ਕੈਨੇਡਾ : ਹਰਸਿਮਰਤ ਰੰਧਾਵਾ ਦੇ ਕਾਤਲਾਂ ਦੀਆਂ ਗੱਡੀਆਂ ਬਰਾਮਦ
ਕੈਨੇਡਾ ਵਿਚ ਗੈਂਗਵਾਰ ਦਾ ਸ਼ਿਕਾਰ ਬਣੀ ਹਰਸਿਮਰਤ ਕੌਰ ਰੰਧਾਵਾ ਨੇ ਆਪਣੀ ਜਾਨ ਬਚਾਉਣ ਦੇ ਅਣਥੱਕ ਯਤਨ ਕੀਤੇ ਪਰ ਗੋਲੀਆਂ ਦੇ ਵਰਦੇ ਮੀਂਹ ਵਿਚੋਂ ਬਚ ਕੇ ਨਿਕਲ ਨਾ ਸਕੀ।
ਹੈਮਿਲਟਨ : ਕੈਨੇਡਾ ਵਿਚ ਗੈਂਗਵਾਰ ਦਾ ਸ਼ਿਕਾਰ ਬਣੀ ਹਰਸਿਮਰਤ ਕੌਰ ਰੰਧਾਵਾ ਨੇ ਆਪਣੀ ਜਾਨ ਬਚਾਉਣ ਦੇ ਅਣਥੱਕ ਯਤਨ ਕੀਤੇ ਪਰ ਗੋਲੀਆਂ ਦੇ ਵਰਦੇ ਮੀਂਹ ਵਿਚੋਂ ਬਚ ਕੇ ਨਿਕਲ ਨਾ ਸਕੀ। ਹੈਮਿਲਟਨ ਪੁਲਿਸ ਨੇ ਬੁੱਧਵਾਰ ਨੂੰ ਦੱਸਿਆ ਕਿ ਗੋਲੀਬਾਰੀ ਦੌਰਾਨ ਵਰਤੀਆਂ ਦੋਵੇਂ ਗੱਡੀਆਂ ਬਰਾਮਦ ਹੋ ਚੁੱਕੀਆਂ ਹਨ ਅਤੇ ਜਲਦ ਹੀ ਸ਼ੱਕੀਆ ਨੂੰ ਵੀ ਕਾਬੂ ਕਰ ਲਿਆ ਜਾਵੇਗਾ। ਇਸੇ ਦੌਰਾਨ ਮੋਹੌਕ ਕਾਲਜ ਵਿਚ ਹਰਸਿਮਰਤ ਕੌਰ ਰੰਧਾਵਾ ਨੂੰ ਸ਼ਰਧਾਂਜਲੀ ਦਿਤੀ ਗਈ ਅਤੇ ਵੱਡੀ ਗਿਣਤੀ ਵਿਚ ਸਟਾਫ਼ ਮੈਂਬਰ ਤੇ ਵਿਦਿਆਰਥੀ ਸ਼ਰਧਾ ਦੇ ਫੁੱਲ ਭੇਟ ਕਰਨ ਪੁੱਜੇ। ਹਰਸਿਮਰਤ ਰੰਧਾਵਾ ਮੋਹੌਕ ਕਾਲਜ ਵਿਚ ਫ਼ਿਜ਼ੀਓਥੈਰੇਪੀ ਦਾ ਕੋਰਸ ਕਰ ਰਹੀ ਸੀ ਅਤੇ ਅਪਰ ਜੇਮਜ਼ ਸਟ੍ਰੀਟ ਤੇ ਸਾਊਥ ਬੈਂਡ ਰੋਡ ’ਤੇ ਗੈਂਗਸਟਰਾਂ ਦੀਆਂ ਗੋਲੀਆਂ ਦਾ ਨਿਸ਼ਾਨਾ ਬਣ ਗਈ।
ਸ਼ੱਕੀਆਂ ਨੂੰ ਕਾਬੂ ਕਰਨ ਦੇ ਨੇੜੇ ਪੁੱਜੀ ਹੈਮਿਲਟਨ ਪੁਲਿਸ
ਪੁਲਿਸ ਮੁਤਾਬਕ ਕਾਲੇ ਰੰਗ ਦੀ ਮਰਸਡੀਜ਼ ਵਿਚ ਮੌਜੂਦ ਸ਼ੱਕੀਆਂ ਵੱਲੋਂ ਚਲਾਈਆਂ ਗੋਲੀਆਂ ਵਿਚੋਂ ਇਕ ਹਰਸਿਮਰਤ ਰੰਧਾਵਾ ਨੂੰ ਲੱਗੀ। ਮੋਹੌਕ ਕਾਲਜ ਵਿਚ ਇੰਟਰਨੈਸ਼ਨਲ ਸਟੂਡੈਂਟਸ ਇਕਾਈ ਦੀ ਵਾਇਸ ਪ੍ਰੈਜ਼ੀਡੈਂਟ ਕੈਟੀ ਬਰੋਜ਼ ਨੇ ਸ਼ਰਧਾਂਜਲੀ ਸਮਗਾਮ ਦੌਰਾਨ ਕਿਹਾ ਕਿ ਹਰਸਿਮਰਤ ਰੰਧਾਵਾ ਦੀ ਦਰਦਨਾਕ ਮੌਤ ਦਾ ਦੁੱਖ ਬਿਆਨ ਕਰਨਾ ਮੁਸ਼ਕਲ ਹੈ। ਇਸ ਘਿਨਾਉਣੀ ਵਾਰਦਾਤ ਨੇ ਪੂਰੇ ਸ਼ਹਿਰ ਹੀ ਨਹੀਂ ਸਗੋਂ ਸੂਬੇ ਨੂੰ ਝੰਜੋੜ ਕੇ ਰੱਖ ਦਿਤਾ ਹੈ। ਆਸਾਂ-ਉਮੀਦਾਂ ਨਾਲ ਆਪਣੀ ਧੀ ਨੂੰ ਕੈਨੇਡਾ ਭੇਜਣ ਵਾਲੇ ਪਰਵਾਰਕ ਮੈਂਬਰਾਂ ਉਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਇਸੇ ਦੌਰਾਨ ਕਾਲਜ ਦੇ ਪ੍ਰੋਗਰਾਮ ਮੈਨੇਜਰ ਗ੍ਰੀਮ ਡਗਲਸ ਨੇ ਵਿਦਿਆਰਥੀਆਂ ਵੱਲੋਂ ਲਿਖੇ ਸੋਗ ਸੁਨੇਹੇ ਪੜ੍ਹ ਕੇ ਸੁਣਾਏ। ਇਕ ਵਿਦਿਆਰਥੀ ਨੇ ਸ਼ਰਧਾਂਜਲੀ ਦਿੰਦਿਆਂ ਕਿਹਾ, ‘‘ਹਰਸਿਮਰਤ ਇਕ ਚੰਗੀ ਸਹੇਲੀ ਹੀ ਨਹੀਂ ਸਗੋਂ ਜ਼ਿੰਦਗੀ ਵਿਚ ਬਹੁਤ ਕੁਝ ਕਰਨ ਦੇ ਸੁਪਨੇ ਦੇਖਣ ਵਾਲੀ ਵਿਦਿਆਰਥਣ ਸੀ। ਜਦੋਂ ਵੀ ਸਾਡੀ ਗੱਲ ਹੁੰਦੀ ਤਾਂ ਇਕ ਦੂਜੇ ਨੂੰ ਅੱਗੇ ਵਧਣ ਦੀ ਹੱਲਾਸ਼ੇਰੀ ਮਿਲਦੀ। ਇਕ ਹੋਰ ਵਿਦਿਆਰਥੀ ਨੇ ਲਿਖਿਆ, ‘‘ਇਸ ਦੁਨੀਆਂ ਵਿਚੋਂ ਇਕ ਚੰਗਾ ਇਨਸਾਨ ਸਦਾ ਵਾਸਤੇ ਚਲਾ ਗਿਆ, ਮੈਨੂੰ ਪਹਿਲੇ ਸਮੈਸਟਰ ਵਿਚ ਹਰਸਿਮਰਤ ਦਾ ਸਾਥ ਮਿਲਿਆ ਜੋ ਕਦੇ ਭੁਲਾਇਆ ਨਹੀਂ ਜਾ ਸਕਦਾ।
ਮੋਹੌਕ ਕਾਲਜ ਵਿਚ ਪੰਜਾਬਣ ਮੁਟਿਆਰ ਨੂੰ ਦਿਤੀਆਂ ਸ਼ਰਧਾਂਜਲੀਆਂ
ਅਸੀਂ ਆਪਣੀਆਂ ਅਸਾਈਨਮੈਂਟਸ ਰਲ-ਮਿਲ ਕੇ ਤਿਆਰ ਕਰਦੇ ਅਤੇ ਸਮਾਂ ਖੰਭ ਲਾ ਕੇ ਉਡ ਜਾਂਦਾ। ਹਰਸਿਮਰਤ ਬਹੁਤ ਸਿਆਣੀ ਕੁੜੀ ਸੀ ਅਤੇ ਅਕਸਰ ਹੀ ਪੰਜਾਬ ਰਹਿੰਦੇ ਪਰਵਾਰ ਦਾ ਜ਼ਿਕਰ ਕਰਦੀ ਅਤੇ ਗੱਲਾਂ ਕਰਦਿਆਂ ਉਸ ਦੀਆਂ ਅੱਖਾਂ ਵਿਚੋਂ ਹੰਝੂ ਆ ਜਾਂਦੇ।’’ ਦੱਸ ਦੇਈਏ ਕਿ ਕਾਲਜ ਦੇ ਵਿਦਿਆਰਥੀ ਹਰਵੀਰ ਸਿੰਘ ਦੀ ਅਗਵਾਈ ਹੇਠ ਕੁਝ ਪਲਾਂ ਦਾ ਮੌਨ ਧਾਰਨ ਕਰਦਿਆਂ ਹਰਸਿਮਰਤ ਰੰਧਾਵਾ ਨੂੰ ਸ਼ਰਧਾਂਜਲੀ ਦਿਤੀ ਗਈ। ਹੈਮਿਲਟਨ ਦੇ ਹਿੰਦੂ ਸਮਾਜ ਮੰਦਰ ਦੇ ਪ੍ਰਧਾਨ ਅਜੇ ਮਹਾਜਨ ਵੀ ਸ਼ਰਧਾਂਜਲੀ ਸਮਾਗਮ ਵਿਚ ਸ਼ਾਮਲ ਹੋਏ ਅਤੇ ਗੋਲੀਬਾਰੀ ਦੌਰਾਨ ਹਰਸਿਮਰਤ ਦੀ ਮੌਤ ਨੂੰ ਵੱਡੀ ਤਰਾਸਦੀ ਕਰਾਰ ਦਿਤਾ। ਹਰਸਿਮਰਤ ਦੇ ਪ੍ਰੋਫੈਸਰਾਂ ਵਿਚੋਂ ਇਕ ਮਿਸ਼ੇਲਿਨ ਲੈਂਸੀਆ ਨੇ ਕਿਹਾ ਕਿ ਹਰ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਅੱਗੇ ਵਧਦਿਆਂ ਦੇਖਣਾ ਚਾਹੁੰਦਾ ਹੈ। ਪੜ੍ਹਾਈ ਦੀ ਕਸੌਟੀ ’ਤੇ ਹਰਸਿਮਰਤ ਬਿਲਕੁਲ ਖਰੀ ਸਾਬਤ ਹੋਈ ਅਤੇ ਜਲਦ ਹੀ ਉਸ ਦਾ ਕੋਰਸ ਮੁਕੰਮਲ ਹੋ ਜਾਣਾ ਸੀ ਪਰ ਸੜਕ ’ਤੇ ਚਲਦੀਆਂ ਗੋਲੀਆਂ ਨੇ ਸਭ ਖੇਰੂੰ ਖੇਰੂੰ ਕਰ ਦਿਤਾ। ਉਧਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਟੈਕਟਿਵ ਸਾਰਜੈਂਟ ਡੈਰਿਲ ਰੀਡ ਨੇ ਦੱਸਿਆ ਕਿ ਚਿੱਟੇ ਰੰਗ ਦੀ ਹਿਊਂਡਈ ਇਲਾਂਟਰਾ ਟੋਰਾਂਟੋ ਦੇ ਉਤਰ ਪੱਛਮ ਵੱਲ ਰਿਹਾਇਸ਼ੀ ਇਲਾਕੇ ਵਿਚੋਂ ਬਰਾਮਦ ਕੀਤੀ ਗਈ ਅਤੇ ਹੁਣ ਇਸ ਦੀ ਫੌਰੈਂਸਿਕ ਜਾਂਚ ਕੀਤੀ ਜਾ ਰਹੀ ਹੈ। ਇਸੇ ਦੌਰਾਨ ਸੋਮਵਾਰ ਨੂੰ ਹੈਮਿਲਟਨ ਦੇ ਘਰ ਵਿਚ ਛਾਪਾ ਮਾਰਦਿਆਂ ਕਾਲੇ ਰੰਗ ਦੀ ਮਰਸਡੀਜ਼ ਬਰਾਮਦ ਕੀਤੀ ਗਈ। ਪੁਲਿਸ ਮੁਤਾਬਕ ਹਰਸਿਮਰਤ ਰੰਧਾਵਾ ਜਿੰਮ ਤੋਂ ਪਰਤ ਰਹੀ ਸੀ ਜਦੋਂ ਗੋਲੀਆਂ ਚੱਲੀਆਂ। ਬੱਸ ਵਿਚੋਂ ਉਤਰਨ ਮਗਰੋਂ ਉਸ ਨੇ ਸੜਕ ਪਾਰ ਕਰਨੀ ਸੀ ਅਤੇ ਇਸੇ ਦੌਰਾਨ ਦੋ ਗੱਡੀਆਂ ਵਿਚ ਸਵਾਰ ਸ਼ੱਕੀ ਇਕ-ਦੂਜੇ ਵੱਲ ਗੋਲੀਆਂ ਚਲਾਉਂਦੇ ਉਥੋਂ ਲੰਘੇ।