ਕੈਨੇਡੀਅਨ ਸੰਸਦ ਵਿਚ ਯਹੂਦੀਆਂ ਅਤੇ ਹਮਾਸ ਮੁੱਦੇ ’ਤੇ ਟਕਰਾਅ
ਕੈਨੇਡੀਅਨ ਸੰਸਦ ਵਿਚ ਸੋਮਵਾਰ ਨੂੰ ਤਣਾਅ ਭਰਿਆ ਮਾਹੌਲ ਬਣ ਗਿਆ ਜਦੋਂ ਵਿਦੇਸ਼ ਮੰਤਰੀ ਮੈਲਨੀ ਜੌਲੀ ਅਤੇ ਵਿਰੋਧੀ ਧਿਰ ਦੇ ਆਗੂ ਪਿਅਰੇ ਪੌਇਲੀਐਵ ਯਹੂਦੀਆਂ ਅਤੇ ਹਮਾਸ ਦੇ ਮੁੱਦੇ ’ਤੇ ਇਕ-ਦੂਜੇ ਨਾਲ ਭਿੜ ਗਏ।;
ਔਟਵਾ : ਕੈਨੇਡੀਅਨ ਸੰਸਦ ਵਿਚ ਸੋਮਵਾਰ ਨੂੰ ਤਣਾਅ ਭਰਿਆ ਮਾਹੌਲ ਬਣ ਗਿਆ ਜਦੋਂ ਵਿਦੇਸ਼ ਮੰਤਰੀ ਮੈਲਨੀ ਜੌਲੀ ਅਤੇ ਵਿਰੋਧੀ ਧਿਰ ਦੇ ਆਗੂ ਪਿਅਰੇ ਪੌਇਲੀਐਵ ਯਹੂਦੀਆਂ ਅਤੇ ਹਮਾਸ ਦੇ ਮੁੱਦੇ ’ਤੇ ਇਕ-ਦੂਜੇ ਨਾਲ ਭਿੜ ਗਏ। ਪੌਇਲੀਐਵ ਨੇ ਵਿਦੇਸ਼ ਮੰਤਰੀ ’ਤੇ ਹਮਾਸ ਹਮਾਇਤੀਆਂ ਪ੍ਰਤੀ ਨਰਮ ਰਵੱਈਆ ਰੱਖਣ ਦਾ ਦੋਸ਼ ਲਾਇਆ ਤਾਂ ਮੈਲਨੀ ਜੌਲੀ ਨੂੰ ਗੁੱਸਾ ਆ ਗਿਆ ਅਤੇ ਉਨ੍ਹਾਂ ਵਿਰੋਧੀ ਧਿਰ ਦੇ ਆਗੂ ਨੂੰ ਮੁਆਫੀ ਮੰਗਣ ਲਈ ਆਖਿਆ। ਦੂਜੇ ਪਾਸੇ ਸੋਮਵਾਰ ਦੇਰ ਸ਼ਾਮ ਇਕ ਹੋਰ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਕੰਜ਼ਰਵੇਟਿਵ ਆਗੂ ਪਿਅਰੇ ਪੌਇਲੀਐਵ ਆਹਮੋ ਸਾਹਮਣੇ ਹੋ ਗਏ। ਪਿਅਰੇ ਪੌਇਲੀਐਵ ਨੇ ਕੈਨੇਡਾ ਵਿਚ ਯਹੂਦੀਆਂ ਵਿਰੁੱਧ ਪੈਦਾ ਹੁੰਦੇ ਮਾਹੌਲ ਵਾਸਤੇ ਲਿਬਰਲ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਲਿਬਰਲ ਪਾਰਟੀ ਦੀ ਵਿਚਾਰਧਾਰਾ ਨਸਲਵਾਦ ’ਤੇ ਆਧਾਰਤ ਹੈ ਜੋ ਨਫ਼ਰਤ ਤੋਂ ਸਿਵਾਏ ਕੁਝ ਪੈਦਾ ਨਹੀਂ ਕਰਦੀ। ਟੋਰੀ ਆਗੂ ਨੇ ਬਿਰਜੂ ਦਾਤਾਨੀ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਦਾ ਮੁਖੀ ਥਾਪਣ ਦੀ ਮਿਸਾਲ ਵੀ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਸਰਕਾਰ ਨੂੰ ਬਦਲ ਦਿਤਾ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਆਉਣ ’ਤੇ ਫਲਸਤੀਨੀ ਰਫਿਊਜੀਆਂ ਵਾਸਤੇ ਕੰਮ ਕਰਨ ਵਾਲੇ ਸੰਯੁਕਤ ਰਾਸ਼ਟਰ ਦੀ ਇਕਾਈ ਨੂੰ ਫੰਡਿੰਗ ਬੰਦ ਕਰ ਦਿਤੀ ਜਾਵੇਗੀ ਅਤੇ ਯਹੂਦੀਆਂ ਵਿਰੁੱਧ ਨਫ਼ਰਤ ਪੈਦਾ ਕਰਨ ਵਾਲੀਆਂ ਯੂਨੀਵਰਸਿਟੀਆਂ ਨੂੰ ਵੀ ਫੈਡਰਲ ਸਰਕਾਰ ਤੋਂ ਫੰਡ ਨਹੀਂ ਮਿਲਣਗੇ।
ਵਿਰੋਧੀ ਧਿਰ ਦੇ ਆਗੂ ਨੇ ਵਿਦੇਸ਼ ਮੰਤਰੀ ’ਤੇ ਲਾਇਆ ਵੱਡਾ ਦੋਸ਼
ਇਜ਼ਰਾਈਲ ਉਤੇ ਹਮਾਸ ਦੇ ਹਮਲੇ ਦੀ ਪਹਿਲੀ ਬਰਸੀ ਮੌਕੇ ਕਰਵਾਏ ਸਮਾਗਮ ਦੌਰਾਨ ਵਿਰੋਧੀ ਧਿਰ ਦੇ ਆਗੂ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਬੋਧਨ ਕੀਤਾ ਅਤੇ ਕੈਨੇਡਾ ਵਿਚ ਯਹੂਦੀਆਂ ਵਿਰੁੱਧ ਜ਼ਹਿਰ ਫੈਲਾਉਣ ਵਾਲਿਆਂ ਦਾ ਡਟ ਕੇ ਟਾਕਰਾ ਕਰਨ ’ਤੇ ਜ਼ੋਰ ਦਿਤਾ। ਇਥੇ ਦਸਣਾ ਬਣਦਾ ਹੈ ਕਿ ਹਮਾਸ ਵੱਲੋਂ ਇਜ਼ਰਾਈਲ ’ਤੇ ਹਮਲਾ ਕੀਤੇ ਜਾਣ ਮਗਰੋਂ ਕੈਨੇਡਾ ਦੀਆਂ ਸੜਕਾਂ ’ਤੇ ਫਲਸਤੀਨ ਹਮਾਇਤੀ ਅਤੇ ਇਜ਼ਰਾਈਲ ਹਮਾਇਤੀ ਦੋਵੇਂ ਕਿਸਮ ਦੇ ਰੋਸ ਵਿਖਾਵੇ ਦੇਖਣ ਨੂੰ ਮਿਲੇ। ਸੰਸਦ ਵਿਚ ਵਿਰੋਧੀ ਧਿਰ ਵੱਲੋਂ ਕੀਤੇ ਸਵਾਲ ਦਾ ਜਵਾਬ ਦਿੰਦਿਆਂ ਵਿਦੇਸ਼ ਮੰਤਰੀ ਮੈਲਨੀ ਜੌਲੀ ਨੇ ਵਾਅਦਾ ਕੀਤਾ ਕਿ ਸਰਕਾਰ ਹਮੇਸ਼ਾ ਕੈਨੇਡੀਅਨ ਯਹੂਦੀਆਂ ਦਾ ਸਾਥ ਦੇਵੇਗੀ। ਵਿਦੇਸ਼ ਮੰਤਰੀ ਦੇ ਜਵਾਬ ਤੋਂ ਪੌਇਲੀਐਵ ਦੀ ਤਸੱਲੀ ਨਾ ਹੋਈ ਅਤੇ ਉਨ੍ਹਾਂ ਮੁੜ ਖੜ੍ਹੇ ਹੋ ਕੇ ਕਿਹਾ ਕਿ ਸਰਕਾਰ ਯਹੂਦੀਆਂ ਵਿਰੁੱਧ ਲਗਦੇ ਨਾਹਰਿਆਂ ਦੀ ਨਿਖੇਧੀ ਕਰੇ। ਇਸੇ ਦੌਰਾਨ ਨਿਆਂ ਮੰਤਰੀ ਆਰਿਫ ਵਿਰਾਨੀ ਖੜ੍ਹੇ ਹੋ ਗਏ ਅਤੇ ਕਿਹਾ ਕਿ ਸਰਕਾਰ ਹਮੇਸ਼ਾ ਤੋਂ ਕੈਨੇਡੀਅਨ ਯਹੂਦੀਆਂ ਵਿਰੁੱਧ ਨਫ਼ਰਤ ਦਾ ਟਾਕਰਾ ਕਰਦੀ ਆਈ ਹੈ। ਪੌਇਲੀਐਵ ਇਕ ਵਾਰ ਫਿਰ ਖੜੇ ਹੋ ਗਏ ਅਤੇ ਵਿਦੇਸ਼ ਮੰਤਰੀ ’ਤੇ ਯਹੂਦੀਆਂ ਵਿਰੁੱਧ ਨਾਹਰੇਬਾਜ਼ੀ ਦੀ ਨਿਖੇਧੀ ਕਰਨ ਤੋਂ ਟਾਲਾ ਵੱਟਣ ਦਾ ਦੋਸ਼ ਲਾਇਆ। ਟੋਰੀ ਆਗੂ ਨੇ ਕਿਹਾ ਕਿ ਵਿਦੇਸ਼ੀ ਮੰਤਰੀ ਵੱਲੋਂ ਆਪਣਾ ਫਰਜ਼ ਨਿਭਾਉਣ ਦੀ ਬਜਾਏ ਲੀਡਰਸ਼ਿਪ ਮੁਹਿੰਮ ਦੇ ਯਤਨ ਤਹਿਤ ਹਮਾਸ ਹਮਾਇਤੀਆਂ ਦਾ ਪੱਖ ਪੂਰਿਆ ਜਾ ਰਿਹਾ ਹੈ। ਟੋਰੀ ਦੀ ਇਸ ਟਿੱਪਣੀ ਤੋਂ ਵਿਦੇਸ਼ ਮੰਤਰੀ ਨੂੰ ਗੁੱਸਾ ਆ ਗਿਆ ਅਤੇ ਉਨ੍ਹਾਂ ਕਿਹਾ ਕਿ ਇਕ ਬਰਸੀ ਸਮਾਗਮ ਨੂੰ ਸਿਆਸੀ ਰੂਪ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ।