ਹਰਦੀਪ ਨਿੱਜਰ ਕਤਲਕਾਂਡ ਬਾਰੇ ਭਾਰਤੀ ਟਿੱਪਣੀ ਮਗਰੋਂ ਕੈਨੇਡਾ ਸੁਚੇਤ
ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਵੱਲੋਂ ਹਰਦੀਪ ਸਿੰਘ ਨਿੱਜਰ ਕਤਲਕਾਂਡ ਨਾਲ ਸਬੰਧਤ ਦੋਸ਼ਾਂ ਨੂੰ ਬੇਤੁਕਾ ਕਰਾਰ ਦਿਤੇ ਜਾਣ ਮਗਰੋਂ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕਿਹਾ ਹੈ ਕਿ ਭਾਰਤ ਨਾਲ ਕਾਰੋਬਾਰੀ ਰਿਸ਼ਤੇ ਮਜ਼ਬੂਤ ਕਰਦਿਆਂ ਲੋਕ ਸੁਰੱਖਿਆ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ
ਔਟਵਾ : ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਵੱਲੋਂ ਹਰਦੀਪ ਸਿੰਘ ਨਿੱਜਰ ਕਤਲਕਾਂਡ ਨਾਲ ਸਬੰਧਤ ਦੋਸ਼ਾਂ ਨੂੰ ਬੇਤੁਕਾ ਕਰਾਰ ਦਿਤੇ ਜਾਣ ਮਗਰੋਂ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕਿਹਾ ਹੈ ਕਿ ਭਾਰਤ ਨਾਲ ਕਾਰੋਬਾਰੀ ਰਿਸ਼ਤੇ ਮਜ਼ਬੂਤ ਕਰਦਿਆਂ ਲੋਕ ਸੁਰੱਖਿਆ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਉਨ੍ਹਾਂ ਕਿਹਾ ਕਿ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਅਤੇ ਵਿਦੇਸ਼ੀ ਦਖਲ ਵਰਗੇ ਅਹਿਮ ਮਸਲੇ ਹਮੇਸ਼ਾ ਤਰਜੀਹੀ ਆਧਾਰ ’ਤੇ ਨਜਿੱਠੇ ਜਾਂਦੇ ਹਨ। ਦੱਸ ਦੇਈਏ ਕਿ ਸੀ.ਬੀ.ਸੀ. ਨਾਲ ਇਕ ਇੰਟਰਵਿਊ ਦੌਰਾਨ ਹੀ ਭਾਰਤ ਦੇ ਹਾਈ ਕਮਿਸ਼ਨਰ ਨੇ ਜ਼ੋਰ ਦੇ ਕੇ ਆਖਿਆ ਕਿ ਜਸਟਿਨ ਟਰੂਡੋ ਦੀ ਸਰਕਾਰ ਵੱਲੋਂ ਲਾਏ ਦੋਸ਼ ਸਰਾਸਰ ਬੇਤੁਕੇ ਸਨ।
ਕੈਨੇਡੀਅਨ ਲੋਕਾਂ ਦੀ ਸੁਰੱਖਿਆ ਹਮੇਸ਼ਾ ਮੁੱਖ ਤਰਜੀਹ : ਅਨੀਤਾ ਆਨੰਦ
ਭਾਰਤ ਸਰਕਾਰ ਕਦੇ ਵੀ ਅਜਿਹੀਆਂ ਸਰਗਰਮੀਆਂ ਵਿਚ ਸ਼ਾਮਲ ਨਹੀਂ ਹੁੰਦੀ। ਕੈਨੇਡਾ ਸਰਕਾਰ ਵੱਲੋਂ ਲਾਰੈਂਸ ਬਿਸ਼ਨੋਈ ਗਿਰੋਹ ਨੂੰ ਅਤਿਵਾਦੀ ਜਥੇਬੰਦੀ ਐਲਾਨੇ ਜਾਣ ਦਾ ਸਵਾਗਤ ਕਰਦਿਆਂ ਦਿਨੇਸ਼ ਪਟਨਾਇਕ ਨੇ ਕਿਹਾ ਕਿ ਭਾਰਤ ਸਰਕਾਰ ਵੀ ਇਸ ਗਿਰੋਹ ਵਿਰੁੱਧ ਕਾਰਵਾਈ ਕਰ ਰਹੀ ਹੈ ਅਤੇ ਹਾਲ ਹੀ ਵਿਚ ਲਾਰੈਂਸ ਦੇ ਭਰਾ ਨੂੰ ਅਮਰੀਕਾ ਤੋਂ ਭਾਰਤ ਲਿਜਾਇਆ ਗਿਆ ਹੈ। ਉਨ੍ਹਾਂ ਸੁਚੇਤ ਕੀਤਾ ਕਿ ਵਿਦੇਸ਼ਾਂ ਵਿਚ ਸਰਗਰਮ ਅਪਰਾਧੀ ਵੀ ਹੁਣ ਬਿਲਕੁਲ ਉਸੇ ਤਰੀਕੇ ਨਾਲ ਕੰਮ ਕਰ ਰਹੇ ਹਨ ਜਿਵੇਂ ਅਤਿਵਾਦੀਆਂ ਜਥੇਬੰਦੀਆਂ ਕਰਦੀਆਂ ਹਨ। ਭਾਰਤ ਸਰਕਾਰ ਕੋਲ ਮੁਹੱਈਆ ਖੁਫੀਆ ਜਾਣਕਾਰੀ ਮੁਤਾਬਕ ਬਿਸ਼ਨੋਈ ਗੈਂਗ ਅਤੇ ਸਿੱਖਾਂ ਦੇ ਗਿਰੋਹ ਕੌਮਾਂਤਰੀ ਨਸ਼ਾ ਤਸਕਰਾਂ ਨਾਲ ਤਾਲਮੇਲ ਤਹਿਤ ਕੰਮ ਕਰ ਰਹੇ ਹਨ। ਅਸੀਂ ਇਕ-ਦੂਜੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਅਤੇ ਸਾਨੂੰ ਤਾਲਮੇਲ ਨਾਲ ਅੱਗੇ ਵਧਣ ਦੀ ਜ਼ਰੂਰਤ ਹੈ।
ਭਾਰਤ ਦੇ ਹਾਈ ਕਮਿਸ਼ਨਰ ਨੇ ਰਾਏਸ਼ੁਮਾਰੀ ਨੂੰ ਹਾਸੋਹੀਣਾ ਦੱਸਿਆ
ਭਾਰਤ ਸਰਕਾਰ 40 ਸਾਲ ਤੋਂ ਕੈਨੇਡਾ ਵਿਚ ਵੱਖਵਾਦੀ ਸਰਗਰਮੀਆਂ ਦਾ ਜ਼ਿਕਰ ਕਰ ਰਹੀ ਹੈ। ਭਾਰਤ ਅਤੇ ਕੈਨੇਡਾ ਨੂੰ ਆਪੋ ਆਪਣੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਂਦਿਆਂ ਦੁਵੱਲੇ ਰਿਸ਼ਤੇ ਤੈਅ ਕਰਨੇ ਹੋਣਗੇ। ਔਟਵਾ ਵਿਖੇ ਖਾਲਿਸਤਾਨ ਦੇ ਹੱਕ ਵਿਚ ਸੰਕੇਤਕ ਤੌਰ ’ਤੇ ਕੀਤੀ ਗਈ ਰਾਏਸ਼ੁਮਾਰੀ ਨੂੰ ਹਾਸੋਹੀਣਾ ਕਰਾਰ ਦਿੰਦਿਆਂ ਦਿਨੇਸ਼ ਪਟਨਾਇਕ ਨੇ ਕਿਹਾ ਕਿ ਇਸ ਘਟਨਾਕ੍ਰਮ ਨੂੰ ਭਾਰਤ ਵਿਚ ਕੈਨੇਡੀਅਨ ਦਖਲ ਵਜੋਂ ਵੀ ਦੇਖਿਆ ਜਾ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇ ਅਜਿਹਾ ਕੋਈ ਵੀ ਇਕੱਠ ਸ਼ਾਂਤਮਈ ਹੋਵੇ ਤਾਂ ਠੀਕ ਹੈ ਪਰ ਰਾਏਸ਼ੁਮਾਰੀ ਦੌਰਾਨ ਹਿੰਸਕ ਤਸਵੀਰਾਂ ਟੰਗੀਆਂ ਨਜ਼ਰ ਆਈਆਂ ਜੋ ਸਰਾਸਰ ਗੈਰਵਾਜਬ ਹਨ।