ਕੈਨੇਡਾ : ਗੁਰਦਵਾਰਾ ਸਾਹਿਬ ’ਤੇ ਹਮਲੇ ਦੇ ਮੱਦੇਨਜ਼ਰ ਵੱਡਾ ਪੰਥਕ ਇਕੱਠ
ਮਾਲਟਨ ਦੇ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਉਤੇ ਪਿਛਲੇ ਦਿਨੀਂ ਹੋਏ ਹਮਲੇ ਦੇ ਮੱਦੇਨਜ਼ਰ ਐਤਵਾਰ ਨੂੰ ਇਕ ਵੱਡਾ ਪੰਥਕ ਇਕੱਠ ਕੀਤਾ ਗਿਆ।
ਮਿਸੀਸਾਗਾ : ਮਾਲਟਨ ਦੇ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਉਤੇ ਪਿਛਲੇ ਦਿਨੀਂ ਹੋਏ ਹਮਲੇ ਦੇ ਮੱਦੇਨਜ਼ਰ ਐਤਵਾਰ ਨੂੰ ਇਕ ਵੱਡਾ ਪੰਥਕ ਇਕੱਠ ਕੀਤਾ ਗਿਆ। ਗੁਰਦਵਾਰਾ ਸਾਹਿਬ ਦੇ ਪ੍ਰਧਾਨ ਭਾਈ ਦਲਜੀਤ ਸਿੰਘ ਸੇਖੋਂ ਅਤੇ ਹੋਰਨਾਂ ਬੁਲਾਰਿਆਂ ਨੇ ਜ਼ੋਰ ਦੇ ਕੇ ਆਖਿਆ ਕਿ 550 ਸਾਲ ਦੇ ਇਤਿਹਾਸ ਵਿਚ ਸਿੱਖਾਂ ਵੱਲੋਂ ਕਦੇ ਕਿਸੇ ਧਰਮ ’ਤੇ ਹਮਲਾ ਨਹੀਂ ਕੀਤਾ ਗਿਆ ਪਰ ਪਿਛਲੇ ਦਿਨੀਂ ਵਾਪਰੇ ਘਟਨਾਕ੍ਰਮ ਦੌਰਾਨ ਸਿੱਖਾਂ ਨੂੰ ਹਮਲਾਵਰ ਦੱਸਣ ਦੇ ਯਤਨ ਕੀਤੇ ਗਏ। ਬੁਲਾਰਿਆਂ ਨੇ ਕਿਹਾ ਕਿ ਸਿੱਖ ਇਤਿਹਾਸ ਵਿਚ ਅਜਿਹੀਆਂ ਹਜ਼ਾਰਾਂ ਮਿਸਾਲਾਂ ਮਿਲ ਜਾਂਦੀਆਂ ਹਨ ਜਦੋਂ ਮਜ਼ਲੂਮਾਂ ਦੀ ਰਾਖੀ ਲਈ ਸਿੱਖਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਹੀਂ ਕੀਤੀ।
ਸਿੱਖਾਂ ਨੇ 550 ਸਾਲ ਦੇ ਇਤਿਹਾਸ ਕਦੇ ਕਿਸੇ ਧਰਮ ’ਤੇ ਹਮਲਾ ਨਹੀਂ ਕੀਤਾ : ਬੁਲਾਰੇ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਜ਼ੁਲਮ ਦੇ ਟਾਕਰੇ ਵਾਸਤੇ ਦਿਤੀ ਅਤੇ ਸਿੱਖਾਂ ਨੂੰ ਇਹੀ ਸਿੱਖਿਆ ਦਿਤੀ ਕਿ ਨਾ ਜ਼ੁਲਮ ਕਰਨਾ ਅਤੇ ਨਾ ਜ਼ੁਲਮ ਬਰਦਾਸ਼ਤ ਕਰਨਾ। ਬੁਲਾਰਿਆਂ ਨੇ 1984 ਦੀ ਸਿੱਖ ਨਸਲਕੁਸ਼ੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ 40 ਸਾਲ ਬਾਅਦ ਵੀ ਸਿੱਖ ਕੌਮ ਨੂੰ ਇਨਸਾਫ਼ ਨਹੀਂ ਮਿਲ ਸਕਿਆ। ਪੰਥਕ ਇਕੱਠ ਵਿਚ ਪੁੱਜੇ ਬੁਲਾਰਿਆਂ ਵੱਲੋਂ ਸਿੱਖ ਨੌਜਵਾਨਾਂ ਨੂੰ ਸੱਦਾ ਦਿਤਾ ਗਿਆ ਕਿ ਕਾਰਾਂ ਦੀਆਂ ਰੇਸਾਂ ਲਾਉਣ ਜਾਂ ਉਚੀ ਆਵਾਜ਼ ਵਿਚ ਗੀਤ ਵਜਾਉਣ ਵਰਗੀਆਂ ਹਰਕਤਾਂ ਤੋਂ ਬਚਿਆ ਜਾਵੇ ਅਤੇ ਕੈਨੇਡਾ ਦੀ ਧਰਤੀ ’ਤੇ ਮਿਲ ਰਹੇ ਅਪਾਰ ਮੌਕਿਆਂ ਦਾ ਨੌਜਵਾਨ ਫਾਇਦਾ ਉਠਾਉਣ।