ਕੰਜ਼ਰਵੇਟਿਵ ਉਮੀਦਵਾਰ ਨੂੰ ਮਹਿੰਗਾ ਪਿਆ ਪ੍ਰਧਾਨ ਮੰਤਰੀ ਮੋਦੀ ਦਾ ਨਾਂ ਲੈਣਾ
ਕੈਨੇਡੀਅਨ ਨਾਗਰਿਕਾਂ ਨੂੰ ਡਿਪੋਰਟ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਪੁਰਦ ਕਰਨ ਦੀ ਵਕਾਲਤ ਕਰਨ ਵਾਲੇ ਭਾਰਤੀ ਮੂਲ ਦੇ ਸਿਆਸਤਦਾਨ ਨੂੰ ਸੋਸ਼ਲ ਮੀਡੀਆ ਰਾਹੀਂ ਕੀਤੀ ਟਿੱਪਣੀ ਮਹਿੰਗੀ ਪੈ ਗਈ;

ਟੋਰਾਂਟੋ : ਕੈਨੇਡੀਅਨ ਨਾਗਰਿਕਾਂ ਨੂੰ ਡਿਪੋਰਟ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਪੁਰਦ ਕਰਨ ਦੀ ਵਕਾਲਤ ਕਰਨ ਵਾਲੇ ਭਾਰਤੀ ਮੂਲ ਦੇ ਸਿਆਸਤਦਾਨ ਨੂੰ ਸੋਸ਼ਲ ਮੀਡੀਆ ਰਾਹੀਂ ਕੀਤੀ ਟਿੱਪਣੀ ਮਹਿੰਗੀ ਪੈ ਗਈ। ਜੀ ਹਾਂ, ਕੰਜ਼ਰਵੇਟਿਵ ਪਾਰਟੀ ਨੇ ਈਟੋਬੀਕੋ ਨੌਰਥ ਤੋਂ ਆਪਣੇ ਉਮੀਦਵਾਰ ਡੌਨ ਪਟੇਲ ਨੂੰ ਬਾਹਰ ਦਾ ਰਾਹ ਦਿਖਾ ਦਿਤਾ ਹੈ ਅਤੇ 48 ਘੰਟੇ ਦੇ ਅੰਦਰ ਪਿਅਰੇ ਪੌਇਲੀਐਵ ਦੀ ਅਗਵਾਈ ਵਾਲੀ ਪਾਰਟੀ ਚਾਰ ਉਮੀਦਵਾਰਾਂ ਦੀ ਛੁੱਟੀ ਕਰ ਚੁੱਕੀ ਹੈ। ਕੰਜ਼ਰਵੇਟਿਵ ਪਾਰਟੀ ਦੇ ਇਕ ਬੁਲਾਰੇ ਨੇ ਕਿਹਾ ਕਿ ਕੈਨੇਡੀਅਨ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਅਹਿਮ ਹੈ ਅਤੇ ਅਜਿਹੇ ਬਿਆਨ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ ਜਿਸ ਦੇ ਮੱਦੇਨਜ਼ਰ ਟਿੱਪਣੀ ਕਰਨ ਵਾਲਾ ਹੁਣ ਪਾਰਟੀ ਦਾ ਉਮੀਦਵਾਰ ਨਹੀਂ ਰਿਹਾ।
ਡੌਨ ਪਟੇਲ ਦੀ ਈਟੋਬੀਕੋ ਨੌਰਥ ਤੋਂ ਉਮੀਦਵਾਰੀ ਰੱਦ
ਡੌਨ ਪਟੇਲ ਦੀ ਟਿੱਪਣੀ ਨੂੰ ਭਾਰਤ ਹਮਾਇਤੀ ਮੰਨਿਆ ਜਾ ਰਿਹਾ ਹੈ ਅਤੇ ਗੁਪਚੁੱਪ ਤਰੀਕੇ ਨਾਲ ਭਾਰਤ ਦੌਰਾ ਕਰਨ ਵਾਲੇ ਲਿਬਰਲ ਆਗੂ ਚੰਦਰਾ ਆਰਿਆ ਵੀ ਆਪਣੀ ਉਮੀਦਵਾਰ ਗਵਾ ਚੁੱਕੇ ਹਨ। ਕੰਜ਼ਰਵੇਟਿਵ ਪਾਰਟੀ ਵੱਲੋਂ ਬੁੱਧਵਾਰ ਸ਼ਾਮ ਕੀਤੀ ਗਈ ਕਾਰਵਾਈ ਤੋਂ ਪਹਿਲਾਂ ਨਿਊ ਵੈਸਟਮਿੰਸਟਰ-ਬਰਨਬੀ-ਮੇਲਾਰਡਵਿਲ ਪਾਰਲੀਮਾਨੀ ਹਲਕੇ ਤੋਂ ਕੰਜ਼ਰਵੇਟਿਵ ਉਮੀਦਵਾਰ ਲੌਰੈਂਸ ਸਿੰਘ ਦੀ ਉਮੀਦਵਾਰੀ ਰੱਦ ਕਰ ਦਿਤੀ ਗਈ। ਸੀ.ਟੀ.ਵੀ. ਨਾਲ ਗੱਲਬਾਤ ਕਰਦਿਆਂ ਲੌਰੈਂਸ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਾਰਟੀ ਦੀ ਕੌਮੀ ਕੌਂਸਲ ਨੂੰ ਇਕ ਪੱਤਰ ਲਿਖ ਕੇ ਉਮੀਦਵਾਰੀ ਰੱਦ ਕਰਨ ਦੇ ਫੈਸਲੇ ਉਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਗਈ ਹੈ। ਲੌਰੈਂਸ ਸਿੰਘ ਦੀ ਉਮੀਦਵਾਰੀ ਰੱਦ ਕਰਨ ਦਾ ਕਾਰਨ ਕੰਜ਼ਰਵੇਟਿਵ ਪਾਰਟੀ ਵੱਲੋਂ ਦੱਸਿਆ ਗਿਆ ਹੈ ਪਰ ਲੌਰੈਂਸ ਸਿੰਘ ਇਹ ਕਾਰਨ ਜਨਤਕ ਨਹੀਂ ਕਰਨਾ ਚਾਹੁੰਦੇ। ਇਥੇ ਦਸਣਾ ਬਣਦਾ ਹੈ ਕਿ ਮੌਂਟਰੀਅਲ ਦੇ ਲੌਰੀਅਰ-ਸੇਂਟ-ਮੈਰੀ ਪਾਰਲੀਮਾਨੀ ਹਲਕੇ ਤੋਂ ਉਮੀਦਵਾਰ ਸਟੈਫ਼ਨ ਮਾਰਕਸ ਨੂੰ ਸੋਸ਼ਲ ਮੀਡੀਆ ਰਾਹੀਂ ਕੌਵਿਡ 19, ਵੈਕਸੀਨੇਸ਼ਨ ਅਤੇ ਯੂਕਰੇਨ ਉਤੇ ਹਮਲੇ ਪਿੱਛੇ ਸਾਜ਼ਿਸ਼ਾਂ ਜ਼ਿੰਮੇਵਾਰ ਹੋਣ ਦੀਆਂ ਟਿੱਪਣੀਆਂ ਕੀਤੇ ਜਾਣ ਕਰ ਕੇ ਉਮੀਦਵਾਰੀ ਤੋਂ ਹਟਾਇਆ ਗਿਆ।
ਕੈਨੇਡੀਅਨ ਨਾਗਰਿਕਾਂ ਨੂੰ ਭਾਰਤ ਡਿਪੋਰਟ ਕਰਨ ਦੀ ਕੀਤੀ ਸੀ ਵਕਾਲਤ
ਮਾਰਕਸ ਵੱਲੋਂ ਸੋਸ਼ਲ ਮੀਡੀਆ ਰਾਹੀਂ ਲਿਬਰਲ ਆਗੂ ਮਾਰਕ ਕਾਰਨੀ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਅਤੇ ਉਨ੍ਹਾਂ ਨੂੰ ਕੈਨੇਡਾ ਦੇ ਆਰਥਿਕ ਹਾਲਾਤ ਦਾ ਫਾਇਦਾ ਉਠਾਉਣ ਵਾਲਾ ਸਾਬਕਾ ਬੈਂਕਰ ਕਰਾਰ ਦਿਤਾ। ਦੂਜੇ ਪਾਸੇ ਵਿੰਡਸਰ ਤੋਂ ਸਿਟੀ ਕੌਂਸਲਰ ਮਾਰਕ ਮਕੈਂਜ਼ੀ ਦੀ ਉਮੀਦਵਾਰੀ ਰੱਦ ਕੀਤੇ ਜਾਣ ਦਾ ਕਾਰਨ ਉੁਨ੍ਹਾਂ ਵੱਲੋਂ ਜਸਟਿਨ ਟਰੂਡੋ ਬਾਰੇ ਕੀਤਾ ਗਿਆ ਬੇਹੁਦਾ ਮਖੌਲ ਦੱਸਿਆ ਜਾ ਰਿਹਾ ਹੈ। ਦੱਸ ਦੇਈਏ ਕਿ ਕੈਨੇਡਾ ਵਿਚ 28 ਅਪ੍ਰੈਲ ਨੂੰ ਵੋਟਾਂ ਪੈਣੀਆਂ ਹਨ ਅਤੇ ਇਸ ਤੋਂ ਪਹਿਲਾਂ ਐਡਵਾਂਸ ਵੋਟਿੰਗ ਵੀ ਹੋਣੀ ਹੈ ਪਰ ਨਵੇਂ ਸਿਰੇ ਤੋਂ ਉਮੀਦਵਾਰ ਤੈਅ ਕਰਨਾ ਕੰਜ਼ਰਵੇਟਿਵ ਪਾਰਟੀ ਵਾਸਤੇ ਸੌਖਾ ਨਹੀਂ ਹੋਵੇਗਾ।