ਕੈਨੇਡਾ : ਨਵੇਂ ਉਸਾਰੇ ਗੁਰਦਵਾਰਾ ਸਾਹਿਬ ’ਚ ਅੱਜ ਵੱਡਾ ਇਕੱਠ
ਕੈਨੇਡਾ ਦੇ ਵੁੱਡਸਟੌਕ ਸ਼ਹਿਰ ਵਿਖੇ ਨਵੇਂ ਉਸਾਰੇ ਗੁਰਦਵਾਰਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦਿਆਂ ਆਰੰਭੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅੱਜ ਪਾਏ ਜਾਣਗੇ।
ਵੁੱਡਸਟੌਕ : ਕੈਨੇਡਾ ਦੇ ਵੁੱਡਸਟੌਕ ਸ਼ਹਿਰ ਵਿਖੇ ਨਵੇਂ ਉਸਾਰੇ ਗੁਰਦਵਾਰਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦਿਆਂ ਆਰੰਭੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅੱਜ ਪਾਏ ਜਾਣਗੇ। 30 ਸਾਲ ਪਹਿਲਾਂ ਵੁੱਡਸਟੌਕ ਵਿਚ ਸਿਰਫ਼ 10-15 ਸਿੱਖ ਪਰਵਾਰ ਹੀ ਵਸਦੇ ਸਨ ਪਰ 2014 ਤੋਂ ਬਾਅਦ ਸਿੱਖ ਵਸੋਂ ਤੇਜ਼ੀ ਨਾਲ ਵਧਣ ਲੱਗੀ। ਕਿੰਗਜ਼ਮੈੱਨ ਗਰੁੱਪ ਦੇ ਹਾਊਸਿੰਗ ਪ੍ਰੌਜੈਕਟ ਵਿਚੋਂ 80 ਫ਼ੀ ਸਦੀ ਮਕਾਨ ਸਿੱਖ ਭਾਈਚਾਰੇ ਨੇ ਖਰੀਦੇ ਤਾਂ ਗਰੁੱਪ ਦੇ ਪ੍ਰੈਜ਼ੀਡੈਂਟ ਮੈਥਿਊ ਕੈਸਟੈਲੀ ਵੱਲੋਂ ਗੁਰਦਵਾਰਾ ਸਾਹਿਬ ਲਈ 2.8 ਏਕੜ ਜ਼ਮੀਨ ਦਾਨ ਦੇਣ ਦਾ ਐਲਾਨ ਕੀਤਾ ਅਤੇ ਇਸੇ ਜਗ੍ਹਾ ’ਤੇ 15 ਲੱਖ ਡਾਲਰ ਤੋਂ ਵੱਧ ਲਾਗਤ ਨਾਲ ਇਮਾਰਤ ਉਸਾਰੀ ਗਈ।
ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ
ਹਾਈਵੇਅ 401 ਅਤੇ ਹਾਈਵੇਅ 403 ਦੇ ਇੰਟਰਸੈਕਸ਼ਨ ’ਤੇ ਵਸਿਆ ਹੋਣ ਕਾਰਨ ਵੁਡਸਟੌਕ ਸ਼ਹਿਰ ਟ੍ਰਕਰਜ਼ ਦੀ ਪਹਿਲੀ ਪਸੰਦ ਵੀ ਬਣ ਗਿਆ ਅਤੇ ਇਸ ਖੇਤਰ ਵਿਚ ਸਰਗਰਮ ਪੰਜਾਬੀ ਪਰਵਾਰ ਸ਼ਹਿਰ ਵੱਲ ਆਉਣ ਲੱਗੇ। ਸਿਰਫ ਟ੍ਰਕਿੰਗ ਹੀ ਨਹੀਂ ਸਗੋਂ ਗੈਸ ਸਟੇਸ਼ਨਾਂ ਤੋਂ ਲੈ ਕੇ ਪਿਜ਼ਾ ਰੈਸਟੋਰੈਂਟਸ ਵੱਲ ਵੀ ਸਿੱਖ ਭਾਈਚਾਰੇ ਦਾ ਰੁਝਾਨ ਦੇਖਣ ਨੂੰ ਮਿਲਿਆ। ਗੁਰਦਵਾਰਾ ਸਾਹਿਬ ਦੀ ਉਸਾਰੀ ਲਈ ਦਰਸ਼ਨ ਵੂਡੀ ਬੇਦੀ ਅਤੇ ਨਰਿੰਦਰਪਾਲ ਸਿੰਘ ਬਾਂਗਾ ਵੱਲੋਂ ਮੁਹਿੰਮ ਆਰੰਭੀ ਗਈ ਅਤੇ ਆਖਰਕਾਰ ਗੁਰੂ ਘਰ ਦੇ ਦਰਵਾਜ਼ੇ ਸੰਗਤ ਵਾਸਤੇ ਖੋਲ੍ਹੇ ਜਾ ਰਹੇ ਹਨ।