ਕੈਨੇਡਾ ਵੱਲੋਂ ਅਮਰੀਕਾ ਦੀ ਬਿਜਲੀ ਬੰਦ ਕਰਨ ਦੀ ਧਮਕੀ
ਡੌਨਲਡ ਟਰੰਪ ਵੱਲੋਂ ਭਾਰੀ ਭਰਕਮ ਟੈਕਸ ਲਾਉਣ ਦੀ ਧਮਕੀ ਦੇ ਜਵਾਬ ਵਿਚ ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਅਮਰੀਕਾ ਦੀ ਬਿਜਲੀ ਬੰਦ ਕਰਨ ਦੀ ਮੋੜਵੀਂ ਚਿਤਾਵਨੀ ਦਿਤੀ ਗਈ ਹੈ।;
ਟੋਰਾਂਟੋ : ਡੌਨਲਡ ਟਰੰਪ ਵੱਲੋਂ ਭਾਰੀ ਭਰਕਮ ਟੈਕਸ ਲਾਉਣ ਦੀ ਧਮਕੀ ਦੇ ਜਵਾਬ ਵਿਚ ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਅਮਰੀਕਾ ਦੀ ਬਿਜਲੀ ਬੰਦ ਕਰਨ ਦੀ ਮੋੜਵੀਂ ਚਿਤਾਵਨੀ ਦਿਤੀ ਗਈ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਵੀ ਪਿੱਛੇ ਨਹੀਂ ਰਹਾਂਗੇ ਅਤੇ ਮਿਸ਼ੀਗਨ, ਨਿਊ ਯਾਰਕ ਤੇ ਵਿਸਕੌਨਸਿਨ ਤੱਕ ਜਾ ਰਹੀ ਬਿਜਲੀ ਸਪਲਾਈ ਬੰਦ ਕਰ ਦਿਤੀ ਜਾਵੇਗੀ। ਡਗ ਫੋਰਡ ਨੇ ਦਲੀਲ ਦਿਤੀ ਕਿ ਉਹ ਨਹੀਂ ਚਾਹੁੰਦੇ ਕਿ ਇਹ ਸਭ ਹੋਵੇ ਪਰ ਉਨ੍ਹਾਂ ਦਾ ਪਹਿਲਾ ਫਰਜ਼ ਉਨਟਾਰੀਓ ਵਾਸੀਆਂ ਅਤੇ ਕੈਨੇਡੀਅਨ ਦੀ ਹਿਫ਼ਾਜ਼ਤ ਕਰਨਾ ਹੈ। ਜੇ ਅਜਿਹੀ ਨੌਬਤ ਆਉਂਦੀ ਹੈ ਤਾਂ ਮੋੜਵਾਂ ਜਵਾਬ ਦੇਣ ਲਈ ਹਰ ਹੀਲਾ ਵਰਤਾਂਗੇ। ਉਨਟਾਰੀਓ ਦੇ ਪ੍ਰੀਮੀਅਰ ਨੇ ਲੋਕਾਂ ਨੂੰ ਆਪਣੇ ਮੁਲਕ ਵਾਸਤੇ ਖੜ੍ਹੇ ਹੋਣ ਦਾ ਸੱਦਾ ਦਿਤਾ। ਇਥੇ ਦਸਣਾ ਬਣਦਾ ਹੈ ਕਿ ਇਕੱਲੇ ਉਨਟਾਰੀਓ ਸੂਬੇ ਦਾ ਅਮਰੀਕਾ ਨਾਲ ਵਪਾਰ 500 ਅਰਬ ਡਾਲਰ ਤੋਂ ਵੱਧ ਬਣਦਾ ਹੈ ਅਤੇ ਜੇ ਟੈਕਸ ਦਰਾਂ ਲਾਗੂ ਹੁੰਦੀਆਂ ਹਨ ਤਾਂ ਸਭ ਤੋਂ ਵੱਧ ਅਸਰ ਵੀ ਉਨਟਾਰੀਓ ’ਤੇ ਹੀ ਪਵੇਗਾ। ਡਗ ਫੋਰਡ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਵੱਲੋਂ ਟਰੰਪ ਦੇ ਨੁਮਾਇੰਦਿਆ ਨਾਲ ਕੋਈ ਸੰਪਰਕ ਕੀਤਾ ਗਿਆ ਹੈ ਜਾਂ ਨਵੇਂ ਚੁਣੇ ਰਾਸ਼ਟਰਪਤੀ ਨਾਲ ਮੁਲਾਕਾਤ ਦੀ ਕੋਈ ਯੋਜਨਾ ਹੈ ਤਾਂ ਡਗ ਫੋਰਡ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਸੱਦਾ ਨਹੀਂ ਆਇਆ।
ਉਨਟਾਰੀਓ ਦੇ ਪ੍ਰੀਮੀਅਰ ਵੱਲੋਂ ਟਰੰਪ ਨੂੰ ਮੋੜਵਾਂ ਜਵਾਬ
ਦੱਸ ਦੇਈਏ ਕਿ ਮੰਗਲਵਾਰ ਨੂੰ ਫੌਕਸ ਨਿਊਜ਼ ਨਾਲ ਗੱਲਬਾਤ ਕਰਦਿਆਂ ਪ੍ਰੀਮੀਅਰ ਨੇ ਕਿਹਾ ਸੀ ਕਿ ਉਹ ਫਲੋਰੀਡਾ ਜਾ ਕੇ ਟੈਕਸ ਦਰਾਂ ਬਾਰੇ ਗੱਲਬਾਤ ਕਰਨਾ ਚਾਹੁੰਦੇ ਹਨ। ਪਿਛਲੇ ਮਹੀਨੇ ਦੇ ਅੰਤ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਚਨਚੇਤ ਦੌਰੇ ਤੇ ਫਲੋਰੀਡਾ ਗਏ ਸਨ ਜਿਥੇ ਡੌਨਲਡ ਟਰੰਪ ਨਾਲ ਰਾਤ ਦੇ ਖਾਣੇ ਵਿਚ ਸ਼ਾਮਲ ਹੋਏ। ਮੁਲਾਕਾਤ ਤੋਂ ਕੁਝ ਦਿਨ ਬਾਅਦ ਟਰੰਪ ਨੇ ਟਰੂਡੋ ਦਾ ਮਖੌਲ ਉਡਾਉਣਾ ਸ਼ੁਰੂ ਕਰ ਦਿਤਾ ਅਤੇ ਅਮਰੀਕਾ ਦੇ 51ਵੇਂ ਸੂਬੇ ਦਾ ਗਵਰਨਰ ਦੱਸਣ ਲੱਗੇ। ਦੂਜੇ ਪਾਸੇ ਉਨਟਾਰੀਓ ਵਿਚ ਬਿਜਲੀ ਦੀ ਕਿੱਲਤ ਨਾਲ ਸਬੰਧਤ ਇਕ ਰਿਪੋਰਟ ਪਿਛਲੇ ਦਿਨੀਂ ਸਾਹਮਣੇ ਆਈ ਜਿਸ ਵਿਚ ਦਾਅਵਾ ਕੀਤਾ ਗਿਆ ਕਿ ਗੁਆਂਢੀ ਮੁਲਕ ਅਮਰੀਕਾ ਤੋਂ ਬਿਜਲੀ ਖਰੀਦਣੀ ਪੈ ਰਹੀ ਹੈ। ਬਰਾਜ਼ੀਲ ਅਤੇ ਚੀਨ ਤੋਂ ਬਾਅਦ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਪਣ-ਬਿਜਲੀ ਉਤਪਾਦਕ ਹੋਣ ਦੇ ਬਾਵਜੂਦ ਸੋਕੇ ਅਤੇ ਖਰਾਬ ਮੌਸਮ ਨੇ ਕੈਨੇਡਾ ਨੂੰ ਬਿਜਲੀ ਖਰੀਦਣ ਲਈ ਮਜਬੂਰ ਕਰ ਦਿਤਾ ਜਦਕਿ ਪਿਛਲੇ ਲੰਮੇ ਸਮੇਂ ਤੋਂ ਕੈਨੇਡਾ ਵੱਲੋਂ ਅਮਰੀਕਾ ਨੂੰ ਬਿਜਲੀ ਵੇਚੀ ਜਾ ਰਹੀ ਸੀ। ਸਰਕਾਰੀ ਅੰਕੜਿਆਂ ਮੁਤਾਬਕ ਕੈਨੇਡਾ ਵਿਚ ਪੈਦਾ ਹੋਣ ਵਾਲੀ ਕੁਲ ਬਿਜਲੀ ਦਾ 62 ਫੀ ਸਦੀ ਹਿੱਸਾ ਨਦੀਆਂ ’ਤੇ ਬਣੇ ਡੈਮਜ਼ ਰਾਹੀਂ ਪੈਦਾ ਕੀਤੀ ਜਾਣ ਵਾਲੀ ਬਿਜਲੀ ਤੋਂ ਆਉਂਦਾ ਹੈ। ਇਸ ਵਾਰ ਕੈਨੇਡਾ ਦੇ ਕਈ ਇਲਾਕਿਆਂ ਵਿਚ ਦਰਮਿਆਨਾ ਜਾਂ ਭਾਰੀ ਸੋਕਾ ਪਿਆ ਅਤੇ ਪਣ-ਬਿਜਲੀ ਪ੍ਰੌਜੈਕਟਾਂ ਦੀਆਂ ਝੀਲਾਂ ਤੱਕ ਲੋੜੀਂਦਾ ਪਾਣੀ ਨਾ ਪੁੱਜ ਸਕਿਆ। ਹਾਈਡਰੋ ਪਾਵਰ ਪੈਦਾ ਕਰਨ ਵਾਲੇ ਪ੍ਰਮੁੱਖ ਰਾਜਾਂ ਵਿਚ ਕਿਊਬੈਕ, ਬ੍ਰਿਟਿਸ਼ ਕੋਲੰਬੀਆ ਅਤੇ ਮੈਨੀਟੋਬਾ ਸ਼ਾਮਲ ਹਨ। ਅਤੀਤ ਵਿਚ ਇਨ੍ਹਾਂ ਰਾਜਾਂ ਕੋਲ ਵਾਧੂ ਬਿਜਲੀ ਹੁੰਦੀ ਸੀ ਜੋ ਅਮਰੀਕਾ ਨੂੰ ਵੇਚ ਦਿਤੀ ਜਾਂਦੀ ਪਰ ਇਸ ਵਾਰ ਹਾਲਾਤ ਉਲਟੇ ਨਜ਼ਰ ਆ ਰਹੇ ਹਨ। ਕੈਨੇਡਾ ਨੂੰ ਦਰਪੇਸ਼ ਚੁਣੌਤੀ ਦੁਨੀਆਂ ਦੇ ਕਈ ਹੋਰ ਹਿੱਸਿਆਂ ਵਿਚ ਵੀ ਨਜ਼ਰ ਆਈ ਅਤੇ ਹਾਈਡਰੋ ਇਲੈਕਟ੍ਰੀਸਿਟੀ ਪੈਦਾ ਕਰਨ ਦੀ ਦਰ 2023 ਦੌਰਾਨ ਪੰਜ ਸਾਲ ਦੇ ਹੇਠਲੇ ਪੱਧਰ ’ਤੇ ਪੁੱਜ ਗਈ। ਬਿਜਲੀ ਦੀ ਮੰਗ ਪੂਰੀ ਕਰਨ ਲਈ ਬਦਲਵੇਂ ਸਰੋਤਾਂ ਦਾ ਵਰਤੋਂ ਕੀਤੀ ਗਈ ਅਤੇ ਗਰੀਨ ਹਾਊਸ ਗੈਸਾਂ ਵਿਚ 40 ਫੀ ਸਦੀ ਵਾਧਾ ਹੋਇਆ। ਕੈਨੇਡਾ ਵਿਚ ਪਣ-ਬਿਜਲੀ ਦੀ ਪੈਦਾਵਾਰ 3.9 ਫੀ ਸਦੀ ਘਟੀ ਅਤੇ 2016 ਮਗਰੋਂ ਸਭ ਤੋਂ ਹੇਠਲੇ ਪੱਧਰ ’ਤੇ ਚਲੀ ਗਈ।