ਕੈਨੇਡਾ ਵਿਚ ਕੰਮ ਮਿਲਣਾ ਹੋਇਆ ਬੰਦ
ਕੈਨੇਡਾ ਵਿਚ ਬੇਰੁਜ਼ਗਾਰੀ ਲਗਾਤਾਰ ਪੈਰ ਪਸਾਰ ਰਹੀ ਹੈ ਅਤੇ ਰੁਜ਼ਗਾਰ ਖੇਤਰ ਨਿਘਾਰ ਵੱਲ ਜਾ ਰਿਹਾ ਹੈ। ਸਟੈਟਕੈਨ ਦੇ ਤਾਜ਼ਾ ਅੰਕੜਿਆਂ ਮੁਤਾਬਕ ਜੂਨ ਮਹੀਨੇ ਦੌਰਾਨ ਬੇਰੁਜ਼ਗਾਰੀ ਦਰ ਵਧ ਕੇ 6.4 ਫੀ ਸਦੀ ਹੋ ਗਈ
ਟੋਰਾਂਟੋ : ਕੈਨੇਡਾ ਵਿਚ ਬੇਰੁਜ਼ਗਾਰੀ ਲਗਾਤਾਰ ਪੈਰ ਪਸਾਰ ਰਹੀ ਹੈ ਅਤੇ ਰੁਜ਼ਗਾਰ ਖੇਤਰ ਨਿਘਾਰ ਵੱਲ ਜਾ ਰਿਹਾ ਹੈ। ਸਟੈਟਕੈਨ ਦੇ ਤਾਜ਼ਾ ਅੰਕੜਿਆਂ ਮੁਤਾਬਕ ਜੂਨ ਮਹੀਨੇ ਦੌਰਾਨ ਬੇਰੁਜ਼ਗਾਰੀ ਦਰ ਵਧ ਕੇ 6.4 ਫੀ ਸਦੀ ਹੋ ਗਈ ਅਤੇ ਕੈਨੇਡੀਅਨ ਅਰਥਚਾਰੇ ਵਿਚੋਂ 1,400 ਨੌਕਰੀਆਂ ਖਤਮ ਹੋਈਆਂ। ਸਭ ਤੋਂ ਜ਼ਿਆਦਾ ਨੁਕਸਾਨ ਟ੍ਰਾਂਸਪੋਰਟੇਸ਼ਨ ਅਤੇ ਵੇਅਰਹਾਊਸਿੰਗ ਸੈਕਟਰਾਂ ਵਿਚ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਫੂਡ ਸਰਵਿਸਿਜ਼ ਅਤੇ ਐਗਰੀਕਲਚਰਲ ਸੈਕਟਰ ਵਿਚ ਪੈਦਾ ਹੋਏ ਰੁਜ਼ਗਾਰ ਦੇ ਮੌਕਿਆਂ ਨੇ ਹਾਲਾਤ ਕਿਸੇ ਹੱਦ ਤੱਕ ਕਾਬੂ ਹੇਠ ਰੱਖਣ ਵਿਚ ਮਦਦ ਕੀਤੀ। ਸਟੈਟਿਸਟਿਕਸ ਕੈਨੇਡਾ ਨੇ ਦੱਸਿਆ ਕਿ ਜੂਨ ਮਹੀਨੇ ਦੌਰਾਨ 3,400 ਫੁਲ ਟਾਈਮ ਨੌਕਰੀਆਂ ਖਤਮ ਹੋਈਆਂ ਜਦਕਿ 1,900 ਪਾਰਟ ਟਾਈਮ ਨੌਕਰੀਆਂ ਪੈਦਾ ਹੋਈਆਂ।
ਨਵੇਂ ਪੁੱਜੇ ਪੰਜਾਬੀ ਨੌਜਵਾਨ ਕਸੂਤੇ ਫਸੇ
ਸਭ ਤੋਂ ਵੱਡਾ ਝਟਕਾ ਨੌਜਵਾਨਾਂ ਨੂੰ ਲੱਗਾ ਅਤੇ 15 ਸਾਲ ਤੋਂ 24 ਸਾਲ ਉਮਰ ਵਰਗ ਵਿਚ ਬੇਰੁਜ਼ਗਾਰੀ ਦਰ 13.5 ਫੀ ਸਦੀ ਤੱਕ ਪੁੱਜ ਗਈ ਜੋ ਸਤੰਬਰ 2014 ਮਗਰੋਂ ਸਭ ਤੋਂ ਸਿਖਰਲਾ ਪੱਧਰ ਦੱਸਿਆ ਜਾ ਰਿਹਾ ਹੈ। ਮਹਾਂਮਾਰੀ ਦੌਰਾਨ ਪੈਦਾ ਹੋਏ ਹਾਲਾਤ ਨੂੰ ਇਸ ਘੇਰੇ ਵਿਚੋਂ ਬਾਹਰ ਰੱਖਿਆ ਗਿਆ ਹੈ। ਇਥੇ ਦਸਣਾ ਬਣਦਾ ਹੈ ਕਿ ਮੌਜੂਦਾ ਵਰ੍ਹੇ ਦੌਰਾਨ ਜੂਨ ਦੂਜਾ ਮਹੀਨੇ ਰਿਹਾ ਜਦੋਂ ਅਰਥਚਾਰੇ ਵਿਚੋਂ ਨੌਕਰੀਆਂ ਖਤਮ ਹੋਈਆਂ। ਪਿਛਲੇ ਸਾਲ ਦੇ ਪਹਿਲੇ ਛੇ ਮਹੀਨਿਆਂ ਨਾਲ ਤੁਲਨਾ ਕੀਤੀ ਜਾਵੇ ਤਾਂ 2024 ਵਿਚ ਰੁਜ਼ਗਾਰ ਖੇਤਰ 1.7 ਫੀ ਸਦੀ ਉਪਰ ਰਿਹਾ ਅਤੇ ਰੁਜ਼ਗਾਰ ਦੇ 3 ਲੱਖ 43 ਹਜ਼ਾਰ ਨਵੇਂ ਮੌਕੇ ਪੈਦਾ ਹੋਏ। ਉਧਰ ਬੈਂਕ ਆਫ ਕੈਨੇਡਾ ਵੀ ਰੁਜ਼ਗਾਰ ਖੇਤਰ ਦੇ ਅੰਕੜਿਆਂ ’ਤੇ ਨਜ਼ਰ ਰੱਖ ਰਿਹਾ ਹੈ। ਭਾਵੇਂ ਜੂਨ ਦੌਰਾਨ ਨੌਕਰੀਆਂ ਦੀ ਕਮੀ ਦਰਜ ਕੀਤੀ ਗਈ ਪਰ ਪ੍ਰਤੀ ਘੰਟਾ ਔਸਤ ਉਜਰਤ ਦਰ ਸਾਲਾਨਾ ਆਧਾਰ ’ਤੇ 5.4 ਵਧ ਗਈ। ਟੀ.ਡੀ. ਬੈਂਕ ਦੀ ਸੀਨੀਅਰ ਇਕੌਨੋਮਿਸਟ ਲੈਸਲੀ ਪ੍ਰੈਸਟਨ ਦਾ ਕਹਿਣਾ ਸੀ ਕਿ ਉਜਰਤ ਦਰਾਂ ਵਿਚ ਵਾਧਾਂ ਹਾਂਪੱਖੀ ਨਜ਼ਰ ਆ ਰਿਹਾ ਹੈ ਪਰ ਰੁਜ਼ਗਾਰ ਖੇਤਰ ਨੂੰ ਜਲਦ ਕਿਸੇ ਹੁਲਾਰੇ ਦੀ ਜ਼ਰੂਰਤ ਹੋਵੇਗੀ।
ਬੇਰੁਜ਼ਗਾਰੀ ਦਰ ਵਧ ਕੇ 6.4 ਫ਼ੀ ਸਦੀ ਹੋਈ
ਦੂਜੇ ਪਾਸੇ ਸੀ.ਆਈ.ਬੀ.ਸੀ. ਦੇ ਸੀਨੀਅਰ ਇਕੌਨੋਮਿਸਟ ਐਂਡਰਿਊ ਗ੍ਰੈਂਥਮ ਨੇ ਕਿਹਾ ਕਿ ਆਉਣ ਵਾਲੇ ਮਹੀਨਿਆਂ ਦੌਰਾਨ ਉਜਰਤ ਦਰਾਂ ਵਿਚ ਨਰਮੀ ਆ ਸਕਦੀ ਹੈ ਅਤੇ ਕਾਮਿਆਂ ਦੀ ਭਰਤੀ ਦਾ ਸਿਲਸਿਲਾ ਵੀ ਸੁਸਤ ਰਹਿਣ ਦੇ ਆਸਾਰ ਹਨ। ਰਾਜਾਂ ਦੇ ਹਿਸਾਬ ਨਾਲ ਬੀ.ਸੀ. ਸਭ ਤੋਂ ਵੱਧ ਫਾਇਦੇ ਵਿਚ ਰਿਹਾ ਅਤੇ ਪ੍ਰਾਈਵੇਟ ਸੈਕਟਰ ਵਿਚ ਪੰਜ ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਣ ਦੀ ਰਿਪੋਰਟ ਹੈ। ਬੀ.ਸੀ. ਵਿਚ ਬੇਰੁਜ਼ਗਾਰੀ ਦਰ 5.2 ਫ਼ੀ ਸਦੀ ਚੱਲ ਰਹੀ ਹੈ ਜੋ ਕੌਮੀ ਔਸਤ ਦੇ ਹਿਸਾਬ ਨਾਲ ਕਾਫੀ ਘੱਟ ਬਣਦੀ ਹੈ। ਨੌਜਵਾਨਾਂ ਵਿਚ ਬੇਰੁਜ਼ਗਾਰੀ ਦਰ 10.2 ਫੀ ਸਦੀ ਦਰਜ ਕੀਤੀ ਗਈ ਅਤੇ ਇਹ ਵੀ ਕੌਮੀ ਔਸਤ ਤੋਂ ਘੱਟ ਰਹੀ। ਲੇਬਰ ਫੋਰਸ ਦੇ ਸਰਵੇਖਣ ਮੁਤਾਬਕ ਹੋਲਸੇਲ ਅਤੇ ਰਿਟੇਲ ਸੈਕਟਰ ਵਿਚ ਰੁਜ਼ਗਾਰ ਦੇ 14 ਹਜ਼ਾਰ ਨਵੇਂ ਮੌਕੇ ਪੌਦਾ ਹੋਏ। ਸੂਬੇ ਦੀ ਰੁਜ਼ਗਾਰ ਅਤੇ ਆਰਥਿਕ ਵਿਕਾਸ ਮੰਤਰੀ ਬਰੈਂਡਾ ਬੈਲੀ ਨੇ ਕਿਹਾ ਉਚੀਆਂ ਵਿਆਜ ਦਰਾਂ ਦੇ ਬਾਵਜੂਦ ਅਜਿਹੇ ਅੰਕੜੇ ਤਸੱਲੀਬਖਸ਼ ਮੰਨੇ ਜਾ ਸਕਦੇ ਹਨ। ਕੁਲ ਮਿਲਾ ਕੇ ਦੇਖਿਆ ਮੌਜੂਦਾ ਵਰ੍ਹੇ ਦੀ ਪਹਿਲੀ ਛਿਮਾਹੀ ਦੌਰਾਨ ਕੈਨੇਡੀਅਨ ਅਰਥਚਾਰੇ ਵਿਚ ਹੋਇਆ ਵਾਧਾ ਵਿਆਜ ਦਰਾਂ ਵਿਚ ਕਟੌਤੀ ਦਾ ਆਧਾਰ ਬਣ ਸਕਦਾ ਹੈ। ਗੁਆਂਢੀ ਮੁਲਕ ਅਮਰੀਕਾ ਦਾ ਜ਼ਿਕਰ ਕੀਤਾ ਜਾਵੇ ਤਾਂ ਜੂਨ ਮਹੀਨੇ ਦੌਰਾਨ ਨਵੀਆਂ ਨੌਕਰੀਆਂ ਪੈਦਾ ਹੋਣ ਦੀ ਰਫ਼ਤਾਰ ਕੁਝ ਮੱਠੀ ਰਹੀ ਅਤੇ ਬੇਰੁਜ਼ਗਾਰੀ ਦਰ ਪਿਛਲੇ ਢਾਈ ਸਾਲ ਦੇ ਸਿਖਰਲੇ ਪੱਧਰ 4.1 ਫੀ ਸਦੀ ’ਤੇ ਪੁੱਜ ਗਈ।