ਡਗ ਫ਼ੋਰਡ ਵੱਲੋਂ ਅਮਰੀਕਾ ਦਾ ਅਲਾਸਕਾ ਸੂਬਾ ਖਰੀਦਣ ਦੀ ਪੇਸ਼ਕਸ਼
ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣਾ ਦੀ ਸੁਰ ਅਲਾਪ ਰਹੇ ਡੌਨਲਡ ਟਰੰਪ ਨੂੰ ਮੋੜਵਾਂ ਜਵਾਬ ਦਿੰਦਿਆਂ ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਅਮਰੀਕਾ ਦਾ ਅਲਾਸਕਾ ਸੂਬਾ ਖਰੀਦਣ ਦੀ ਪੇਸ਼ਕਸ਼ ਕਰ ਦਿਤੀ।;
ਟੋਰਾਂਟੋ : ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣਾ ਦੀ ਸੁਰ ਅਲਾਪ ਰਹੇ ਡੌਨਲਡ ਟਰੰਪ ਨੂੰ ਮੋੜਵਾਂ ਜਵਾਬ ਦਿੰਦਿਆਂ ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਅਮਰੀਕਾ ਦਾ ਅਲਾਸਕਾ ਸੂਬਾ ਖਰੀਦਣ ਦੀ ਪੇਸ਼ਕਸ਼ ਕਰ ਦਿਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਗ ਫੋਰਡ ਨੇ ਕਿਹਾ, ‘‘ਜੇ ਅਸੀਂ ਅਲਾਸਕਾ ਖਰੀਦ ਲਈਏ ਅਤੇ ਇਸ ਦੇ ਨਾਲ ਹੀ ਮਿਨੇਸੋਟਾ ਵੱਲ ਵੀ ਧਿਆਨ ਕੇਂਦਰਤ ਕੀਤਾ ਜਾਵੇ ਤਾਂ ਕਿਵੇਂ ਰਹੇਗਾ?’’ ਡਗ ਫੋਰਡ ਦਾ ਕਹਿਣਾ ਸੀ ਕਿ ਟਰੰਪ ਵੱਲੋਂ ਕੀਤੀਆਂ ਜਾ ਰਹੀਆਂ ਗੱਲਾਂ ਅਸਲੀਅਤ ਤੋਂ ਕੋਹਾਂ ਦੂਰ ਹਨ। ਬਿਨਾਂ ਸ਼ੱਕ ਟਰੰਪ ਨੂੰ ਅਜਿਹੀਆਂ ਟਿੱਪਣੀਆਂ ਕਰਨ ਦੀ ਆਦਤ ਹੈ ਅਤੇ ਉਨ੍ਹਾਂ ਦੇ ਆਲੇ ਦੁਆਲੇ ਲਤੀਫਿਆਂ ਵਾਲਾ ਮਾਹੌਲ ਵੀ ਬਣਿਆ ਰਹਿੰਦਾ ਹੈ ਪਰ ਸੰਜੀਦਗੀ ਨਾਲ ਦੇਖਿਆ ਜਾਵੇ ਤਾਂ ਇਹ ਕਦੇ ਵੀ ਸੰਭਵ ਨਹੀਂ।
ਡੌਨਲਡ ਟਰੰਪ ਨੂੰ ਦਿਤਾ ਮੋੜਵਾਂ ਜਵਾਬ
ਦੱਸ ਦੇਈਏ ਕਿ ਉਨਟਾਰੀਓ ਦੇ ਪ੍ਰੀਮੀਅਰ ਇਸ ਤੋਂ ਪਹਿਲਾਂ ਅਮਰੀਕਾ ਦੀ ਸ਼ਰਾਬ ’ਤੇ ਪਾਬੰਦੀ ਲਾਉਣ ਅਤੇ ਅਮਰੀਕਾ ਨੂੰ ਵੇਚੀ ਜਾ ਰਹੀ ਬਿਜਲੀ ਬੰਦ ਕਰਨ ਦੀਆਂ ਗੱਲਾਂ ਕਰ ਚੁੱਕੇ ਹਨ ਪਰ ਕੈਨੇਡਾ ਦੇ ਕਈ ਸੂਬੇ ਉਨ੍ਹਾਂ ਨਾਲ ਸਹਿਮਤ ਨਜ਼ਰ ਨਹੀਂ ਆਏ। ਡਗ ਫੋਰਡ ਨੇ ਉਮੀਦ ਜ਼ਾਹਰ ਕੀਤੀ ਕਿ ਕੈਨੇਡਾ ਵਿਚ ਸਿਆਸੀ ਹਿਲਜੁਲ ਦੇ ਬਾਵਜੂਦ ਫੈਡਰਲ ਅਧਿਕਾਰੀਆਂ ਦਾ ਧਿਆਨ ਅਮਰੀਕਾ ਵੱਲੋਂ ਆ ਰਹੇ ਟੈਕਸਾਂ ਦੇ ਖਤਰੇ ਵੱਲ ਕੇਂਦਰਤ ਰਹੇਗਾ। ਜੇ ਫਿਰ ਵੀ ਅਮਰੀਕਾ ਵੱਲੋਂ ਸਖ਼ਤ ਫੈਸਲਾ ਲਿਆ ਜਾਂਦਾ ਹੈ ਤਾਂ ਕੈਨੇਡਾ ਸਰਕਾਰ ਕੋਲ ਜਵਾਬੀ ਯੋਜਨਾ ਹੋਣੀ ਲਾਜ਼ਮੀ ਹੈ। ਡਗ ਫ਼ੋਰਡ ਨੇ ਅੱਗੇ ਕਿਹਾ ਕਿ ਜਸਟਿਨ ਟਰੂਡੋ ਹਾਲੇ ਵੀ ਇਕ ਜਾਂ ਦੋ ਮਹੀਨੇ ਪ੍ਰਧਾਨ ਮੰਤਰੀ ਰਹਿਣਗੇ ਅਤੇ ਉਨ੍ਹਾਂ ਨੂੰ ਕੈਨੇਡੀਅਨ ਪ੍ਰੀਮੀਅਰਜ਼ ਨਾਲ ਆਹਮੋ ਸਾਹਮਣੀ ਮੀਟਿੰਗ ਕਰਦਿਆਂ ਠੋਸ ਰਣਨੀਤੀ ਤਿਆਰ ਕਰਨੀ ਚਾਹੀਦੀ ਹੈ।
ਨਵੇਂ ਚੁਣੇ ਰਾਸ਼ਟਰਪਤੀ ਦੀਆਂ ਗੱਲਾਂ ਅਸਲੀਅਤ ਤੋਂ ਕੋਹਾਂ ਦੂਰ : ਡੋਗ ਫੋਰਡ
ਉਧਰ ਟਰੰਪ ਨੇ ਟਰੂਡੋ ਦੇ ਅਸਤੀਫ਼ੇ ’ਤੇ ਟਿੱਪਣੀ ਕਰਦਿਆਂ ਦੁਹਰਾਇਆ ਕਿ ਵੱਡੀ ਗਿਣਤੀ ਵਿਚ ਕੈਨੇਡੀਅਨ ਅਮਰੀਕਾ ਦਾ 51ਵਾਂ ਸੂਬਾ ਬਣਨਾ ਚਾਹੁੰਦੇ ਹਨ। ਅਮਰੀਕਾ ਹੁਣ ਕੈਨੇਡਾ ਵਾਸਤੇ ਸਬਸਿਡੀਆਂ ਜਾਰੀ ਨਹੀਂ ਰੱਖ ਸਕਦਾ ਅਤੇ ਟਰੂਡੋ ਇਹ ਗੱਲ ਚੰਗੀ ਤਰ੍ਹਾਂ ਸਮਝ ਗਏ ਜਿਸ ਦੇ ਸਿੱਟੇ ਵਜੋਂ ਅਸਤੀਫ਼ਾ ਦੇ ਦਿਤਾ। ਟਰੰਪ ਨੇ ਕਿਹਾ ਕਿ ਜੇ ਕੈਨੇਡਾ, ਅਮਰੀਕਾ ਦਾ ਹਿੱਸਾ ਬਣ ਜਾਂਦਾ ਹੈ ਤਾਂ ਕੈਨੇਡੀਅਨ ਵਸਤਾਂ ’ਤੇ ਕੋਈ ਟੈਕਸ ਨਹੀਂ ਲੱਗੇਗਾ ਅਤੇ ਇਨਕਮ ਟੈਕਸ ਦਾ ਬੋਝ ਵੀ ਘਟ ਜਾਵੇਗਾ। ਸਿਰਫ ਐਨਾ ਹੀ ਨਹੀਂ ਕੈਨੇਡਾ ਵਾਲੇ ਰੂਸੀ ਜਾਂ ਚਾਇਨੀਜ਼ ਜਹਾਜ਼ਾਂ ਦੇ ਖਤਰੇ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਹੋ ਜਾਣਗੇ ਅਤੇ ਅਸੀਂ ਇਕ ਮਹਾਨ ਮੁਲਕ ਵਜੋਂ ਉਭਰਾਂਗੇ। ਇਥੇ ਦਸਣਾ ਬਣਦਾ ਹੈ ਕਿ ਅਮਰੀਕਾ ਅਤੇ ਕੈਨੇਡਾ ਵਿਚ ਸੋਮਵਾਰ ਨੂੰ ਦੋ ਵੱਡੇ ਸਿਆਸੀ ਘਟਨਾਕ੍ਰਮ ਸਾਹਮਣੇ ਆਏ। ਅਮਰੀਕਾ ਦੀ ਸੰਸਦ ਵਿਚ ਇਲੈਕਟੋਰਲ ਵੋਟਾਂ ਦੀ ਗਿਣਤੀ ਮਗਰੋਂ ਡੌਨਲਡ ਟਰੰਪ ਦੀ ਜਿੱਤ ’ਤੇ ਮੋਹਰ ਲੱਗ ਗਈ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਵੱਲੋਂ ਟਰੰਪ ਨੂੰ ਅਧਿਕਾਰਤ ਤੌਰ ’ਤੇ ਜੇਤੂ ਕਰਾਰ ਦਿਤਾ ਗਿਆ। ਦੂਜੇ ਪਾਸੇ ਜਸਟਿਨ ਟਰੂਡੋ ਨੇ ਪ੍ਰਧਾਨ ਮੰਤਰੀ ਦੀ ਕੁਰਸੀ ਅਤੇ ਲਿਬਰਲ ਆਗੂ ਦਾ ਅਹੁਦਾ ਦੋਵੇਂ ਛੱਡਣ ਦਾ ਵਾਅਦਾ ਕਰ ਦਿਤਾ ਪਰ ਇਸ ਤੋਂ ਪਹਿਲਾਂ ਲਿਬਰਲ ਪਾਰਟੀ ਨੂੰ ਆਪਣਾ ਨਵਾਂ ਆਗੂ ਚੁਣਨਾ ਹੋਵੇਗਾ।