ਕੈਪੀਟਲ ਗੇਨਜ਼ ਟੈਕਸ ਵਿਚ ਵਾਧਾ ਜਨਵਰੀ 2026 ਤੱਕ ਟਲਿਆ

ਟਰੂਡੋ ਸਰਕਾਰ ਵੱਲੋਂ ਕੈਪੀਟਲ ਗੇਨਜ਼ ਟੈਕਸ ਵਿਚ ਵਾਧਾ ਅਗਲੇ ਵਰ੍ਹੇ ਤੱਕ ਟਾਲ ਦਿਤਾ ਗਿਆ ਅਤੇ ਟੈਕਸ ਦੇ ਘੇਰੇ ਵਿਚ ਆਉਂਦੇ ਲੋਕਾਂ ਨੂੰ ਕਈ ਰਿਆਇਤਾਂ ਵੀ ਦਿਤੀਆਂ ਜਾ ਰਹੀਆਂ ਹਨ।;

Update: 2025-02-01 10:02 GMT

ਟੋਰਾਂਟੋ : ਟਰੂਡੋ ਸਰਕਾਰ ਵੱਲੋਂ ਕੈਪੀਟਲ ਗੇਨਜ਼ ਟੈਕਸ ਵਿਚ ਵਾਧਾ ਅਗਲੇ ਵਰ੍ਹੇ ਤੱਕ ਟਾਲ ਦਿਤਾ ਗਿਆ ਅਤੇ ਟੈਕਸ ਦੇ ਘੇਰੇ ਵਿਚ ਆਉਂਦੇ ਲੋਕਾਂ ਨੂੰ ਕਈ ਰਿਆਇਤਾਂ ਵੀ ਦਿਤੀਆਂ ਜਾ ਰਹੀਆਂ ਹਨ। ਹੁਣ ਕੈਪੀਟਲ ਗੇਨਜ਼ ਟੈਕਸ 1 ਜਨਵਰੀ 2026 ਤੋਂ ਲਾਗੂ ਹੋਵੇਗਾ ਪਰ ਉਸ ਵੇਲੇ ਤੱਕ ਮੁਲਕ ਵਿਚ ਨਵੀਂ ਸਰਕਾਰ ਸੱਤਾ ਸੰਭਾਲ ਚੁੱਕੀ ਹੋਵੇਗੀ। ਨਵੀਆਂ ਰਿਆਇਤਾਂ ਮੁਤਬਕ ਜੇ ਕਿਸੇ ਪਤੀ-ਪਤਨੀ ਵੱਲੋਂ ਮੁਨਾਫ਼ਾ ਹਾਸਲ ਕਰਨ ਦੇ ਮਕਸਦ ਨਾਲ ਆਪਣੀ ਪ੍ਰਮੁੱਖ ਜਾਇਦਾਦ ਤੋਂ ਇਲਾਵਾ ਦੂਜੀ ਜਾਇਦਾਦ ਵੇਚੀ ਜਾਂਦੀ ਹੈ ਤਾਂ ਉਨ੍ਹਾਂ ਨੂੰ 5 ਲੱਖ ਡਾਲਰ ਤੱਕ ਦੇ ਕੈਪੀਟਲ ਗੇਨ ’ਤੇ ਕੋਈ ਟੈਕਸ ਨਹੀਂ ਦੇਣਾ ਹੋਵੇਗਾ।

ਟਰੂਡੋ ਸਰਕਾਰ ਵੱਲੋਂ ਨਵੀਆਂ ਰਿਆਇਤਾਂ ਦਾ ਐਲਾਨ

ਇਕਹਿਰਾ ਮਾਲਕ ਹੋਣ ਦੀ ਸੂਰਤ ਵਿਚ ਰਕਮ ਢਾਈ ਲੱਖ ਰਹਿ ਜਾਵੇਗੀ। ਇਸ ਦੇ ਨਾਲ ਹੀ ਪੂਰੀ ਜ਼ਿੰਦਗੀ ਵਾਸਤੇ ਕੈਪੀਟਲ ਗੇਨ ਰਿਆਇਤ ਦੀ ਹੱਦ 10 ਲੱਖ 17 ਹਜ਼ਾਰ ਡਾਲਰ ਤੋਂ ਵਧਾ ਕੇ 12 ਲੱਖ 50 ਹਜ਼ਾਰ ਡਾਲਰ ਕਰ ਦਿਤੀ ਗਈ ਹੈ। ਫੈਡਰਲ ਸਰਕਾਰ ਵੱਲੋਂ ਜਾਰੀ ਪ੍ਰੈਸ ਰਿਲੀਜ਼ ਮੁਤਾਬਕ ਰਿਆਇਤ ਦੀ ਹੱਦ ਵਧਣ ਨਾਲ 22 ਲੱਖ 50 ਹਜ਼ਾਰ ਡਾਲਰ ਤੱਕ ਘੱਟ ਕੈਪੀਟਲ ਗੇਨ ਹਾਸਲ ਕਰਨ ਵਾਲਿਆਂ ਨੂੰ ਘੱਟ ਟੈਕਸ ਅਦਾ ਕਰਨਾ ਹੋਵੇਗਾ। ਕੈਨੇਡੀਅਨ ਫੈਡਰੇਸ਼ਨ ਆਫ਼ ਇੰਡੀਪੈਂਡੈਂਟ ਬਿਜ਼ਨਸ ਦੇ ਪ੍ਰਧਾਨ ਡੈਨ ਕੈਲੀ ਵੱਲੋਂ ਫੈਡਰਲ ਸਰਕਾਰ ਦੇ ਇਸ ਕਦਮ ਨੂੰ ਹੈਰਾਨਕੁੰਨ ਕਰਾਰ ਦਿਤਾ ਗਿਆ ਹੈ। ਪਿਛਲੇ ਸਾਲ ਕੈਪੀਟਲ ਗੇਨ ਟੈਕਸ ਵਧਾਉਣ ਬਾਰੇ ਐਲਾਨ ਹੋਣ ਵੇਲੇ ਤੋਂ ਹੀ ਜਥੇਬੰਦੀ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ।

ਪਤੀ-ਪਤਨੀ ਨੂੰ 5 ਲੱਖ ਡਾਲਰ ਦੇ ਕੈਪੀਟਲ ਗੇਨ ’ਤੇ ਟੈਕਸ ਮੁਆਫ਼

ਦੂਜੇ ਪਾਸੇ ਆਰਥਿਕ ਮਾਹਰ ਜਿਮ ਸਟੈਨਫੋਰਡ ਵੱਲੋਂ ਤਾਜ਼ਾ ਫੈਸਲੇ ਦੀ ਨੁਕਤਾਚੀਨੀ ਕੀਤੀ ਜਾ ਰਹੀ ਹੈ ਜਿਨ੍ਹਾਂ ਦਾ ਮੰਨਣਾ ਹੈ ਕਿ ਇਸ ਤਰੀਕੇ ਨਾਲ ਸਰਕਾਰ ਨੂੰ ਹੋਣ ਵਾਲੀ ਕਮਾਈ ਦੀ ਵਰਤੋਂ ਕਿਫ਼ਾਇਤੀ ਰਿਹਾਇਸ਼ ਜਾਂ ਡੈਂਟਲ ਕੇਅਰ ਜਾਂ ਫ਼ਾਰਮਾਕੇਅਰ ਵਾਸਤੇ ਕੀਤੀ ਜਾ ਸਕਦੀ ਸੀ। ਸਰਕਾਰ ਵੱਲੋਂ ਪੈਰ ਪਿੱਛੇ ਖਿੱਚਣ ਦਾ ਫਾਇਦਾ ਸਿਰਫ਼ ਅਤੇ ਸਿਰਫ਼ ਮੁੱਠੀ ਭਰ ਲੋਕਾਂ ਨੂੰ ਹੋਵੇਗਾ। 

Tags:    

Similar News