ਕੈਨੇਡਾ ਵਾਲਿਆਂ ਨੂੰ ਨਹੀਂ ਮਿਲੇਗੀ ਅਮਰੀਕਾ ਵਿਚ ਬਣੀ ਸ਼ਰਾਬ!
ਅਮਰੀਕਾ ਅਤੇ ਕੈਨੇਡਾ ਦੇ ਸਬੰਧਾਂ ਵਿਚ ਆ ਰਹੇ ਖਿਚਾਅ ਦਰਮਿਆਨ ਉਨਟਾਰੀਓ ਵੱਲੋਂ ਗੁਆਂਢੀ ਮੁਲਕ ਦੀ ਸ਼ਰਾਬ ’ਤੇ ਪਾਬੰਦੀ ਲਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ
ਟੋਰਾਂਟੋ : ਅਮਰੀਕਾ ਅਤੇ ਕੈਨੇਡਾ ਦੇ ਸਬੰਧਾਂ ਵਿਚ ਆ ਰਹੇ ਖਿਚਾਅ ਦਰਮਿਆਨ ਉਨਟਾਰੀਓ ਵੱਲੋਂ ਗੁਆਂਢੀ ਮੁਲਕ ਦੀ ਸ਼ਰਾਬ ’ਤੇ ਪਾਬੰਦੀ ਲਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਹੈ ਕਿ ਅਮਰੀਕਾ ਨੂੰ ਕੀਤੀ ਜਾ ਰਹੀ ਤੇਲ ਅਤੇ ਗੈਸ ਦੀ ਸਪਲਾਈ ਵਿਚ ਕੋਈ ਕਟੌਤੀ ਨਹੀਂ ਕੀਤੀ ਜਾਵੇਗਾ। ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਅਮਰੀਕਾ ਨੂੰ ਦਿਤੀ ਜਾ ਰਹੀ ਬਿਜਲੀ ਬੰਦ ਕਰਨ ਦੀ ਚਿਤਾਵਨੀ ਦੇ ਚੁੱਕੇ ਹਨ ਪਰ ਨਵੇਂ ਚੁਣੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਸਾਫ਼ ਲਫ਼ਜ਼ਾਂ ਵਿਚ ਆਖ ਦਿਤਾ ਕਿ ਸਾਨੂੰ ਕੋਈ ਪਰਵਾਹ ਨਹੀਂ। ਨਿਊ ਯਾਰਕ ਸਟੌਕ ਐਕਸਚੇਂਜ ਵਿਚ ਪੁੱਜੇ ਟਰੰਪ ਨੂੰ ਜਦੋਂ ਡਗ ਫੋਰਡ ਦੀ ਚਿਤਾਵਨੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕੋਈ ਗੱਲ ਨਹੀਂ, ਜੇ ਉਹ ਬਿਜਲੀ ਸਪਲਾਈ ਬੰਦ ਕਰਦੇ ਨੇ ਤਾਂ ਕਰ ਦੇਣ। ਅਮਰੀਕਾ ਆਪਣੇ ਗੁਆਂਢੀ ਕੈਨੇਡਾ ਨੂੰ ਰਿਆਇਤਾਂ ਦੇ ਰਿਹਾ ਹੈ ਪਰ ਅਸੀਂ ਅਜਿਹਾ ਬਿਲਕੁਲ ਨਹੀਂ ਕਰਾਂਗੇ।
ਬਿਜਲੀ ਸਪਲਾਈ ਬੰਦ ਕਰਨ ਦੀ ਚਿਤਾਵਨੀ ਨੂੰ ਟਰੰਪ ਨੇ ਕੋਈ ਅਹਿਮੀਅਤ ਨਾ ਦਿਤੀ
ਇਸੇ ਦੌਰਾਨ ਡਗ ਫੋਰਡ ਸਰਕਾਰ ਦੇ ਇਕ ਅਫਸਰ ਨੇ ਕਿਹਾ ਕਿ ਲਿਕਰ ਕੰਟਰੋਲ ਬੋਰਡ ਆਫ਼ ਉਨਟਾਰੀਓ ਦੇ ਸਟੋਰਾਂ ਵਿਚ ਅਮਰੀਕਾ ਵਿਚ ਬਣੀ ਸ਼ਰਾਬ ਵੇਚਣ ’ਤੇ ਪਾਬੰਦੀ ਲਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਡਗ ਫੋਰਡ ਨੇ ਮੁੜ ਬਿਜਲੀ ਦਾ ਕਿੱਸਾ ਛੇੜ ਲਿਆ ਅਤੇ ਕਿਹਾ ਕਿ ਉਨਟਾਰੀਓ ਦੇ ਅਮਰੀਕਾ ਦੇ ਤਿੰਨ ਰਾਜਾਂ ਵਿਚ 15 ਲੱਖ ਘਰਾਂ ਵਾਸਤੇ ਬਿਜਲੀ ਸਪਲਾਈ ਕੀਤੀ ਪਰ ਹੁਣ ਜਦੋਂ ਕੋਈ ਰਾਹ ਨਜ਼ਰ ਨਹੀਂ ਆਉਂਦਾ ਤਾਂ ਸਪਲਾਈ ਬੰਦ ਕਰਨੀ ਪੈ ਸਕਦੀ ਹੈ। ਉਨਟਾਰੀਓ ਸਰਕਾਰ ਅਮਰੀਕਾ ਨੂੰ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਉਹ ਕੈਨੇਡੀਅਨ ਲੋਕਾਂ ਦੇ ਰੁਜ਼ਗਾਰ ’ਤੇ ਹਮਲਾ ਕਰ ਰਹੇ ਹਨ। ਉਨਟਾਰੀਓ ਦੇ ਬਿਜਲੀ ਮੰਤਰੀ ਸਟੀਫ਼ ਲੈਚੇ ਨੇ ਕਿਹਾ ਕਿ ਸੂਬਾ ਸਰਕਾਰ ਅਮਰੀਕਾ ਨਾਲ ਤਾਲੇਮਲ ਰੱਖਣਾ ਚਾਹੁੰਦਾ ਹੈ ਪਰ ਬਿਜਲੀ ਵੇਚਣ ਦੀ ਪ੍ਰਕਿਰਿਆ ਬੰਦ ਕਰਨ ਦਾ ਰਾਹ ਵੀ ਖੁੱਲ੍ਹਾ ਰੱਖਿਆ ਗਿਆ ਹੈ। ਉਧਰ ਹਾਈਡਰੋ ਕਿਊਬੈਕ ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਮਾਈਕਲ ਸਾਬੀਆ ਨੇ ਕਿਹਾ ਕਿ ਫਿਲਹਾਲ ਮੈਸਾਚਿਊਸੈਟਸ ਜਾਂ ਨਿਊ ਯਾਰਕ ਨੂੰ ਬਿਜਲੀ ਵੇਚਣੀ ਬੰਦ ਕਰਨ ’ਤੇ ਕੋਈ ਵਿਚਾਰ ਨਹੀਂ ਕੀਤਾ ਗਿਆ ਪਰ ਇਹ ਸੰਭਵ ਹੋ ਸਕਦਾ ਹੈ। ਉਨ੍ਹਾਂ ਕਿਹਾ, ‘‘ਸਾਡੀ ਇੱਛਾ ਮੌਜੂਦਾ ਰੂਪ ਵਿਚ ਹੀ ਅੱਗੇ ਵਧਣ ਦੀ ਹੈ ਪਰ ਕਾਰੋਬਾਰੀ ਟਕਰਾਅ ਹੋਣ ਦੀ ਸੂਰਤ ਵਿਚ ਵਿਚਾਰ ਬਦਲੇ ਵੀ ਜਾ ਸਕਦੇ ਹਨ।’’ ਇਸੇ ਦੌਰਾਨ ਮੈਨੀਟੋਬਾ ਦੇ ਪ੍ਰੀਮੀਅਰ ਵੈਬ ਕਿਨਿਊ ਵੱਲੋਂ ਇਸ ਬਾਰੇ ਸਪੱਸ਼ਟ ਜਵਾਬ ਨਾ ਦਿਤਾ ਗਿਆ ਕਿ ਕੀ ਉਨ੍ਹਾਂ ਦਾ ਸੂਬਾ ਅਮਰੀਕਾ ਨੂੰ ਬਿਜਲੀ ਵੇਚਣੀ ਬੰਦ ਕਰ ਸਕਦਾ ਹੈ।
ਦੋਸਤਾਨਾ ਸਬੰਧਾਂ ਵਿਚ ਪੈਣ ਲੱਗੀਆਂ ਤਰੇੜਾਂ
ਨਿਊ ਫਾਊਂਡਲੈਂਡ ਐਂਡ ਲੈਬਰਾਡੌਰ ਦੇ ਪ੍ਰੀਮੀਅਰ ਐਂਡਰਿਊ ਫਰੀ ਨੇ ਡੈਨੀਅਲ ਸਮਿੱਥ ਦੀ ਸੁਰ ਵਿਚ ਸੁਰ ਮਿਲਾਉਂਦਿਆਂ ਕਿਹਾ ਕਿ ਅਮਰੀਕਾ ਨੂੰ ਬਿਜਲੀ ਸਪਲਾਈ ਬੰਦ ਕਰਨ ਦਾ ਕੋਈ ਇਰਾਦਾ ਨਹੀਂ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਕੈਨੇਡੀਅਨ ਵਸਤਾਂ ’ਤੇ ਟੈਕਸਾਂ ਦੀ ਧਮਕੀ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਜਾਵੇਗਾ। ਇਥੇ ਦਸਣਾ ਬਣਦਾ ਹੈ ਕਿ ਅਮਰੀਕਾ ਵੱਲੋਂ ਇੰਪੋਰਟ ਕੀਤੇ ਜਾਣ ਵਾਲੇ ਕੱਚੇ ਤੇਲ ਵਿਚੋਂ 60 ਫੀ ਸਦੀ ਹਿੱਸਾ ਕੈਨੇਡਾ ਤੋਂ ਆਉਂਦਾ ਹੈ ਅਤੇ ਬਿਜਲੀ ਦੇ ਮਾਮਲੇ ਵਿਚ ਇਹ ਅੰਕੜਾ 85 ਫ਼ੀ ਸਦੀ ਬਣਦਾ ਹੈ। ਕੈਨੇਡਾ ਵੱਲੋਂ ਪਿਛਲੇ ਸਾਲ 170 ਅਰਬ ਡਾਲਰ ਦੇ ਊਰਜਾ ਉਤਪਾਦ ਅਮਰੀਕਾ ਭੇਜੇ ਗਏ ਜਦਕਿ 34 ਬੇਹੱਦ ਜ਼ਰੂਰੀ ਖਣਿਜ ਪਦਾਰਥ ਵੀ ਐਕਸਪੋਰਟ ਕੀਤੇ ਗਏ ਜੋ ਅਮਰੀਕਾ ਦੇ ਰੱਖਿਆ ਮੰਤਰਾਲੇ ਵਾਸਤੇ ਬੇਹੱਦ ਕੀਮਤੀ ਹਨ।