ਕੈਨੇਡਾ ਵਾਲਿਆਂ ਨੂੰ ਦੇਸੀ ਚੀਜ਼ਾਂ ਖਰੀਦਣ ਦਾ ਸੱਦਾ
ਅਮਰੀਕਾ ਨਾਲ ਕਾਰੋਬਾਰੀ ਜੰਗ ਦੀ ਤਿਆਰੀ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਕੈਨੇਡੀਅਨ ਰਾਜਾਂ ਦੇ ਪ੍ਰੀਮੀਅਰਜ਼ ਵੱਲੋਂ ਮੁਲਕ ਦੇ ਲੋਕਾਂ ਨੂੰ ਦੇਸੀ ਚੀਜ਼ਾਂ ਖਰੀਦਣ ਦਾ ਸੱਦਾ ਦਿਤਾ ਗਿਆ ਹੈ।;
ਟੋਰਾਂਟੋ : ਅਮਰੀਕਾ ਨਾਲ ਕਾਰੋਬਾਰੀ ਜੰਗ ਦੀ ਤਿਆਰੀ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਕੈਨੇਡੀਅਨ ਰਾਜਾਂ ਦੇ ਪ੍ਰੀਮੀਅਰਜ਼ ਵੱਲੋਂ ਮੁਲਕ ਦੇ ਲੋਕਾਂ ਨੂੰ ਦੇਸੀ ਚੀਜ਼ਾਂ ਖਰੀਦਣ ਦਾ ਸੱਦਾ ਦਿਤਾ ਗਿਆ ਹੈ। ਪ੍ਰਧਾਨ ਮੰਤਰੀ ਅਤੇ ਪ੍ਰੀਮੀਅਰਜ਼ ਦਰਮਿਆਨ ਬੁੱਧਵਾਰ ਨੂੰ ਇਕ ਹੋਰ ਮੀਟਿੰਗ ਹੋਈ ਜਿਸ ਦੌਰਾਨ ਗੈਰ ਰਸਮੀ ਤੌਰ ’ਤੇ ਸਿਰਫ ਕੈਨੇਡੀਅਨ ਵਸਤਾਂ ਖਰੀਦਣ ’ਤੇ ਜ਼ੋਰ ਦਿੰਦੀ ਮੁਹਿੰਮ ਸ਼ੁਰੂ ਕਰਨ ਦਾ ਸੁਝਾਅ ਦਿਤਾ ਗਿਆ। ਕੌਂਸਲ ਆਫ਼ ਫੈਡਰੇਸ਼ਨ ਦੇ ਮੌਜੂਦਾ ਮੁਖੀ ਅਤੇ ਉਨਟਾਰੀਓ ਦੇ ਪ੍ਰੀਮੀਅਰ ਡਗ ਫ਼ੋਰਡ ਨੇ ਦੱਸਿਆ ਕਿ ਅਮਰੀਕਾ ਵੱਲੋਂ ਟੈਕਸ ਦੇ ਰੂਪ ਵਿਚ ਵਸੂਲੇ ਜਾਣ ਵਾਲੇ ਹਰ ਡਾਲਰ ਉਤੇ ਬਰਾਬਰ ਦਾ ਟੈਕਸ ਲਾਉਣ ਦਾ ਸੁਝਾਅ ਉਭਰ ਕੇ ਸਾਹਮਣੇ ਆਇਆ ਹੈ।
ਪ੍ਰਧਾਨ ਮੰਤਰੀ ਟਰੂਡੋ ਅਤੇ ਪ੍ਰੀਮੀਅਰਜ਼ ਦਰਮਿਆਨ ਮੁੜ ਹੋਈ ਮੀਟਿੰਗ
ਵਰਚੁਅਲ ਮੀਟਿੰਗ ਮਗਰੋਂ ਕੁਈਨਜ਼ ਪਾਰਕ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਡਗ ਫ਼ੋਰਡ ਨੇ ਕਿਹਾ ਕਿ ਕੈਨੇਡਾ ਨੂੰ ਅਜਿਹੀ ਕਾਰਵਾਈ ਕਰਨੀ ਹੋਵੇਗੀ ਜੋ ਅਮਰੀਕਾ ਵਾਸੀਆਂ ਨੂੰ ਤਿੱਖੀ ਚੋਭ ਮਾਰੇ ਜਿਵੇਂ ਕਿ ਟਰੰਪ ਦੇ ਟੈਕਸਾਂ ਨਾਲ ਕੈਨੇਡਾ ਵਾਸੀਆਂ ਦਾ ਨੁਕਸਾਨ ਹੋਵੇਗਾ। ਉਨਟਾਰੀਓ ਦੇ ਪ੍ਰੀਮੀਅਰ ਨੇ ਤਕੜੇ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਅਮਰੀਕਾ ਦੇ ਲੋਕਾਂ ਤੱਕ ਸੇਕ ਪਹੁੰਚਾ ਕੇ ਹੀ ਕੋਈ ਟੀਚਾ ਹਾਸਲ ਕੀਤਾ ਜਾ ਸਕਦਾ ਹੈ ਕਿਉਂਕਿ ਰਿਪਬਲਿਕਨ ਪਾਰਟੀ ਦਾ ਸੰਸਦ ਦੇ ਦੋਹਾਂ ਸਦਨਾਂ ਵਿਚ ਬਹੁਮਤ ਹੈ ਅਤੇ ਇਸ ਦੇ ਨਾਲ ਰਿਪਬਲਿਕਨ ਗਵਰਨਰਾਂ ਦੀ ਗਿਣਤੀ ਵੀ ਵੱਧ ਬਣਦੀ ਹੈ। ਦੂਜੇ ਪਾਸੇ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਦੇ ਰਾਹ ’ਤੇ ਅੱਗੇ ਵਧਦਿਆਂ ਸਸਕੈਚਵਨ ਦੇ ਪ੍ਰੀਮੀਅਰ ਸਕੌਟ ਮੋਅ ਨੇ ਉਹ ਅਮਰੀਕਾ ਵਿਰੁੱਧ ਬਰਾਬਰੀ ਦੇ ਟੈਕਸ ਲਾਏ ਜਾਣ ਦੇ ਹੱਕ ਵਿਚ ਨਹੀਂ ਅਤੇ ਸਸਕੈਚਵਨ ਤੋਂ ਜਾਣ ਵਾਲੀਆਂ ਵਸਤਾਂ ’ਤੇ ਐਕਸਪੋਰਟ ਟੈਕਸ ਦਾ ਵੀ ਵਿਰੋਧ ਕਰਨਗੇ। ਇਸੇ ਦੌਰਾਨ ਡਗ ਫ਼ੋਰਡ ਵੱਲੋਂ ਘਰੇਲੂ ਪੱਧਰ ’ਤੇ ਮੁਕਤ ਵਪਾਰ ਦੀ ਵਕਾਲਤ ਕਰਦਿਆਂ ਸਾਰੇ ਅੜਿੱਕੇ ਖਤਮ ਕਰਨ ਦਾ ਸੱਦਾ ਦਿਤਾ ਗਿਆ। ਚਿੱਟਾ ਹਾਥੀ ਬਣ ਚੁੱਕੇ ਪ੍ਰੋਜੈਕਟਾਂ ਜਿਵੇਂ ਸੈਂਟਰਲ ਕੈਨੇਡਾ ਤੋਂ ਉਨਟਾਰੀਓ ਆਉਣ ਵਾਲੀ ਤੇਲ ਪਾਈਪਲਾਈਨ ਅਤੇ ਬੀ.ਸੀ. ਰਾਹੀਂ ਨੌਰਦਨ ਗੇਟਵੇਅ ਪ੍ਰੌਜੈਕਟ, ਕੈਨੇਡਾ ਦੀ ਗੁਆਂਢੀ ਮੁਲਕ ’ਤੇ ਨਿਰਭਰਤਾ ਨੂੰ ਘਟਾ ਸਕਦਾ ਹੈ।
ਅਮਰੀਕੀ ਵਸਤਾਂ ’ਤੇ ਬਰਾਬਰ ਦਾ ਟੈਕਸ ਲਾਉਣ ਦਾ ਸੁਝਾਅ
ਨੋਵਾ ਸਕੋਸ਼ੀਆ ਦੇ ਪ੍ਰੀਮੀਅਰ ਟਿਮ ਹਿਊਸਟਨ ਦਾ ਕਹਿਣਾ ਸੀ ਕਿ ਲਾਲ ਫ਼ੀਤਾਸ਼ਾਹੀ ਖਤਮ ਕਰਦਿਆਂ ਘਰੇਲੂ ਪੱਧਰ ’ਤੇ ਵਪਾਰ ਨੂੰ ਹੁਲਾਰਾ ਦਿਤਾ ਜਾ ਸਕਦਾ ਹੈ। ਆਪਣੇ ਸੂਬੇ ਦੇ ਇਕ ਕੰਪਨੀ ਦੀ ਮਿਸਾਲ ਪੇਸ਼ ਕਰਦਿਆਂ ਉਨ੍ਹਾਂ ਕਿਹਾ ਕਿ ਮੈਡੀਕਲ ਖੇਤਰ ਦਾ ਸਾਜ਼ੋ ਸਮਾਨ ਤਿਆਰ ਕਰਨ ਵਾਲੇ ਇਹ ਕੰਪਨੀ ਸਿਰਫ਼ ਅਮਰੀਕਾ ਨੂੰ ਆਪਣੇ ਉਤਪਾਦ ਵੇਚਦੀ ਹੈ ਕਿਉਂਕਿ ਕੈਨੇਡੀਅਨ ਰਾਜਾਂ ਵਿਚ ਮੈਡੀਕਲ ਡਿਵਾਈਸ ਵੇਚਣ ਵਾਸਤੇ ਕਈ ਕਿਸਮ ਦੇ ਪਾਪੜ ਵੇਲਣੇ ਪੈਣਗੇ। ਉਨ੍ਹਾਂ ਅੱਗੇ ਕਿਹਾ ਕਿ ਕੋਈ ਵੀ ਟਰੰਪ ਟੈਕਸ ਨਹੀਂ ਚਾਹੁੰਦਾ ਜਿਸ ਦੇ ਮੱਦੇਨਜਜ਼ਰ ਮੌਜੂਦਾ ਹਾਲਾਤ ਨੂੰ ਅੰਦਰੂਨੀ ਵਪਾਰੀ ਨਾਲ ਸਬੰਧਤ ਨੀਤੀਆਂ ਮਜ਼ਬੂਤ ਕਰਨ ਵਾਸਤੇ ਵਰਤਿਆ ਜਾਵੇ।