ਕੈਨੇਡਾ ਦਾ ਸਿੱਖ ਮੰਤਰੀ ਆ ਗਿਆ ਫਿਰਕੂ ਤਾਕਤਾਂ ਦੇ ਨਿਸ਼ਾਨੇ ’ਤੇ
ਕੈਨੇਡਾ ਦੇ ਰੱਖਿਆ ਮੰਤਰੀ ਰਹਿ ਚੁੱਕੇ ਹਰਜੀਤ ਸਿੰਘ ਸੱਜਣ ਵਿਰੁੱਧ ਗੰਭੀਰ ਦੋਸ਼ ਲਾਉਂਦੀ ਇਕ ਰਿਪੋਰਟ ਸਾਹਮਣੇ ਆਈ ਹੈ। ‘ਦਾ ਗਲੋਬ ਐਂਡ ਮੇਲ’ ਦੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਜਦੋਂ ਤਿੰਨ ਸਾਲ ਪਹਿਲਾਂ ਅਫਗਾਨਿਸਤਾਨ ਵਿਚ ਤਾਲਿਬਾਨ ਕਾਬਜ਼ ਹੋ ਰਿਹਾ ਸੀ ਤਾਂ ਹਰਜੀਤ ਸਿੰਘ ਸੱਜਣ ਵੱਲੋਂ ਕਾਬੁਲ ਵਿਖੇ ਫਸੇ 225 ਸਿੱਖਾਂ ਨੂੰ ਸੁਰੱਖਿਅਤ ਕੱਢਣ ਦੀ ਜ਼ਿੰਮੇਵਾਰ ਕੈਨੇਡੀਅਨ ਫੌਜ ਨੂੰ ਸੌਂਪੀ ਗਈ ਜਦਕਿ ਦੂਜੇ ਪਾਸੇ ਵੱਡੀ ਗਿਣਤੀ ਵਿਚ ਕੈਨੇਡੀਅਨ ਨਾਗਰਿਕਾਂ ਨੂੰ ਕੱਢਿਆ ਜਾਣਾ ਬਾਕੀ ਸੀ।
ਔਟਵਾ : ਕੈਨੇਡਾ ਦੇ ਰੱਖਿਆ ਮੰਤਰੀ ਰਹਿ ਚੁੱਕੇ ਹਰਜੀਤ ਸਿੰਘ ਸੱਜਣ ਵਿਰੁੱਧ ਗੰਭੀਰ ਦੋਸ਼ ਲਾਉਂਦੀ ਇਕ ਰਿਪੋਰਟ ਸਾਹਮਣੇ ਆਈ ਹੈ। ‘ਦਾ ਗਲੋਬ ਐਂਡ ਮੇਲ’ ਦੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਜਦੋਂ ਤਿੰਨ ਸਾਲ ਪਹਿਲਾਂ ਅਫਗਾਨਿਸਤਾਨ ਵਿਚ ਤਾਲਿਬਾਨ ਕਾਬਜ਼ ਹੋ ਰਿਹਾ ਸੀ ਤਾਂ ਹਰਜੀਤ ਸਿੰਘ ਸੱਜਣ ਵੱਲੋਂ ਕਾਬੁਲ ਵਿਖੇ ਫਸੇ 225 ਸਿੱਖਾਂ ਨੂੰ ਸੁਰੱਖਿਅਤ ਕੱਢਣ ਦੀ ਜ਼ਿੰਮੇਵਾਰ ਕੈਨੇਡੀਅਨ ਫੌਜ ਨੂੰ ਸੌਂਪੀ ਗਈ ਜਦਕਿ ਦੂਜੇ ਪਾਸੇ ਵੱਡੀ ਗਿਣਤੀ ਵਿਚ ਕੈਨੇਡੀਅਨ ਨਾਗਰਿਕਾਂ ਨੂੰ ਕੱਢਿਆ ਜਾਣਾ ਬਾਕੀ ਸੀ। ਉਧਰ ਹਰਜੀਤ ਸਿੰਘ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਉਨ੍ਹਾਂ ਵੱਲੋਂ ਫੌਜ ਨੂੰ ਅਜਿਹਾ ਕੋਈ ਹੁਕਮ ਨਹੀਂ ਦਿਤਾ ਗਿਆ। ਹਰਜੀਤ ਸਿੰਘ ਸੱਜਣ ਨੇ ਦਾਅਵਾ ਕੀਤਾ ਕਿ ਅਫਗਾਨਿਸਤਾਨ ਵਿਚ ਸਿੱਖਾਂ ਨੂੰ ਕੈਨੇਡੀਅਨ ਨਾਗਰਿਕਤਾਂ ਤੋਂ ਵੱਧ ਅਹਿਮੀਅਤ ਨਹੀਂ ਦਿਤੀ ਗਈ। ਅਗਸਤ 2021 ਦੇ ਹਾਲਾਤ ਬਿਆਨ ਕਰਦਿਆਂ ਉਨ੍ਹਾਂ ਕਿਹਾ ਕਿ ਇਕ ਕੈਨੇਡੀਅਨ ਸਿੱਖ ਜਥੇਬੰਦੀ ਤੋਂ ਮਿਲੀ ਜਾਣਕਾਰੀ ਨੂੰ ਫੌਜ ਨਾਲ ਸਿਰਫ ਸਾਂਝਾ ਕੀਤਾ ਗਿਆ ਸੀ। ਇਸ ਦੇ ਉਲਟ ‘ਦਾ ਗਲੋਬ ਐਂਡ ਮੇਲ’ ਦੀ ਰਿਪੋਰਟ ਵਿਚ ਉਸ ਵੇਲੇ ਦੇ ਘਟਨਾਕ੍ਰਮ ਨੂੰ ਵੱਖੋ ਵੱਖਰੇ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।
225 ਸਿੱਖਾਂ ਨੂੰ ਬਚਾਉਣ ਦੇ ਯਤਨਾਂ ਬਾਰੇ ਕੀਤਾ ਜਾ ਰਿਹਾ ਭੰਡੀ ਪ੍ਰਚਾਰ
ਸੂਤਰਾਂ ਦੇ ਹਵਾਲੇ ਨਾਲ ਪ੍ਰਕਾਸ਼ਤ ਰਿਪੋਰਟ ਹੈ ਕਿ ਕੈਨੇਡੀਅਨ ਫੌਜ ਦਾ ਪਹਿਲਾ ਫਰਜ਼ ਕਾਬੁਲ ਵਿਚ ਫਸੇ ਕੈਨੇਡੀਅਨ ਨਾਗਰਿਕਾਂ, ਪਰਮਾਨੈਂਟ ਰੈਜ਼ੀਡੈਂਟਸ ਅਤੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਨੂੰ ਸੁਰੱਖਿਅਤ ਕੱਢਣਾ ਸੀ ਜਦਕਿ ਉਸ ਵੇਲੇ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਕਥਿਤ ਤੌਰ ’ਤੇ ਗੈਰਜ਼ਰੂਰੀ ਤਰੀਕੇ ਨਾਲ 225 ਸਿੱਖਾਂ ਨੂੰ ਬਚਾਉਣ ਸਬੰਧੀ ਹਦਾਇਤ ਜਾਰੀ ਕਰ ਦਿਤੀ। ਦੱਸ ਦੇਈਏ ਕਿ ਇਸ ਵੇਲੇ ਹਰਜੀਤ ਸਿੰਘ ਸੱਜਣ ਐਮਰਜੰਸੀ ਤਿਆਰੀਆਂ ਨਾਲ ਸਬੰਧਤ ਮੰਤਰਾਲਾ ਸੰਭਾਲ ਰਹੇ ਹਨ। ਰਿਪੋਰਟ ਕਹਿੰਦੀ ਹੈ ਕਿ ਅਫਗਾਨ ਸਿੱਖਾਂ ਬਾਰੇ ਰੱਖਿਆ ਮੰਤਰੀ ਦਾ ਸੁਨੇਹਾ ਮਿਲਣ ਮਗਰੋਂ ਕੈਨੇਡੀਅਨ ਫੌਜ ਸਿੱਖਾਂ ਦੀ ਭਾਲ ਕਰਨ ਅਤੇ ਉਨ੍ਹਾਂ ਨੂੰ ਹਵਾਈ ਅੱਡੇ ਤੱਕ ਲਿਆਉਣ ਦੇ ਯਤਨਾਂ ਵਿਚ ਜੁਟ ਗਈ। ਫੌਜ ਨਾਲ ਸਬੰਧਤ ਸੂਤਰਾਂ ਦੇ ਹਵਾਲੇ ਨਾਲ ਰਿਪੋਰਟ ਵਿਚ ਕਿਹਾ ਗਿਆ ਕਿ ਸਿੱਖਾਂ ਨੂੰ ਬਚਾਉਣ ਦਾ ਮਿਸ਼ਨ ਵੱਡਾ ਅੜਿੱਕਾ ਸਾਬਤ ਹੋਇਆ ਕਿਉਂਕਿ ਕੈਨੇਡੀਅਨ ਫੌਜ ਆਪਣੇ ਨਾਗਰਿਕਾਂ ਨੂੰ ਜਲਦ ਤੋਂ ਜਲਦ ਅਫਗਾਨਿਸਤਾਨ ਤੋਂ ਬਾਹਰ ਭੇਜਣਾ ਚਾਹੁੰਦੀ ਸੀ। ਇਸੇ ਦੌਰਾਨ ਬੀ.ਸੀ. ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਜੀਤ ਸਿੰਘ ਸੱਜਣ ਨੇ ‘ਦਾ ਗਲੋਬ ਐਂਡ ਮੇਲ’ ਦੇ ਦਾਅਵੇ ਨੂੰ ਸਰਾਸਰ ਬੇਤੁਕਾ ਕਰਾਰ ਦਿਤਾ। ਉਨ੍ਹਾਂ ਕਿਹਾ ਕਿ ਅਫਗਾਨ ਸਿੱਖਾਂ ਨੂੰ ਸੁਰੱਖਿਅਤ ਕੱਢਣਾ ਫੈਡਰਲ ਸਰਕਾਰ ਦੀ ਨੀਤੀ ਰਹੀ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਕੱਢਣ ਦੇ ਯਤਨ ਕੀਤੇ ਗਏ। ਹਰਜੀਤ ਸਿੰਘ ਸੱਜਣ ਨੇ ਦਲੀਲ ਦਿਤੀ ਕਿ ਉਨ੍ਹਾਂ ਨੂੰ ਸਿਰਫ ਇਸ ਕਰ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਉਹ ਇਕ ਸਿੱਖ ਹਨ। ਜੇ ਉਹ ਸਿੱਖ ਨਾ ਹੁੰਦੇ ਤਾਂ ਅਫਗਾਨ ਸਿੱਖਾਂ ਦੀ ਮਦਦ ਲਈ ਕੀਤੇ ਯਤਨਾਂ ਬਾਰੇ ਕੋਈ ਸਵਾਲ ਨਾ ਉਠਦਾ। ਵਰਲਡ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਹਰਜੀਤ ਸਿੰਘ ਸੱਜਣ ਦੇ ਇਸ ਦਾਅਵੇ ਨਾਲ ਸਹਿਮਤੀ ਪ੍ਰਗਟਾਈ ਗਈ ਹੈ। ਜਥੇਬੰਦੀ ਨੇ ਕਿਹਾ ਕਿ ਫੈਡਰਲ ਮੰਤਰੀ ਵਿਰੁੱਧ ਲੱਗੇ ਦੋਸ਼ ਪੂਰੀ ਤਰ੍ਹਾਂ ਗੈਰਵਾਜਬ ਹਨ ਅਤੇ ਇਨ੍ਹਾਂ ਦਾ ਮਕਸਦ ਸਿਰਫ ਸਿੱਖਾਂ ਨਾਲ ਵਿਤਕਰਾ ਦੀ ਸੋਚ ਨੂੰ ਉਭਾਰਨਾ ਹੈ। ਜਥੇਬੰਦੀ ਨੇ ਦੱਸਿਆ ਕਿ 25 ਕੈਨੇਡੀਅਨ ਐਮ.ਪੀਜ਼ ਵੱਲੋਂ ਪਾਰਟੀ ਹੱਦਾਂ ਤੋਂ ਉਪਰ ਉਠ ਕੇ ਜੁਲਾਈ 2020 ਵਿਚ ਉਸ ਵੇਲੇ ਇੰਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਨੂੰ ਇਕ ਪੱਤਰ ਲਿਖਦਿਆਂ ਅਫਗਾਨ ਸਿੱਖਾਂ ਅਤੇ ਹਿੰਦੂਆਂ ਵਾਸਤੇ ਵਿਸ਼ੇਸ਼ ਯੋਜਨਾ ਉਲੀਕਣ ਦਾ ਸੱਦਾ ਦਿਤਾ ਗਿਆ ਜਿਥੇ ਘੱਟ ਗਿਣਤੀਆਂ ਨੂੰ ਆਤਮਘਾਤੀ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਦੂਜੇ ਪਾਸੇ ਇਸ ਵਿਵਾਦ ਬਾਰੇ ਕੌਮੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਅਫਗਾਨਿਸਤਾਨ ਵਿਚੋਂ ਲੋਕਾਂ ਨੂੰ ਕੱਢਣ ਦੀ ਕਾਰਵਾਈ ਕੈਨੇਡਾ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕੀਤੀ ਗਈ।