ਟਰੰਪ ਦੇ ਸਹੁੰ ਚੁੱਕਣ ਵਾਲੇ ਦਿਨ ਹੀ ਜਵਾਬੀ ਕਾਰਵਾਈ ਕਰੇਗਾ ਕੈਨੇਡਾ
ਕੈਨੇਡਾ ਸਰਕਾਰ ਨੇ ਗੁਆਂਢੀ ਮੁਲਕ ਤੋਂ ਹੋਣ ਵਾਲੇ ਟੈਕਸ ਹਮਲੇ ਦਾ ਕਰਾਰਾ ਜਵਾਬ ਦੇਣ ਦੀ ਤਿਆਰੀ ਮੁਕੰਮਲ ਕਰ ਲਈ ਹੈ ਅਤੇ ਟਰੰਪ ਦੇ ਸਹੁੰ ਚੁੱਕਣ ਵਾਲੇ ਦਿਨ ਹੀ ਅਮਰੀਕੀ ਵਸਤਾਂ ’ਤੇ ਟੈਕਸਾਂ ਦਾ ਐਲਾਨ ਕੀਤਾ ਜਾ ਸਕਦਾ ਹੈ।;
ਔਟਵਾ : ਕੈਨੇਡਾ ਸਰਕਾਰ ਨੇ ਗੁਆਂਢੀ ਮੁਲਕ ਤੋਂ ਹੋਣ ਵਾਲੇ ਟੈਕਸ ਹਮਲੇ ਦਾ ਕਰਾਰਾ ਜਵਾਬ ਦੇਣ ਦੀ ਤਿਆਰੀ ਮੁਕੰਮਲ ਕਰ ਲਈ ਹੈ ਅਤੇ ਟਰੰਪ ਦੇ ਸਹੁੰ ਚੁੱਕਣ ਵਾਲੇ ਦਿਨ ਹੀ ਅਮਰੀਕੀ ਵਸਤਾਂ ’ਤੇ ਟੈਕਸਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ‘ਦਾ ਗਲੋਬ ਐਂਡ ਮੇਲ’ ਦੀ ਰਿਪੋਰਟ ਮੁਤਾਬਕ ਮੁਢਲੇ ਤੌਰ ’ਤੇ 37 ਅਰਬ ਡਾਲਰ ਦੀਆਂ ਵਸਤਾਂ ’ਤੇ ਟੈਕਸ ਲਾਉਣ ਦਾ ਫੈਸਲਾ ਹੋਇਆ ਹੈ ਅਤੇ ਇਸ ਮਗਰੋਂ 110 ਅਰਬ ਮੁੱਲ ਵਾਲੀਆਂ ਵਸਤਾਂ ’ਤੇ ਟੈਕਸ ਲਾਗੂ ਕੀਤੇ ਜਾਣਗੇ। ਅਮਰੀਕਾ ਭੇਜੇ ਜਾ ਰਹੇ ਕੱਚੇ ਤੇਲ, ਯੂਰੇਨੀਅਮ ਅਤੇ ਪੋਟਾਸ਼ ’ਤੇ ਐਕਸਪੋਰਟ ਟੈਕਸ ਲਾਉਣ ਦਾ ਫੈਸਲਾ ਫਿਲਹਾਲ ਟਾਲ ਦਿਤਾ ਗਿਆ ਹੈ।
ਅਮਰੀਕਾ ਤੋਂ ਆਉਣ ਵਾਲੀਆਂ ਵਸਤਾਂ ’ਤੇ ਲੱਗਣਗੇ ਟੈਕਸ
ਵਾਸ਼ਿੰਗਟਨ ਫੇਰੀ ਮੁਕੰਮਲ ਕਰ ਕੇ ਪਰਤ ਰਹੇ ਕੁਦਰਤੀ ਸਰੋਤਾਂ ਬਾਰੇ ਮੰਤਰੀ ਜੌਨਾਥਨ ਵਿਲਕਿਨਸਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਵਾਨ ਕੀਤਾ ਕਿ ਹੁਣ ਟੈਕਸਾਂ ਤੋਂ ਬਚਣਾ ਮੁਸ਼ਕਲ ਹੈ ਅਤੇ ਕੈਨੇਡਾ ਵਿਰੁੱਧ 25 ਫੀ ਸਦੀ ਟੈਰਿਫ਼ਸ ਯਕੀਨੀ ਹੋ ਚੁੱਕੀਆਂ ਹਨ ਜਦਕਿ ਹੋਰਨਾਂ ਮੁਲਕਾਂ ਤੋਂ ਆਉਣ ਵਾਲੇ ਸਮਾਨ ’ਤੇ 10 ਫ਼ੀ ਸਦੀ ਟੈਕਸ ਲਾਉਣ ਦੀਆਂ ਕਨਸੋਆਂ ਮਿਲੀਆਂ। ਵਿਲਕਿਨਸਨ ਵੱਲੋਂ ਮੰਗਲਵਾਰ ਅਤੇ ਬੁੱਧਵਾਰ ਨੂੰ ਰਿਪਬਲਿਕਨ ਪਾਰਟੀ ਦੇ ਸੈਨੇਟ ਮੈਂਬਰਾਂ ਅਤੇ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਗਈ ਪਰ ਕਿਸੇ ਕਿਸਮ ਦੀ ਰਿਆਇਤ ਮਿਲਣ ਦੀ ਉਮੀਦ ਨਜ਼ਰ ਨਾ ਆਈ।
ਤੇਲ, ਯੂਰੇਨੀਅਮ ਅਤੇ ਪੋਟਾਸ਼ ’ਤੇ ਐਕਸਪੋਰਟ ਟੈਕਸ ਬਾਰੇ ਫੈਸਲਾ ਬਾਅਦ ਵਿਚ
ਉਧਰ ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਕਿ ਟਰੰਪ ਦੇ ਟੈਕਸ ਕਾਰਨ ਸੂਬੇ ਵਿਚੋਂ ਸਵਾ ਲੱਖ ਨੌਕਰੀਆਂ ਖਤਮ ਹੋਣਗੀਆਂ ਅਤੇ 2025 ਤੋਂ 2028 ਦਰਮਿਆਨ 69 ਅਰਬ ਡਾਲਰ ਦਾ ਨੁਕਸਾਨ ਵੱਖਰੇ ਤੌਰ ’ਤੇ ਹੋਵੇਗਾ। ਇਸੇ ਦੌਰਾਨ ਵਿੰਡਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਟਿਨ ਟਰੂਡੋ ਨੇ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿੱਥ ਨੂੰ ਚੇਤੇ ਕਰਵਾਇਆ ਕਿ ਫੈਡਰਲ ਸਰਕਾਰ ਵੱਲੋਂ 2018 ਵਿਚ ਟ੍ਰਾਂਸ ਮਾਊਂਟਨ ਪਾਈਪਲਾਈਨ ਖਰੀਦਣ ਵਿਚ ਐਲਬਰਟਾ ਦੀ ਮਦਦ ਕੀਤੀ ਗਈ ਅਤੇ ਹੁਣ ਸੂਬਾ ਸਰਕਾਰ ਆਪਣੀ ਵਾਰ ਪੈਰ ਪਿੱਛੇ ਖਿੱਚ ਰਹੀ ਹੈ।