉਧਰ ਅਮਰੀਕਾ-ਕੈਨੇਡਾ ਦੇ ਬਾਰਡਰ ’ਤੇ ਲੱਖਾਂ ਡਾਲਰ ਦੀ ਮੈਥਮਫੈਟਾਮਿਨ ਸਣੇ ਗ੍ਰਿਫ਼ਤਾਰ 24 ਸਾਲ ਦੇ ਕਰਨ ਓਵਾਨ ਅਤੇ 32 ਸਾਲ ਦੇ ਗਗਨਦੀਪ ਸਿੰਘ ਦਾ ਮਸਲਾ ਚਰਚਾ ਵਿਚ ਹੈ। ਕਿੰਗਸਟਨ ਦੇ ਕਰਨ ਓਵਾਨ ਅਤੇ ਬਰੈਂਪਟਨ ਦੇ ਗਗਨਦੀਪ ਸਿੰਘ ਨੂੰ ਬੀਤੀ 18 ਅਕਤੂਬਰ ਨੂੰ ਸਾਰਨੀਆ ਦੇ ਬਲੂ ਵਾਟਰ ਬ੍ਰਿਜ ਤੋਂ ਕੈਨੇਡਾ ਵਿਚ ਦਾਖਲ ਹੁੰਦਿਆਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਇਨ੍ਹਾਂ ਵਿਚੋਂ ਕਰਨ ਓਵਾਨ ਨੂੰ ਅਣਦੱਸੇ ਕਾਰਨਾਂ ਕਰ ਕੇ ਜ਼ਮਾਨਤ ਮਿਲ ਗਈ ਜਦਕਿ ਗਗਨਦੀਪ ਸਿੰਘ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ 17 ਨਵੰਬਰ ਨੂੰ ਹੋਣੀ ਹੈ।
ਭਾਰਤੀ ਟਰੱਕ ਡਰਾਈਵਰ ਦੀ ਜ਼ਮਾਨਤ ਦਾ ਮੁੱਦਾ ਭਖਿਆ
ਕਰਨ ਓਵਾਨ ਨੂੰ ਆਪਣੇ ਪਾਸਪੋਰਟ ਸਣੇ ਸਾਰੇ ਯਾਤਰਾ ਦਸਤਾਵੇਜ਼ ਜਮ੍ਹਾਂ ਕਰਵਾਉਣ ਦੇ ਹੁਕਮ ਦਿਤੇ ਗਏ ਅਤੇ ਹਵਾਈ ਅੱਡੇ ਜਾਂ ਕੌਮਾਂਤਰੀ ਬਾਰਡਰ ਦੇ 100 ਮੀਟਰ ਦੇ ਘੇਰੇ ਵਿਚ ਜਾਣ ਤੋਂ ਸਖ਼ਤੀ ਨਾਲ ਵਰਜਿਆ ਗਿਆ ਹੈ। ਇਥੇ ਦਸਣਾ ਬਣਦਾ ਹੈ ਕਿ ਅਕਤੂਬਰ ਵਿਚ ਹੀ ਦੋ ਭਾਰਤੀ ਟਰੱਕ ਡਰਾਈਵਰਾਂ ਨੂੰ 11 ਮਿਲੀਅਨ ਡਾਲਰ ਮੁੱਲ ਦੀ ਕੋਕੀਨ ਕੈਨੇਡਾ ਲਿਆਉਣ ਦੇ ਦੋਸ਼ ਹੇਠ 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ। 44 ਸਾਲ ਦੇ ਵਿਕਰਮ ਦੱਤਾ ਅਤੇ 61 ਸਾਲ ਦੇ ਗੁਰਿੰਦਰ ਸਿੰਘ ਨੂੰ 11 ਦਸੰਬਰ 2022 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।