ਕੈਨੇਡੀਅਨ ਸੰਸਦ ਵੱਲੋਂ 1984 ਦੇ ਸਿੱਖ ਕਤਲੇਆਮ ਨੂੰ ‘ਸਿੱਖ ਨਸਲਕੁਸ਼ੀ’ ਮੰਨਣ ਤੋਂ ਨਾਂਹ

1984 ਦੇ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਐਲਾਨੇ ਜਾਣ ਦੀ ਮੰਗ ਕਰਦਾ ਮਤਾ ਕੈਨੇਡੀਅਨ ਸੰਸਦ ਵਿਚ ਰੱਦ ਹੋ ਗਿਆ।;

Update: 2024-12-07 11:39 GMT



ਔਟਵਾ : 1984 ਦੇ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਐਲਾਨੇ ਜਾਣ ਦੀ ਮੰਗ ਕਰਦਾ ਮਤਾ ਕੈਨੇਡੀਅਨ ਸੰਸਦ ਵਿਚ ਰੱਦ ਹੋ ਗਿਆ। ਲਿਬਰਲ ਐਮ.ਪੀ. ਸੁਖ ਧਾਲੀਵਾਲ ਵੱਲੋਂ ਪੇਸ਼ ਮਤੇ ਦਾ ਸੱਤਾਧਾਰੀ ਲਿਬਰਲ ਪਾਰਟੀ ਅਤੇ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਨਾਲ ਸਬੰਧਤ ਕਈ ਐਮ.ਪੀਜ਼ ਨੇ ਵਿਰੋਧ ਕੀਤਾ ਜਿਸ ਮਗਰੋਂ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਨੇ ਦੋਹਾਂ ਪਾਰਟੀਆਂ ’ਤੇ ਸਿੱਖਾਂ ਨੂੰ ਪਿੱਠ ਦਿਖਾਉਣ ਦਾ ਦੋਸ਼ ਲਾਇਆ।

ਸੁਖ ਧਾਲੀਵਾਲ ਵੱਲੋਂ ਪੇਸ਼ ਮਤੇ ਦਾ ਲਿਬਰਲ ਅਤੇ ਟੋਰੀ ਐਮ.ਪੀਜ਼ ਵੱਲੋਂ ਵਿਰੋਧ

ਦੂਜੇ ਪਾਸੇ ਲਿਬਰਲ ਪਾਰਟੀ ਦੇ ਐਮ.ਪੀ. ਚੰਦਰਾ ਆਰਿਆ ਨੇ ਦਾਅਵਾ ਕੀਤਾ ਕਿ ਮਤੇ ਦਾ ਵਿਰੋਧ ਕਰਨ ਮਗਰੋਂ ਉਨ੍ਹਾਂ ਨੂੰ ਸੰਸਦ ਦੇ ਬਾਹਰ ਘੇਰ ਕੇ ਧਮਕਾਇਆ ਗਿਆ। ਸੁਖ ਧਾਲੀਵਾਲ ਵੱਲੋਂ ਜਿਉਂ ਹੀ 1984 ਦੇ ਸਿੱਖ ਕਤਲੇਆਮ ਨੂੰ ਸਰਬਸੰਮਤੀ ਨਾਲ ਸਿੱਖ ਨਸਲਕੁਸ਼ੀ ਐਲਾਨੇ ਜਾਣ ਦਾ ਮਤੇ ਪੇਸ਼ ਕੀਤਾ ਗਿਆ ਤਾਂ ਹਾਊਸ ਆਫ਼ ਕਾਮਨਜ਼ ਵਿਚੋਂ ‘ਨਹੀਂ’ ਵਾਲੀਆਂ ਕਈ ਆਵਾਜ਼ਾਂ ਉਠੀਆਂ ਜਿਸ ਮਗਰੋਂ ਸਪੀਕਰ ਨੇ ਮਤੇ ਨੂੰ ਸਿੱਧੇ ਤੌਰ ’ਤੇ ਰੱਦ ਮੰਨ ਲਿਆ। ਮਤਾ ਅਸਫ਼ਲ ਰਹਿਣ ਮਗਰੋਂ ਜਗਮੀਤ ਸਿੰਘ ਨੇ ਟਿੱਪਣੀ ਕਰਦਿਆਂ ਕਿਹਾ ਕਿ ਲਿਬਰਲਾਂ ਅਤੇ ਟੋਰੀਆਂ ਨੇ ਇਕਜੁਟ ਹੋ ਕੇ ਸਿੱਖ ਨਸਲਕੁਸ਼ੀ ਨਾਲ ਸਬੰਧਤ ਮਤੇ ਨੂੰ ਰੋਕਿਆ ਉਨ੍ਹਾਂ ਦੋਸ਼ ਲਾਇਆ ਕਿ ਕੰਜ਼ਰਵੇਟਿਵ ਪਾਰਟੀ ਅਤੇ ਲਿਬਰਲ ਪਾਰਟੀ ਕੈਨੇਡਾ ਵਿਚ ਵਸਦੇ ਸਿੱਖਾਂ ਨੂੰ ਇਨਸਾਫ਼ ਦਿਵਾਉਣ ਵਿਚ ਪੂਰੀ ਤਰ੍ਹਾਂ ਅਸਫ਼ਲ ਰਹੇ।

ਸੱਤਾਧਾਰੀ ਅਤੇ ਵਿਰੋਧੀ ਧਿਰ ਨੇ ਸਿੱਖਾਂ ਨੂੰ ਪਿੱਠ ਦਿਖਾਈ : ਜਗਮੀਤ ਸਿੰਘ

ਜਗਮੀਤ ਸਿੰਘ ਨੇ ਆਖਿਆ ਕਿ ਸੱਤਾਧਾਰੀ ਅਤੇ ਵਿਰੋਧੀ ਧਿਰ ਦੋਹਾਂ ਨੂੰ ਸਭ ਕੁਝ ਪਤਾ ਹੈ ਅਤੇ ਉਹ ਸਿੱਖਾਂ ਦੀਆਂ ਚਿੰਤਾਂਵਾਂ ਦੂਰ ਕਰ ਸਕਦੀਆਂ ਹਨ ਪਰ ਇਨਸਾਫ਼ ਦੇ ਨਾਂ ’ਤੇ ਦੋਹਾਂ ਨੇ ਪਿੱਠ ਦਿਖਾ ਦਿਤੀ। ਇਥੇ ਦਸਣਾ ਬਣਦਾ ਹੈ ਕਿ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਵੀ 1984 ਦੇ ਸਿੱਖ ਕਤਲੇਆਮ ਨੂੰ ਨਸਲਕੁਸ਼ੀ ਐਲਾਨੇ ਜਾਣ ਨਾਲ ਸਬੰਧਤ ਮਤਾ ਲਿਆਉਣ ਦੀ ਗੱਲ ਕਰ ਚੁੱਕੇ ਹਨ। ਇਸੇ ਦੌਰਾਨ ਨੇਪੀਅਨ ਤੋਂ ਲਿਬਰਲ ਐਮ.ਪੀ. ਚੰਦਰਾ ਆਰਿਆ ਨੇ ਹਾਊਸ ਆਫ਼ ਕਾਮਨਜ਼ ਵਿਚ ਖੜ੍ਹੇ ਹੋ ਕੇ ਦੋਸ਼ ਲਾਇਆ ਕਿ ਇਕ ਸਾਥੀ ਐਮ.ਪੀ. ਵੱਲੋਂ ਉਨ੍ਹਾਂ ਨੂੰ ਧਮਕਾਇਆ ਗਿਆ। ਸਦਨ ਵਿਚ ਭਾਵੇਂ ਚੰਦਰਾ ਆਰਿਆ ਵੱਲੋਂ ਕਿਸੇ ਦਾ ਨਾਂ ਨਹੀਂ ਲਿਆ ਗਿਆ ਪਰ ਆਪਣੇ ਐਕਸ ਅਕਾਊਂਟ ’ਤੇ ਅਪਲੋਡ ਵੀਡੀਓ ਵਿਚ ਉਹ ਸੁਖ ਧਾਲੀਵਾਲ ਦਾ ਨਾਂ ਲੈਂਦੇ ਸੁਣੇ ਜਾ ਸਕਦੇ ਹਨ।

ਚੰਦਰਾ ਆਰਿਆ ਨੇ ਸੁਖ ਧਾਲੀਵਾਲ ’ਤੇ ਲਾਏ ਧਮਕਾਉਣ ਦੇ ਦੋਸ਼

ਚੰਦਰਾ ਆਰਿਆ ਵੱਲੋਂ ਦਾਅਵਾ ਕੀਤਾ ਗਿਆ ਕਿ ਸਿਰਫ ਉਨ੍ਹਾਂ ਦੇ ਨਾਂਹ ਕਹਿਣ ਨਾਲ ਮਤਾ ਰੱਦ ਹੋ ਗਿਆ ਪਰ ਸੀ.ਬੀ.ਸੀ. ਦੀ ਰਿਪੋਰਟ ਵਿਚ ਸਪੱਸ਼ਟ ਤੌਰ ’ਤੇ ਦੱਸਿਆ ਗਿਆ ਹੈ ਕਿ ਕਈ ਐਮ.ਪੀਜ਼ ਨੇ ਮਤੇ ਦਾ ਵਿਰੋਧ ਕੀਤਾ। ਚੰਦਰਾ ਆਰਿਆ ਵੱਲੋਂ ਸਿੱਖ ਨਸਲਕੁਸ਼ੀ ਦੇ ਮੁੱਦੇ ਨੂੰ ਖਾਲਿਸਤਾਨ ਹਮਾਇਤੀਆਂ ਨਾਲ ਜੋੜਨ ਦਾ ਯਤਨ ਵੀ ਕੀਤਾ ਗਿਆ ਅਤੇ ਸੋਸ਼ਲ ਮੀਡੀਆ ਪੋਸਟ ਰਾਹੀਂ ਹਿੰਦੂ ਕੈਨੇਡੀਅਨਜ਼ ਨੂੰ ਮੈਦਾਨ ਵਿਚ ਆਉਣ ਦਾ ਭੜਕਾਊ ਸੱਦਾ ਵੀ ਦਿਤਾ ਗਿਆ।

Tags:    

Similar News