ਕੈਨੇਡਾ ਵਿਚ ਬਰਡ ਫਲੂ ਦੇ ਪਹਿਲੇ ਮਰੀਜ਼ ਦੀ ਹਾਲਤ ਨਾਜ਼ੁਕ

ਕੈਨੇਡਾ ਵਿਚ ਬਰਡ ਫਲੂ ਦੇ ਪਹਿਲੇ ਮਨੁੱਖੀ ਮਰੀਜ਼ ਵਜੋਂ ਬੀ.ਸੀ. ਦੇ ਹਸਪਤਾਲ ਵਿਚ ਦਾਖਲ ਅੱਲ੍ਹੜ ਦੀ ਹਾਲਤ ਨਾਜ਼ੁਕ ਬਣ ਚੁੱਕੀ ਹੈ।;

Update: 2024-11-13 12:24 GMT

ਵੈਨਕੂਵਰ : ਕੈਨੇਡਾ ਵਿਚ ਬਰਡ ਫਲੂ ਦੇ ਪਹਿਲੇ ਮਨੁੱਖੀ ਮਰੀਜ਼ ਵਜੋਂ ਬੀ.ਸੀ. ਦੇ ਹਸਪਤਾਲ ਵਿਚ ਦਾਖਲ ਅੱਲ੍ਹੜ ਦੀ ਹਾਲਤ ਨਾਜ਼ੁਕ ਬਣ ਚੁੱਕੀ ਹੈ। ਸੂਬੇ ਦੀ ਮੁੱਖ ਸਿਹਤ ਅਫਸਰ ਡਾ. ਬੌਨੀ ਹੈਨਰੀ ਨੇ ਦੱਸਿਆ ਕਿ ਫੇਫੜਿਆਂ ਵਿਚ ਵਾਇਰਸ ਦੇ ਦਾਖਲ ਹੋਣ ਕਾਰਨ ਅੱਲ੍ਹੜ ਨੂੰ ਸਾਹ ਲੈਣ ਵਿਚ ਬਹੁਤ ਜ਼ਿਆਦਾ ਦਿੱਕਤ ਹੋ ਰਹੀ ਹੈ ਅਤੇ ਮੁਸ਼ਕਲ ਦੀ ਇਸ ਘੜੀ ਦੌਰਾਨ ਉਸ ਦੇ ਪਰਵਾਰ ਨੂੰ ਹੌਸਲਾ ਰੱਖਣ ਲਈ ਆਖਿਆ ਜਾ ਰਿਹਾ ਹੈ। ਬੱਚਿਆਂ ਦੇ ਹਸਪਤਾਲ ਵਿਚ ਦਾਖਲ ਅੱਲ੍ਹੜ ਦੀ ਅਸਲ ਉਮਰ ਨਹੀਂ ਦੱਸੀ ਗਈ ਜਿਸ ਨੂੰ ਖੰਘ ਅਤੇ ਬੁਖਾਰ ਵਰਗੇ ਕਈ ਲੱਛਣਾਂ ਮਗਰੋਂ ਬੀਤੇ ਸ਼ੁੱਕਰਵਾਰ ਨੂੰ ਹਸਪਤਾਲ ਲਿਆਂਦਾ ਗਿਆ।

ਬੀ.ਸੀ. ਦੇ ਹਸਪਤਾਲ ਵਿਚ ਦਾਖਲ ਹੈ ਅੱਲ੍ਹੜ ਉਮਰ ਦਾ ਮਰੀਜ਼

ਫਰੇਜ਼ਰ ਹੈਲਥ ਰੀਜਨ ਨਾਲ ਸਬੰਧਤ ਮਰੀਜ਼ ਸਹੀ ਉਮਰ ਦਾ ਖੁਲਾਸਾ ਵੀ ਨਹੀਂ ਕੀਤਾ ਗਿਆ ਅਤੇ ਡਾ. ਬੌਨੀ ਹੈਨਰੀ ਦਾ ਕਹਿਣਾ ਹੈ ਕਿ ਐਵੀਅਨ ਇਨਫਲੂਐਂਜ਼ਾ ਦੀ ਤਸਦੀਕ ਵਾਸਤੇ ਕੌਮੀ ਲੈਬਰਟਰੀ ਦੀ ਰਿਪੋਰਟ ਉਡੀਕੀ ਜਾ ਰਹੀ ਹੈ। ਤਕਰੀਬਨ ਤਿੰਨ ਦਰਜਨ ਲੋਕ ਬਿਮਾਰ ਅੱਲ੍ਹੜ ਦੇ ਸੰਪਰਕ ਵਿਚ ਆਏ ਜਿਨ੍ਹਾਂ ਨੂੰ ਐਂਟੀ ਵਾਇਰਲ ਦਵਾਈਆਂ ਦਿਤੀਆਂ ਜਾ ਰਹੀਆਂ ਹਨ। ਫਿਲਹਾਲ ਕਿਸੇ ਦੇ ਸਰੀਰ ਵਿਚ ਬਰਡ ਫਲੂ ਦੇ ਲੱਛਣ ਨਜ਼ਰ ਨਹੀਂ ਆਏ। ਡਾ. ਹੈਨਰੀ ਨੇ ਦੱਸਿਆ ਕਿ ਮਨੁੱਖ ਦੀਆਂ ਅੱਖਾਂ, ਨੱਕ ਅਤੇ ਗਲੇ ਰਾਹੀਂ ਵਾਇਰਸ ਸਰੀਰ ਵਿਚ ਦਾਖਲ ਹੋ ਸਕਦਾ ਹੈ। ਅੱਲ੍ਹੜ ਨੂੰ ਬਰਡ ਫਲੂ ਦੀ ਲਾਗ ਕਿਥੋਂ ਲੱਗੀ ਇਸ ਬਾਰੇ ਯਕੀਨੀ ਤੌਰ ’ਤੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਇਕ ਗੱਲ ਪੱਕੇ ਤੌਰ ’ਤੇ ਕਹੀ ਜਾ ਰਹੀ ਹੈ ਕਿ ਇਨਫੈਕਸ਼ਨ ਦਾ ਸਰੋਤ ਕੋਈ ਪੋਲਟਰੀ ਫਾਰਮ ਨਹੀਂ। ਬਿਮਾਰ ਅੱਲ੍ਹੜ ਕਿਸੇ ਪੋਲਟਰੀ ਫਾਰਮ ਨੇੜੇ ਨਹੀਂ ਰਹਿੰਦਾ ਅਤੇ ਨਾ ਹੀ ਉਸ ਦੇ ਕਿਸੇ ਪਰਵਾਰਕ ਮੈਂਬਰ ਦਾ ਪੋਲਟਰੀ ਫਾਰਮ ਵਿਚ ਆਉਣਾ-ਜਾਣਾ ਰਿਹਾ ਹੈ। ਦੂਜੇ ਪਾਸੇ ਉਸ ਦੇ ਕੁੱਤੇ, ਬਿੱਲੀਆਂ ਅਤੇ ਹੋਰ ਜਾਨਵਰਾਂ ਦੇ ਸੰਪਰਕ ਵਿਚ ਆਉਣ ਦੀ ਤਸਦੀਕ ਕੀਤੀ ਗਈ ਹੈ। ਇਥੇ ਦਸਣਾ ਬਣਦਾ ਹੈ ਕਿ ਮੰਗਲਵਾਰ ਤੱਕ ਬੀ.ਸੀ. ਵਿਚ 26 ਥਾਵਾਂ ’ਤੇ ਬਰਡ ਫਲੂ ਦਾ ਵਾਇਰਸ ਫੈਲਿਆ ਹੋਇਆ ਸੀ ਅਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਥਾਵਾਂ ਫਰੇਜ਼ਰ ਵੈਲੀ ਵਿਚ ਹਨ। 2022 ਤੋਂ ਹੁਣ ਤੱਕ ਬਰਡ ਫਲੂ ਦੇ ਖਤਰੇ ਕਾਰਨ ਬੀ.ਸੀ. ਦੇ ਫਾਰਮਾਂ 60 ਲੱਖ ਤੋਂ ਵੱਧ ਮੁਰਗੀਆਂ, ਬਤਖਾਂ ਜਾਂ ਟਰਕੀ ਮਾਰੇ ਜਾ ਚੁੱਕੇ ਹਨ। ਅਮਰੀਕਾ ਵਿਚ ਬਰਡ ਫਲੂ ਦੇ ਮਨੁੱਖੀ ਮਰੀਜ਼ਾਂ ਦੀ ਗਿਣਤੀ 46 ਦੱਸੀ ਜਾ ਰਹੀ ਹੈ ਜਿਨ੍ਹਾਂ ਵਿਚੋਂ ਜ਼ਿਆਦਾਤਰ ਡੇਅਰੀ ਵਰਕਰ ਦੱਸੇ ਜਾ ਰਹੇ ਹਨ। ਵਾਸ਼ਿੰਗਟਨ, ਓਰੇਗਨ ਅਤੇ ਕੈਲੇਫੋਰਨੀਆ ਰਾਜਾਂ ਵਿਚ ਸੈਂਕੜੇ ਜਾਨਵਰਾਂ ਵਿਚ ਬਰਡ ਫਲੂ ਫੈਲਣ ਦੇ ਮਾਮਲੇ ਸਾਹਮਣੇ ਆਏ ਪਰ ਕੇਨੇਡਾ ਦੇ ਕਿਸੇ ਡੇਅਰੀ ਫਾਰਮ ਵਿਚ ਹੁਣ ਤੱਕ ਵਾਇਰਸ ਨਹੀਂ ਮਿਲਿਆ। ਡਾ. ਬੌਨੀ ਹੈਨਰੀ ਨੇ ਅੱਗੇ ਦੱਸਿਆ ਕਿ ਕੈਨੇਡਾ ਵਿਚ 10 ਸਾਲ ਪਹਿਲਾਂ ਵੀ ਇਕ ਨੌਜਵਾਨ ਨੂੰ ਬਰਡ ਫਲੂ ਹੋਇਆ ਜਿਸ ਨੂੰ ਵਾਇਰਸ ਦੀ ਲਾਗ ਚੀਨ ਤੋਂ ਲੱਗੀ ਅਤੇ ਵਾਇਰਸ ਕਾਰਨ ਉਸ ਦੀ ਮੌਤ ਹੋ ਗਈ। ਇਸ ਦੇ ਉਲਟ ਅਮਰੀਕਾ ਵਿਚ ਮਨੁੱਖ ਦੇ ਬਰਡ ਫਲੂ ਤੋਂ ਪੀੜਤ ਹੋਣ ਮਗਰੋਂ ਜ਼ਿਆਦਾ ਗੰਭੀਰ ਲੱਛਣ ਨਜ਼ਰ ਨਹੀਂ ਆ ਰਹੇ। ਇਸੇ ਦੌਰਾਨ ਬੀ.ਸੀ ਪੋਲਟਰੀ ਐਸੋਸੀਏਸ਼ਨ ਨੇ ਕਿਹਾ ਕਿ ਬਰਡ ਫਲੂ ਦੇ ਮੱਦੇਨਜ਼ਰ ਅਹਿਤਿਆਤੀ ਕਦਮ ਉਠਾਏ ਜਾ ਰਹੇ ਹਨ। ਮੈਟਰੋ ਵੈਨਕੂਵਰ ਦੇ ਚਿੜੀਆ ਘਰ ਵਿਚ ਵੀ ਜਾਨਵਰਾਂ ਨੂੰ ਵਾਇਰਸ ਤੋਂ ਬਚਾਉਣ ਦੇ ਪ੍ਰਬੰਧ ਕੀਤੇ ਗਏ ਹਨ। 

Tags:    

Similar News