ਕੈਨੇਡਾ ਦੇ ਸਭ ਤੋਂ ਖ਼ਤਰਨਾਕ ਵਿਅਕਤੀ ਨੇ ਤੋੜਿਆ ਦਮ, ਜਾਣੋ ਕੀ ਵਾਪਰਿਆ ਭਾਣਾ

49 ਔਰਤਾਂ ਦੇ ਕਤਲ ਮਗਰੋਂ ਲਾਸ਼ਾਂ ਆਪਣੇ ਸੂਰਾਂ ਨੂੰ ਖਵਾਉਣ ਵਾਲੇ ਕੈਨੇਡਾ ਦੇ ਸਭ ਤੋਂ ਖ਼ਤਰਨਾਕ ਸੀਰੀਅਲ ਕਿਲਰ ਰੌਬਰਟ ਪਿਕਟਨ ਦੀ ਹਸਪਤਾਲ ਵਿਚ ਮੌਤ ਹੋ ਗਈ। 74 ਸਾਲ ਦਾ ਰੌਬਰਟ ਪਿਕਟਨ ਕਿਊਬੈਕ ਦੀ ਜੇਲ ਵਿਚ ਬੰਦ ਸੀ ਜਿਥੇ ਬੀਤੀ 19 ਮਈ ਨੂੰ ਇਕ ਕੈਦੀ ਨੇ ਉਸ ਉਤੇ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿਤਾ।;

Update: 2024-06-01 10:47 GMT

ਮੌਂਟਰੀਅਲ : 49 ਔਰਤਾਂ ਦੇ ਕਤਲ ਮਗਰੋਂ ਲਾਸ਼ਾਂ ਆਪਣੇ ਸੂਰਾਂ ਨੂੰ ਖਵਾਉਣ ਵਾਲੇ ਕੈਨੇਡਾ ਦੇ ਸਭ ਤੋਂ ਖ਼ਤਰਨਾਕ ਸੀਰੀਅਲ ਕਿਲਰ ਰੌਬਰਟ ਪਿਕਟਨ ਦੀ ਹਸਪਤਾਲ ਵਿਚ ਮੌਤ ਹੋ ਗਈ। 74 ਸਾਲ ਦਾ ਰੌਬਰਟ ਪਿਕਟਨ ਕਿਊਬੈਕ ਦੀ ਜੇਲ ਵਿਚ ਬੰਦ ਸੀ ਜਿਥੇ ਬੀਤੀ 19 ਮਈ ਨੂੰ ਇਕ ਕੈਦੀ ਨੇ ਉਸ ਉਤੇ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿਤਾ। ਪਿਕਟਨ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਹਾਲਤ ਲਗਾਤਾਰ ਵਿਗੜਦੀ ਗਈ ਅਤੇ ਸ਼ੁੱਕਰਵਾਰ ਨੂੰ ਦਮ ਤੋੜ ਗਿਆ। ਬੀ.ਸੀ. ਨਾਲ ਸਬੰਧਤ ਰੌਬਰਟ ਪਿਕਟਨ ਦਾ ਪੋਰਟ ਕੌਕੁਇਟਲੈਮ ਵਿਖੇ ਇਕ ਪਿਗ ਫਾਰਮ ਸੀ ਅਤੇ ਔਰਤਾਂ ਨੂੰ ਵਰਗਲਾਉਣ ਮਗਰੋਂ ਉਨ੍ਹਾਂ ਨੂੰ ਇਥੇ ਲਿਆ ਕੇ ਹੀ ਕਤਲ ਕਰਦਾ।

ਪਿਕਟਨ ਵਿਰੁੱਧ 26 ਔਰਤਾਂ ਦੀ ਹੱਤਿਆ ਦੇ ਦੋਸ਼ ਲੱਗੇ ਪਰ ਸਿਰਫ ਛੇ ਮਾਮਲਿਆਂ ਵਿਚ ਹੀ ਦੋਸ਼ੀ ਕਰਾਰ ਦਿਤਾ ਗਿਆ ਅਤੇ 2007 ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਇਕ ਅੰਡਰ ਕਵਰ ਪੁਲਿਸ ਅਫਸਰ ਨਾਲ ਗੱਲਬਾਤ ਕਰਦਿਆਂ ਪਿਕਟਨ ਨੇ 49 ਔਰਤਾਂ ਦਾ ਕਤਲ ਕਬੂਲ ਕੀਤਾ। ਉਸ ਦੇ ਪਿਗ ਫਾਰਮ ਦੀ ਤਲਾਸ਼ੀ ਦੌਰਾਨ 33 ਔਰਤਾਂ ਦਾ ਡੀ.ਐਨ.ਏ. ਮਿਲਿਆ। ਵੈਨਕੂਵਰ ਦੇ ਡਾਊਨ ਟਾਊਨ ਈਸਟਸਾਈਡ ਤੋਂ ਔਰਤਾਂ ਗਾਇਬ ਹੋਣ ਦੇ ਮਾਮਲੇ ਵਿਚ ਪਿਕਟਨ ਦਾ ਨਾਂ ਪਹਿਲੀ ਵਾਰ 1997 ਵਿਚ ਸਾਹਮਣੇ ਆਇਆ। ਪੁਲਿਸ ਨੂੰ ਉਸ ਦੇ ਪਿਗ ਫਾਰਮ ਤੋਂ ਕਈ ਔਰਤਾਂ ਦੀਆਂ ਹੱਡੀਆਂ ਮਿਲੀਆਂ ਜਦਕਿ ਔਰਤਾਂ ਨਾਲ ਸਬੰਧਤ ਕੁਝ ਸਮਾਨ ਵੀ ਬਰਾਮਦ ਕੀਤਾ ਗਿਆ। ਕਿਊਬੈਕ ਸਿਟੀ ਤੋਂ 480 ਕਿਲੋਮੀਟਰ ਦੂਰ ਸਥਿਤ ਪੋਰਟ ਕਾਰਟੀਅਰ ਜੇਲ ਵਿਚ ਬੰਦ ਪਿਕਟਨ ’ਤੇ ਹੋਏ ਹਮਲੇ ਦੀ ਪੜਤਾਲ ਕਰ ਰਹੀ ਕਿਊਬੈਕ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਪਿਕਟਨ ’ਤੇ ਹਮਲਾ ਕਰਨ ਵਾਲੇ ਨੂੰ ਇਕ ਵੱਖਰੇ ਸੈਲ ਵਿਚ ਬੰਦ ਕਰ ਦਿਤਾ ਗਿਆ ਹੈ। ਇਸੇ ਦੌਰਾਨ ਕੁਰੈਕਸ਼ਨਲ ਸਰਵਿਸ ਕੈਨੇਡਾ ਨੇ ਕਿਹਾ ਕਿ ਜੇਲ ਦਾ ਸਟਾਫ ਹਮਲੇ ਵਿਚ ਸ਼ਾਮਲ ਨਹੀਂ ਸੀ ਅਤੇ ਹਮਲਾਵਰ ਦੀ ਸ਼ਨਾਖਤ ਕਰਦਿਆਂ ਉਸ ਵਿਰੁੱਧ ਢੁਕਵੀਂ ਕਾਰਵਾਈ ਕੀਤੀ ਜਾ ਰਹੀ ਹੈ।

ਇਥੇ ਦਸਣਾ ਬਣਦਾ ਹੈ ਕਿ ਬੀਤੇ ਫਰਵਰੀ ਮਹੀਨੇ ਦੌਰਾਨ ਪਿਕਟਨ ਦਿਨ ਵੇਲੇ ਦੀ ਪੈਰੋਲ ਦਾ ਹੱਕਦਾਰ ਬਣਿਆਂ ਤਾਂ ਖਤਰਨਾਕ ਕਾਤਲ ਨੂੰ ਖੁੱਲ੍ਹਾ ਛੱਡਣ ਦਾ ਮੁੱਦਾ ਬੇਹੱਦ ਭਖ ਗਿਆ ਅਤੇ ਪੈਰੋਲ ਦਾ ਤਿੱਖਾ ਵਿਰੋਧ ਹੋਣ ਲੱਗਾ। ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈਬੀ ਨੇ ਪਿਕਟਨ ਦੀ ਮੌਤ ’ਤੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੀਰੀਅਲ ਕਿਲਰ ਦੀ ਮੌਤ ਨਾਲ ਕੁਝ ਲੋਕਾਂ ਨੂੰ ਰਾਹਤ ਮਿਲੀ ਹੋਵੇਗੀ ਜਦਕਿ ਕੁਝ ਦੇ ਜ਼ਖਮ ਸੰਭਾਵਤ ਤੌਰ ’ਤੇ ਮੁੜ ਹਰੇ ਹੋ ਗਏ ਹੋਣਗੇ। ਘਿਨਾਉਣੇ ਅਪਰਾਧ ਦੌਰਾਨ ਆਪਣੇ ਨਜ਼ਦੀਕੀਆਂ ਨੂੰ ਗਵਾਉਣ ਵਾਲਿਆਂ ਦਾ ਦਰਦ ਸਮਝਣਾ ਮੁਸ਼ਕਲ ਹੈ। ਬੀ.ਸੀ. ਦੇ ਲੋਕ ਸੁਰੱਖਿਆ ਮੰਤਰੀ ਮਾਈਕ ਫਾਰਨਵਰਥ ਨੇ ਕਿਹਾ ਕਿ ਆਪਣੇ ਨਜ਼ਦੀਕੀਆਂ ਦੇ ਲਾਪਤਾ ਹੋਣ ਮਗਰੋਂ ਹੁਣ ਤੱਕ ਸਵਾਲਾਂ ਦੇ ਜਵਾਬ ਤਲਾਸ਼ ਕਰ ਰਹੇ ਪਰਵਾਰਾਂ ਦੀ ਸੂਬਾ ਸਰਕਾਰ ਹਰ ਸੰਭਵ ਮਦਦ ਕਰੇਗੀ।

Tags:    

Similar News