ਕੈਨੇਡਾ ਦਾ ਸਿੱਖ ਬਾਰਡਰ ਅਫਸਰ ਭਾਰਤ ਵਿਚ ਭਗੌੜਾ ਅਪਰਾਧੀ
ਕੈਨੇਡਾ ਅਤੇ ਭਾਰਤ ਦਰਮਿਆਨ ਤਣਾਅ ਹੋਰ ਵਧਦਾ ਨਜ਼ਰ ਆਇਆ ਜਦੋਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਸਿੱਖ ਮੁਲਾਜ਼ਮ ਨੂੰ ਭਗੌੜੇ ਖਾੜਕੂਆਂ ਦੀ ਸੂਚੀ ਵਿਚ ਸ਼ਾਮਲ ਕਰ ਦਿਤਾ ਗਿਆ। ਸੀ;
ਨਵੀਂ ਦਿੱਲੀ : ਕੈਨੇਡਾ ਅਤੇ ਭਾਰਤ ਦਰਮਿਆਨ ਤਣਾਅ ਹੋਰ ਵਧਦਾ ਨਜ਼ਰ ਆਇਆ ਜਦੋਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਸਿੱਖ ਮੁਲਾਜ਼ਮ ਨੂੰ ਭਗੌੜੇ ਖਾੜਕੂਆਂ ਦੀ ਸੂਚੀ ਵਿਚ ਸ਼ਾਮਲ ਕਰ ਦਿਤਾ ਗਿਆ। ਸੀ.ਬੀ.ਐਸ.ਏ. ਅਫਸਰ ਦਾ ਨਾਂ ਸੰਦੀਪ ਸਿੰਘ ਸਿੱਧੂ ਦੱਸਿਆ ਜਾ ਰਿਹਾ ਹੈ ਜਿਸ ਦੀ ਹਵਾਲਗੀ ਭਾਰਤ ਸਰਕਾਰ ਵੱਲੋਂ ਮੰਗੀ ਗਈ ਹੈ। ਭਾਰਤੀ ਮੀਡੀਆ ਵਿਚ ਆਈਆਂ ਰਿਪੋਰਟਾਂ ਮੁਤਾਬਕ ਸੰਦੀਪ ਸਿੰਘ ਸਿੱਧੂ ਨੂੰ ਪਾਬੰਦੀਸ਼ੁਦਾ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਾ ਮੈਂਬਰ ਦੱਸਿਆ ਜਾ ਰਿਹਾ ਹੈ ਅਤੇ ਪੰਜਾਬ ਵਿਚ ਹਿੰਸਕ ਸਰਗਰਮੀਆਂ ਨੂੰ ਸ਼ਹਿ ਦੇਣ ਦੇ ਦੋਸ਼ ਲੱਗੇ ਹਨ। ਸੰਦੀਪ ਸਿੰਘ ਸਿੱਧੂ ਨੂੰ ਲਖਬੀਰ ਸਿੰਘ ਰੋਡੇ ਨਾਲ ਵੀ ਜੋੜਿਆ ਜਾ ਰਿਹਾ ਹੈ ਜਿਨ੍ਹਾਂ ਦੀ ਪਿਛਲੇ ਸਾਲ ਦਸੰਬਰ ਵਿਚ ਪਾਕਿਸਤਾਨ ਵਿਚ ਮੌਤ ਹੋ ਗਈ।
ਸੀ.ਬੀ.ਐਸ.ਏ. ਵਿਚ ਬਤੌਰ ਸੁਪਰਡੈਂਟ ਤੈਨਾਤ ਐ ਸੰਦੀਪ ਸਿੰਘ ਸਿੱਧੂ
‘ਟਾਈਮਜ਼ ਨਾਓ’ ਦੀ ਰਿਪੋਰਟ ਕਹਿੰਦੀ ਹੈ ਕਿ ਸੰਦੀਪ ਸਿੰਘ ਸਿੱਧੂ ਨੂੰ ਕੁਝ ਸਮਾਂ ਪਹਿਲਾਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵਿਚ ਬਤੌਰ ਸੁਪਰਡੈਂਟ ਤਰੱਕੀ ਮਿਲੀ ਅਤੇ ਭਾਰਤ ਦੀ ਕੌਮੀ ਜਾਂਚ ਏਜੰਸੀ ਕਿਸੇ ਸੰਨੀ ਟੋਰਾਂਟੋ ਨਾਂ ਦੇ ਸ਼ੱਕੀ ਭਾਲ ਕਰ ਰਹੀ ਹੈ। ਐਨ.ਆਈ.ਏ. ਦਾ ਕਹਿਣਾ ਹੈ ਕਿ ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸੰਧੂ ਦੇ ਕਤਲ ਵਿਚ ਸਨੀ ਟੋਰਾਂਟੋ ਅਤੇ ਲਖਬੀਰ ਸਿੰਘ ਰੋਡੇ ਦਾ ਹੱਥ ਰਿਹਾ। ਇਹ ਘਟਨਾਕ੍ਰਮ ਅਜਿਹੇ ਸਮੇਂ ਸਾਹਮਣੇ ਆਇਆ ਜਦੋਂ ਕੈਨੇਡਾ ਸਰਕਾਰ ਨੇ ਭਾਰਤ ਦੇ ਬਾਕੀ ਰਹਿੰਦੇ 15 ਡਿਪਲੋਮੈਟਸ ਨੂੰ ਨੋਟਿਸ ਜਾਰੀ ਕਰ ਦਿਤੇ। ਵਿਦੇਸ਼ ਮੰਤਰੀ ਮੈਲਨੀ ਜੌਲੀ ਨੇ ਕਿਹਾ ਕਿ ਕੈਨੇਡੀਅਨ ਇਤਿਹਾਸ ਵਿਚ ਪਹਿਲਾਂ ਕਦੇ ਅਜਿਹਾ ਨਹੀਂ ਹੋਇਆ ਜਦੋਂ ਕਿਸੇ ਵਿਦੇਸ਼ੀ ਸਰਕਾਰ ਵੱਲੋਂ ਕੈਨੇਡੀਅਨ ਲੋਕਾਂ ਨੂੰ ਇਸ ਤਰੀਕੇ ਨਾਲ ਨਿਸ਼ਾਨਾ ਬਣਾਇਆ ਗਿਆ।
ਪੰਜਾਬ ਵਿਚ ਹਿੰਸਕ ਸਰਗਰਮੀਆਂ ਨੂੰ ਸ਼ਹਿ ਦੇਣ ਦਾ ਦੋਸ਼
ਉਨ੍ਹਾਂ ਅੱਗੇ ਕਿਹਾ ਕਿ ਹਾਈ ਕਮਿਸ਼ਨਰ ਸਣੇ ਛੇ ਡਿਪਲੋਮੈਟਸ ਪਹਿਲਾਂ ਹੀ ਕੱਢੇ ਜਾ ਚੁੱਕੇ ਹਨ ਅਤੇ ਕੈਨੇਡਾ ਸਰਕਾਰ ਵੀਆਨਾ ਕਨਵੈਨਸ਼ਨ ਦੀ ਉਲੰਘਣਾ ਬਰਦਾਸ਼ਤ ਨਹੀਂ ਕਰੇਗੀ। ਮੈਲਨੀ ਜੌਲੀ ਨੇ ਸਖ਼ਤ ਲਹਿਜ਼ੇ ਦੀ ਵਰਤੋਂ ਕਰਦਿਆਂ ਭਾਰਤੀ ਡਿਪਲੋਮੈਟਸ ਨੂੰ ਤਾਕੀਦ ਕੀਤੀ ਕਿ ਉਹ ਕੈਨੇਡੀਅਨ ਕਾਨੂੰਨ ਦਾ ਸਤਿਕਾਰ ਕਰਨ।