ਕੈਨੇਡਾ : ਹਜ਼ਾਰਾਂ ਤੱਕ ਪੁੱਜੀ ਕਾਲੀ ਖੰਘ ਦੇ ਮਰੀਜ਼ਾਂ ਦੀ ਗਿਣਤੀ

ਕੈਨੇਡਾ ਵਿਚ ਕਾਲੀ ਖੰਘ ਦੇ ਮਰੀਜ਼ਾਂ ਦੀ ਗਿਣਤੀ ਹੈਰਾਨਕੁੰਨ ਤਰੀਕੇ ਨਾਲ ਵਧ ਰਹੀ ਹੈ ਅਤੇ ਸਭ ਤੋਂ ਜ਼ਿਆਦਾ ਪ੍ਰਭਾਵਤ ਸੂਬਾ ਕਿਊਬੈਕ ਨਜ਼ਰ ਆ ਰਿਹਾ ਹੈ ਜਿਥੇ 12 ਹਜ਼ਾਰ ਦੇ ਨੇੜੇ ਮਰੀਜ਼ ਸਾਹਮਣੇ ਆ ਚੁੱਕੇ ਹਨ।

Update: 2024-08-29 12:12 GMT

ਟੋਰਾਂਟੋ : ਕੈਨੇਡਾ ਵਿਚ ਕਾਲੀ ਖੰਘ ਦੇ ਮਰੀਜ਼ਾਂ ਦੀ ਗਿਣਤੀ ਹੈਰਾਨਕੁੰਨ ਤਰੀਕੇ ਨਾਲ ਵਧ ਰਹੀ ਹੈ ਅਤੇ ਸਭ ਤੋਂ ਜ਼ਿਆਦਾ ਪ੍ਰਭਾਵਤ ਸੂਬਾ ਕਿਊਬੈਕ ਨਜ਼ਰ ਆ ਰਿਹਾ ਹੈ ਜਿਥੇ 12 ਹਜ਼ਾਰ ਦੇ ਨੇੜੇ ਮਰੀਜ਼ ਸਾਹਮਣੇ ਆ ਚੁੱਕੇ ਹਨ। ਕਿਊਬੈਕ ਵਿਚ 2015 ਤੋਂ 2019 ਦਰਮਿਆਲ ਕਾਲੀ ਖੰਘ ਦੇ ਔਸਤ ਮਰੀਜ਼ਾਂ ਦੀ ਗਿਣਤੀ ਸਿਰਫ 562 ਦਰਜ ਕੀਤੀ ਗਈ। ਦੂਜੇ ਪਾਸੇ ਉਨਟਾਰੀਓ ਅਤੇ ਨਿਊ ਬ੍ਰਨਜ਼ਵਿਕ ਦੇ ਹਾਲਤਾ ਵਿਚ ਚੰਗੇ ਨਹੀਂ। ਉਨਟਾਰੀਓ ਵਿਚ ਤਕਰੀਬਨ ਜੂਨ ਦੇ ਅੰਤ ਤੱਕ 470 ਮਰੀਜ਼ ਸਾਹਮਣੇ ਆਏ ਜਦਕਿ ਮਹਾਂਮਾਰੀ ਤੋਂ ਪਹਿਲਾਂ ਪੰਜ ਸਾਲ ਦਾ ਔਸਤ ਅੰਕੜਾ ਸਿਰਫ 98 ਦਰਜ ਕੀਤਾ ਗਿਆ। ਟੋਰਾਂਟੋ ਵਿਖੇ ਮੌਜੂਦਾ ਵਰ੍ਹੇ ਦੌਰਾਨ 99 ਮਰੀਜ਼ਾਂ ਦੀ ਤਸਦੀਕ ਹੋ ਚੁੱਕੀ ਹੈ ਅਤੇ ਔਟਵਾ ਵਿਖੇ ਗਿਣਤੀ 76 ਦੱਸੀ ਜਾ ਰਹੀ ਹੈ।

ਕਿਊਬੈਕ ਸਭ ਤੋਂ ਵੱਧ ਪ੍ਰਭਾਵਤ ਸੂਬਾ

ਦੋਹਾਂ ਸ਼ਹਿਰਾਂ ਦਾ ਅੰਕੜਾ ਮਹਾਂਮਾਰੀ ਤੋਂ ਪਹਿਲਾਂ ਮੁਕਾਬਲੇ ਦੁੱਗਣੇ ਤੋਂ ਵੀ ਉਤੇ ਚੱਲ ਰਿਹਾ ਹੈ ਜਦਕਿ ਸਾਲ ਦੇ ਕਈ ਮਹੀਨੇ ਬਾਕੀ ਹਨ। ਪਿਛਲੇ ਦਿਨੀਂ ਨਿਊ ਬ੍ਰਨਜ਼ਵਿਕ ਵਿਖੇ 141 ਮਰੀਜ਼ ਸਾਹਮਣੇ ਆਉਣ ਦੀ ਤਸਦੀਕ ਕੀਤੀ ਗਈ ਜਦਕਿ ਸੂਬੇ ਦਾ ਔਸਤ ਅੰਕੜਾ ਪਿਛਲੇ ਸਾਲ ਦੇ ਅੰਤ ਤੱਕ ਸਿਰਫ 34 ਦਰਜ ਕੀਤਾ ਗਿਆ। ਕਾਲੀ ਖੰਘ ਨੂੰ ਵੈਕਸੀਨੇਸ਼ਨ ਰਾਹੀਂ ਰੋਕਿਆ ਜਾ ਸਕਦਾ ਹੈ ਜੋ ਇਕ ਮਰੀਜ਼ ਤੋਂ ਦੂਜੇ ਤੱਕ ਬੇਹੱਦ ਤੇਜ਼ੀ ਨਾਲ ਫੈਲਦੀ ਹੈ ਅਤੇ ਸਭ ਤੋਂ ਜ਼ਿਆਦਾ ਅਸਰ 10 ਤੋਂ 14 ਸਾਲ ਦੇ ਬੱਚਿਆਂ ’ਤੇ ਪੈਂਦਾ ਹੈ। ਟੋਰਾਂਟੋ ਪਬਲਿਕ ਹੈਲਥ ਦੇ ਐਸੋਸੀਏਟ ਮੈਡੀਕਲ ਅਫਸਰ ਡਾ. ਐਲੀਸਨ ਕ੍ਰਿਸ ਦਾ ਕਹਿਣਾ ਸੀ ਕਿ ਹਰ ਦੋ ਤੋਂ ਪੰਜ ਸਾਲ ਬਾਅਦ ਕਾਲੀ ਖੰਘ ਦੇ ਮਰੀਜ਼ਾਂ ਵਿਚ ਤੇਜ਼ ਵਾਧਾ ਹੁੰਦਾ ਹੈ ਅਤੇ ਸੰਭਾਵਤ ਤੌਰ ’ਤੇ ਇਸ ਵੇਲੇ ਉਹੀ ਸਮਾਂ ਚੱਲ ਰਿਹਾ ਹੈ। ਮਰੀਜ਼ ਨੂੰ ਖੰਘ ਵਾਰ ਵਾਰ ਛਿੜਦੀ ਹੈ ਅਤੇ ਇਹ ਕਈ ਹਫ਼ਤੇ ਤੱਕ ਰਹਿ ਸਕਦੀ ਹੈ। ਨਿਊ ਬ੍ਰਨਜ਼ਵਿਕ ਦੇ ਕਾਰਜਕਾਰੀ ਚੀਫ਼ ਮੈਡੀਕਲ ਅਫਸਰ ਦਾ ਕਹਿਣਾ ਹੈ ਕਿ 10 ਸਾਲ ਤੋਂ ਵੱਧ ਸਮਾਂ ਹੋ ਗਿਆ, ਸੂਬੇ ਵਿਚ ਕਦੇ ਕਾਲੀ ਖੰਘ ਦੇ ਮਰੀਜ਼ਾਂ ਦੀ ਗਿਣਤੀ ਐਨੀ ਨਹੀਂ ਵਧੀ।

ਉਨਟਾਰੀਓ ਅਤੇ ਨਿਊ ਬ੍ਰਨਜ਼ਵਿਕ ਵਿਚ ਵੀ ਆਮ ਨਾਲੋਂ ਦੁੱਗਣੇ ਮਰੀਜ਼

ਕਾਲੀ ਖੰਘ ਤੋਂ ਬਚਾਅ ਕਰਨ ਵਾਲੀਆਂ ਵੈਕਸੀਨਜ਼ ਕੈਨੇਡਾ ਦੇ ਟੀਕਾਕਰਨ ਪ੍ਰੋਗਰਾਮ ਦਾ ਹਿੱਸਾ ਹਨ ਅਤੇ ਦੋ ਮਹੀਨੇ ਦੇ ਬੱਚੇ ਤੋਂ ਵੈਕਸੀਨੇਸ਼ਨ ਸ਼ੁਰੂ ਹੋ ਜਾਂਦੀ ਹੈ। ਟੋਰਾਂਟੋ ਵਿਖੇ ਬੱਚਿਆਂ ਦੀਆਂ ਬਿਮਾਰੀਆਂ ਦੀ ਮਾਹਰ ਡਾ. ਐਨਾ ਬੈਨਰਜੀ ਦਾ ਕਹਿਣਾ ਸੀ ਕਿ ਵੈਕਸੀਨ ਪ੍ਰਤੀ ਝਿਜਕ ਵੀ ਵੱਡੇ ਪੱਧਰ ’ਤੇ ਬਿਮਾਰੀ ਫੈਲਣ ਦਾ ਕਾਰਨ ਹੋ ਸਕਦੀ ਹੈ। ਸਿਰਫ ਕੈਨੇਡਾ ਹੀ ਨਹੀਂ, ਅਮਰੀਕਾ ਵਿਚ ਵੀ ਕਾਲੀ ਖੰਘ ਦੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਦਰਜ ਕੀਤਾ ਗਿਆ ਅਤੇ ਜੁਲਾਈ ਮਹੀਨੇ ਦੌਰਾਨ ਪੈਨ ਅਮੈਰਿਕਨ ਹੈਲਥ ਏਜੰਸੀ ਨੇ ਕਾਲੀ ਖੰਘ ਬਾਰੇ ਐਲਰਟ ਜਾਰੀ ਕੀਤਾ।

Tags:    

Similar News