ਕੈਨੇਡਾ ਵਿਚ ਐਲ.ਐਮ.ਆਈ.ਏ. ਦੇ ਨਾਂ ’ਤੇ ਠੱਗੀਆਂ ਹੋਣਗੀਆਂ ਬੰਦ
ਆਰਜ਼ੀ ਵੀਜ਼ਾ ’ਤੇ ਕੈਨੇਡਾ ਆਏ ਲੋਕਾਂ ਦੀ ਵਧਦੀ ਗਿਣਤੀ ਨੂੰ ਠੱਲ੍ਹ ਪਾਉਣ ਅਤੇ ਐਲ.ਐਮ.ਆਈ.ਏ. ਦੇ ਨਾਂ ’ਤੇ ਵਿਦੇਸ਼ੀ ਨਾਗਰਿਕਾਂ ਨੂੰ ਠੱਗਣ ਵਾਲਿਆਂ ਦੇ ਮਨਸੂਬੇ ਅਸਫਲ ਕਰਨ ਦੇ ਇਰਾਦੇ ਨਾਲ ਟਰੂਡੋ ਸਰਕਾਰ ਨਵੀਂ ਨੀਤੀ ਲਿਆ ਰਹੀ ਹੈ।;
ਔਟਵਾ : ਆਰਜ਼ੀ ਵੀਜ਼ਾ ’ਤੇ ਕੈਨੇਡਾ ਆਏ ਲੋਕਾਂ ਦੀ ਵਧਦੀ ਗਿਣਤੀ ਨੂੰ ਠੱਲ੍ਹ ਪਾਉਣ ਅਤੇ ਐਲ.ਐਮ.ਆਈ.ਏ. ਦੇ ਨਾਂ ’ਤੇ ਵਿਦੇਸ਼ੀ ਨਾਗਰਿਕਾਂ ਨੂੰ ਠੱਗਣ ਵਾਲਿਆਂ ਦੇ ਮਨਸੂਬੇ ਅਸਫਲ ਕਰਨ ਦੇ ਇਰਾਦੇ ਨਾਲ ਟਰੂਡੋ ਸਰਕਾਰ ਨਵੀਂ ਨੀਤੀ ਲਿਆ ਰਹੀ ਹੈ। ਜੀ ਹਾਂ, ਨਵੀਂ ਨੀਤੀ ਤਹਿਤ ਘੱਟ ਤਨਖਾਹ ਵਾਲੀਆਂ ਨੌਕਰੀਆਂ ’ਤੇ ਆਰਜ਼ੀ ਵਿਦੇਸ਼ੀ ਕਾਮੇ ਸੱਦੇ ਨਹੀਂ ਜਾ ਸਕਣਗੇ ਅਤੇ ਪ੍ਰਿੰਸ ਐਡਰਵਡ ਆਇਲੈਂਡ ਦੇ ਮਾਮਲੇ ਵਿਚ ਘੱਟੋ ਘੱਟ ਉਜਰਤ 24 ਡਾਲਰ ਪ੍ਰਤੀ ਘੰਟਾ ਤੈਅ ਕੀਤੀ ਜਾ ਰਹੀ ਹੈ। ਵੱਖ-ਵੱਖ ਰਾਜਾਂ ਵਿਚ ਘੱਟੋ ਘੱਟ ਉਜਰਤ ਦਰ ਦੀ ਸ਼ਰਤ ਵੱਖੋ ਵੱਖਰੀ ਹੋ ਸਕਦੀ ਹੈ ਪਰ ਨੋਵਾ ਸਕੋਸ਼ੀਆ ਦੇ ਮਾਮਲੇ ਵਿਚ 39 ਡਾਲਰ ਪ੍ਰਤੀ ਘੰਟਾ ਦੀ ਉਜਰਤ ਦਰ ਅਦਾ ਕਰਨ ਵਾਲਿਆਂ ਨੂੰ ਹੀ ਆਰਜ਼ੀ ਵਿਦੇਸ਼ੀ ਕਾਮੇ ਸੱਦਣ ਦੀ ਇਜਾਜ਼ਤ ਮਿਲਣ ਦੇ ਆਸਾਰ ਹਨ। ਰੁਜ਼ਗਾਰ ਅਤੇ ਕਿਰਤੀ ਵਿਕਾਸ ਮੰਤਰੀ ਰੈਂਡੀ ਬੌਇਸਨੋ ਨੇ ਕਿਹਾ ਕਿ ਪਿਛਲੇ ਇਕ ਸਾਲ ਤੋਂ ਟੈਂਪਰੇਰੀ ਫੌਰਨ ਵਰਕਰ ਪ੍ਰੋਗਰਾਮ ਦੀ ਦੁਰਵਰਤੋਂ ਬਾਰੇ ਸੁਣਨ ਨੂੰ ਮਿਲ ਰਿਹਾ ਹੈ। ਕੈਨੇਡਾ ਪੁੱਜਣ ਵਾਲੇ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਸਿਹਤ ਅਤੇ ਸੁਰੱਖਿਆ ਦੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।
ਫੈਡਰਲ ਸਰਕਾਰ ਲਿਆ ਰਹੀ ਨਵੀਂ ਇੰਮੀਗ੍ਰੇਸ਼ਨ ਨੀਤੀ
ਵਿਦੇਸ਼ੀ ਕਾਮਿਆਂ ਨਾਲ ਠੱਗੀਆਂ ਰੋਕਣ ਵਾਸਤੇ ਇਸ ਯੋਜਨਾ ਵਿਚ ਸੁਧਾਰ ਲਿਆਉਣੇ ਲਾਜ਼ਮੀ ਹੋ ਚੁੱਕੇ ਹਨ ਜਿਸ ਦੇ ਮੱਦੇਨਜ਼ਰ ਐਲ.ਐਮ.ਆਈ.ਏ. ਫੀਸ ਵਿਚ ਵਾਧਾ ਕਰਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਛਾਪਿਆਂ ਦੀ ਗਿਣਤੀ ਵਧਾਉਣ ’ਤੇ ਜ਼ੋਰ ਦਿਤਾ ਜਾਵੇਗਾ। ਸਿਰਫ ਐਨਾ ਹੀ ਆਰਜ਼ੀ ਵਿਦੇਸ਼ੀ ਕਾਮੇ ਰੱਖਣ ਵਾਲੇ ਇੰਪਲੌਇਰਜ਼ ਵਾਸਤੇ ਵੀ ਸ਼ਰਤਾਂ ਸਖਤ ਕੀਤੀਆਂ ਜਾਣਗੀਆਂ। ਇਥੇ ਦਸਣਾ ਬਣਦਾ ਹੈ ਕਿ ਰੈਂਡੀ ਬੌਇਸਨੋ ਵੱਲੋਂ ਮੰਗਲਵਾਰ ਨੂੰ ਟ੍ਰਾਂਸਪੋਰਟੇਸ਼ਨ, ਐਗਰੀਕਲਚਰ ਅਤੇ ਫੂਡ ਐਂਡ ਬੈਵਰੇਜ ਸੈਕਟਰ ਦੇ ਨੁਮਾਇੰਦਿਆਂ ਨਾਲ ਇਸ ਮੁੱਦੇ ’ਤੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਦੂਜੇ ਪਾਸੇ ਆਰਜ਼ੀ ਵਿਦੇਸ਼ੀ ਕਾਮਿਆਂ ਦੇ ਸਹਾਰੇ ਚੱਲਣ ਵਾਲੇ ਉਦਯੋਗ ਨਵੇਂ ਨਿਯਮਾਂ ਤੋਂ ਚਿੰਤਤ ਨਜ਼ਰ ਆਏ। ਫੂਡ ਐਂਡ ਬੈਵਰੇਜ ਕੈਨੇਡਾ ਦੀ ਮੁੱਖ ਕਾਰਜਕਾਰੀ ਅਫਸਰ ਕ੍ਰਿਸਟੀਨਾ ਫੈਰਲ ਨੇ ਕਿਹਾ ਕਿ ਨਵੇਂ ਨਿਯਮ ਵੱਡਾ ਸੰਕਟ ਪੈਦਾ ਕਰ ਸਕਦੇ ਹਨ ਅਤੇ ਮੁਕਦੀ ਗੱਲ ਐਨੀ ਹੈ ਕਿ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਭਾਅ ਵਧਣਗੇ। ਦੱਸ ਦੇਈਏ ਕਿ ਟੈਂਪਰੇਰੀ ਫੌਰਨ ਵਰਕਰ ਪ੍ਰੋਗਰਾਮ ਅਧੀਨ ਸਾਲ 2023-24 ਦੌਰਾਨ 20 ਲੱਖ ਡਾਲਰ ਦੇ ਜੁਰਮਾਨੇ ਇੰਪਲੌਇਰਜ਼ ਨੂੰ ਕੀਤੇ ਗਏ ਅਤੇ ਇਹ ਅੰਕੜਾ ਇਸ ਤੋਂ ਪਿਛਲੇ ਵਰ੍ਹੇ ਦੇ ਮੁਕਾਬਲੇ 36 ਫ਼ੀ ਸਦੀ ਵੱਧ ਬਣਦਾ ਹੈ। ਵੱਡੀ ਗਿਣਤੀ ਵਿਚ ਜੁਰਮਾਨੇ ਹੋਣ ਦੇ ਬਾਵਜੂਦ ਫਰਜ਼ੀ ਲੇਬਰ ਮਾਰਕਿਟ ਇੰਪੈਕਟ ਅਸੈਸਮੈਂਟ ਦੇ ਨਾਂ ’ਤੇ ਪ੍ਰਵਾਸੀਆਂ ਤੋਂ 50-50 ਹਜ਼ਾਰ ਡਾਲਰ ਮੰਗੇ ਜਾ ਰਹੇ ਹਨ। ਇੰਮੀਗ੍ਰੇਸ਼ਨ ਵਿਭਾਗ ਦੇ ਨਿਯਮਾਂ ਤੋੜਨ ਵਾਲੇ ਇੰਪਲੌਇਰਜ਼ ਨੂੰ 100 ਡਾਲਰ ਤੋਂ ਇਕ ਡਾਲਰ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ ਅਤੇ ਸਾਲਾਨਾ ਆਧਾਰ ’ਤੇ ਇਹ ਰਕਮ 10 ਲੱਖ ਡਾਲਰ ਤੱਕ ਵੀ ਜਾ ਸਕਦੀ ਹੈ। ਇਸ ਵੇਲੇ ਸਭ ਤੋਂ ਵੱਧ ਆਰਜ਼ੀ ਵਿਦੇਸ਼ੀ ਕਾਮੇ ਐਗਰੀਕਲਚਰ ਸੈਕਟਰ ਵਿਚ ਕੰਮ ਕਰ ਰਹੇ ਹਨ ਪਰ ਅਸਲ ਗਿਣਤੀ ਦੱਸਣੀ ਸੰਭਵ ਨਹੀਂ। ਪਿਛਲੇ ਸਾਲ ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ਵੱਲੋਂ 2 ਲੱਖ 39 ਹਜ਼ਾਰ ਤੋਂ ਵੱਧ ਵਰਕ ਪਰਮਿਟ ਪ੍ਰਵਾਨ ਕੀਤੇ ਗਏ ਅਤੇ ਇਹ ਅੰਕੜਾ 2018 ਦੇ ਮੁਕਾਬਲੇ ਦੁੱਗਣੇ ਤੋਂ ਵੀ ਵੱਧ ਬਣਦਾ ਹੈ ਜਦੋਂ ਇਕ ਲੱਖ 9 ਹਜ਼ਾਰ ਵਰਕ ਪਰਮਿਟ ਜਾਰੀ ਕੀਤੇ ਗਏ ਸਨ। ਕੈਨੇਡਾ ਆਉਣ ਵਾਲੇ 10 ਆਰਜ਼ੀ ਵਿਦੇਸ਼ੀ ਕਾਮਿਆਂ ਵਿਚੋਂ ਇਕ ਦੀ ਸਾਲਾਨਾ ਕਮਾਈ 7500 ਡਾਲਰ ਤੋਂ ਵੀ ਘੱਟ ਹੁੰਦੀ ਹੈ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਨ੍ਹਾਂ ਨੂੰ ਕਿੰਨਾ ਜ਼ਿਆਦਾ ਲੁੱਟਿਆ ਜਾਂਦਾ ਹੈ।