ਕੈਨੇਡਾ ਨੇ 2024 ਵਿਚ ਜਾਰੀ ਕੀਤੇ 2.17 ਲੱਖ ਸਟੱਡੀ ਵੀਜ਼ੇ
ਕੈਨੇਡਾ ਦਾ ਸਟੱਡੀ ਵੀਜ਼ਾ ਹਾਸਲ ਕਰਨ ਵਾਲਿਆਂ ਦੀ ਗਿਣਤੀ ਘਟਣ ਦੀ ਬਜਾਏ ਵਧਦੀ ਜਾ ਰਹੀ ਹੈ। ਜੀ ਹਾਂ, ਮੌਜੂਦਾ ਵਰ੍ਹੇ ਦੇ ਪਹਿਲੇ ਚਾਰ ਮਹੀਨੇ ਦੌਰਾਨ 187,510 ਸਟੱਡੀ ਵੀਜ਼ੇ ਜਾਰੀ ਕੀਤੇ ਗਏ ਜਦਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ 165,805 ਸਟੱਡੀ ਵੀਜ਼ੇ ਜਾਰੀ ਕੀਤੇ ਗਏ ਸਨ
ਟੋਰਾਂਟੋ : ਕੈਨੇਡਾ ਦਾ ਸਟੱਡੀ ਵੀਜ਼ਾ ਹਾਸਲ ਕਰਨ ਵਾਲਿਆਂ ਦੀ ਗਿਣਤੀ ਘਟਣ ਦੀ ਬਜਾਏ ਵਧਦੀ ਜਾ ਰਹੀ ਹੈ। ਜੀ ਹਾਂ, ਮੌਜੂਦਾ ਵਰ੍ਹੇ ਦੇ ਪਹਿਲੇ ਚਾਰ ਮਹੀਨੇ ਦੌਰਾਨ 187,510 ਸਟੱਡੀ ਵੀਜ਼ੇ ਜਾਰੀ ਕੀਤੇ ਗਏ ਜਦਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ 165,805 ਸਟੱਡੀ ਵੀਜ਼ੇ ਜਾਰੀ ਕੀਤੇ ਗਏ ਸਨ। ਭਾਰਤੀ ਵਿਦਿਆਰਥੀਆਂ ਨੂੰ 81,260 ਸਟੱਡੀ ਪਰਮਿਟ ਜਾਰੀ ਕੀਤੇ ਗਏ ਜਦਕਿ ਪਿਛਲੇ ਸਾਲ ਦੇ ਪਹਿਲੇ ਚਾਰ ਮਹੀਨੇ ਦੌਰਾਨ 72,750 ਵੀਜ਼ੇ ਭਾਰਤੀਆਂ ਨੂੰ ਮਿਲੇ। ਤਾਜ਼ਾ ਅੰਕੜੇ ਅਜਿਹੇ ਸਮੇਂ ਸਾਹਮਣੇ ਆਏ ਹਨ ਜਦੋਂ ਕੈਨੇਡਾ ਵਿਚ ਆਰਜ਼ੀ ਵੀਜ਼ਾ ’ਤੇ ਮੌਜੂਦ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ 28 ਲੱਖ ਤੱਕ ਪੁੱਜ ਚੁੱਕੀ ਹੈ। ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਦੇ ਅੰਕੜਿਆਂ ਮੁਤਾਬਕ 2023 ਵਿਚ 6 ਲੱਖ 82 ਹਜ਼ਾਰ ਤੋਂ ਵੱਧ ਸਟੱਡੀ ਪਰਮਿਟ ਜਾਰੀ ਕੀਤੇ ਗਏ ਅਤੇ ਇਨ੍ਹਾਂ ਵਿਚੋਂ ਭਾਰਤੀਆਂ ਦੀ ਗਿਣਤੀ 2 ਲੱਖ 78 ਹਜ਼ਾਰ ਦਰਜ ਕੀਤੀ ਗਈ। ‘ਹਿੰਦੋਸਤਾਨ ਟਾਈਮਜ਼’ ਦੀ ਰਿਪੋਰਟ ਮੁਤਾਬਕ ਮੌਜੂਦਾ ਵਰ੍ਹੇ ਦੌਰਾਨ ਕੈਨੇਡਾ ਸਰਕਾਰ ਵੱਲੋਂ 216,620 ਸਟੱਡੀ ਪਰਮਿਟ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਇਨ੍ਹਾਂ ਵਿਚੋਂ 91,510 ਭਾਰਤੀ ਵਿਦਿਆਰਥੀਆਂ ਦੀ ਝੋਲੀ ਵਿਚ ਗਏ।
ਵੀਜ਼ਿਆਂ ਦੀ ਗਿਣਤੀ 35 ਫੀ ਸਦੀ ਘਟਾਉਣ ਦੀ ਯੋਜਨਾ ਹੋਈ ਠੁੱਸ
ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਵਿਚ ਹਾਊਸਿੰਗ ਸੰਕਟ ਨੂੰ ਵੇਖਦਿਆਂ ਫੈਡਰਲ ਸਰਕਾਰ ਵੱਲੋਂ ਸਟੱਡੀ ਵੀਜ਼ਿਆਂ ਦੀ ਗਿਣਤੀ 35 ਫੀ ਸਦੀ ਘਟਾਉਣ ਦਾ ਐਲਾਨ ਕੀਤਾ ਗਿਆ ਅਤੇ ਮੌਜੂਦਾ ਵਰ੍ਹੇ ਦੌਰਾਨ 3 ਲੱਖ 60 ਹਜ਼ਾਰ ਸਟੱਡੀ ਵੀਜ਼ੇ ਜਾਰੀ ਹੋਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਸੀ ਪਰ 2 ਲੱਖ ਦਾ ਅੰਕੜਾ ਪਹਿਲਾਂ ਹੀ ਪਾਰ ਹੋ ਚੁੱਕਾ ਹੈ। ਮਈ ਮਹੀਨੇ ਦੇ ਅੰਕੜਿਆਂ ਦਾ ਜ਼ਿਕਰ ਕੀਤਾ ਜਾਵੇ ਤਾਂ 2023 ਵਿਚ 34,400 ਸਟੱਡੀ ਵੀਜ਼ੇ ਜਾਰੀ ਕੀਤੇ ਗਏ ਜਦਕਿ ਮੌਜੂਦਾ ਵਰ੍ਹੇ ਦੌਰਾਨ 30,490 ਵੀਜ਼ੇ ਜਾਰੀ ਹੋਏ। ਮਈ ਦੇ ਅੰਕੜਿਆਂ ਵਿਚ ਕਮੀ ਜ਼ਰੂਰ ਦੇਖੀ ਜਾ ਸਕਦੀ ਹੈ ਜੋ 35 ਫੀ ਸਦੀ ਕਟੌਤੀ ਤੋਂ ਕਾਫੀ ਦੂਰ ਹੈ। ਮਈ 2023 ਵਿਚ ਭਾਰਤੀ ਵਿਦਿਆਰਥੀਆਂ ਨੂੰ 13 ਹਜ਼ਾਰ ਵੀਜ਼ੇ ਮਿਲੇ ਜਦਕਿ ਇਸ ਸਾਲ ਦਾ ਅੰਕੜਾ 10,560 ਦਰਜ ਕੀਤਾ ਗਿਆ। ਦੱਸ ਦੇਈਏ ਕਿ ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਇੰਟਰਨੈਸ਼ਨਲ ਸਟੂਡੈਂਟਸ ਨੂੰ ਸਪਾਊਜ਼ ਵੀਜ਼ਾ ਦੀ ਸਹੂਲਤ ਤੋਂ ਵਾਂਝਾ ਕਰ ਚੁੱਕੇ ਹਨ। ਜੀ 19 ਮਾਰਚ ਤੋਂ ਲਾਗੂ ਨਿਯਮਾਂ ਮੁਤਾਬਕ ਸਿਰਫ ਮਾਸਟਰਜ਼ ਜਾਂ ਪੀ.ਐਚ.ਡੀ. ਕੋਰਸ ਕਰਨ ਵਾਲੇ ਵਿਦਿਆਰਥੀ ਹੀ ਆਪਣੇ ਜੀਵਨ ਸਾਥੀ ਨੂੰ ਕੈਨੇਡਾ ਸੱਦ ਸਕਦੇ ਹਨ। ਅੰਡਰ ਗ੍ਰੈਜੁਏਟ ਕੋਰਸ ਵਾਲੇ ਕੁਝ ਵਿਦਿਆਰਥੀਆਂ ਨੂੰ ਵੀ ਸਪਾਊਜ਼ਲ ਓਪਨ ਵਰਕ ਪਰਮਿਟ ਦਾ ਹੱਕ ਦਿਤਾ ਗਿਆ ਹੈ ਪਰ ਇਹ ਡਾਕਟਰੀ, ਫਾਰਮੇਸੀ, ਨਰਸਿੰਗ ਅਤੇ ਬੀ.ਐਡ ਕੋਰਸ ਤੱਕ ਹੀ ਸੀਮਤ ਕਰ ਦਿਤੇ ਗਏ। ਸਪਾਊਜ਼ ਵੀਜ਼ਾ ਤੋਂ ਵਾਂਝੇ ਹੋ ਚੁੱਕੇ ਕੌਮਾਂਤਰੀ ਵਿਦਿਆਰਥੀਆਂ ਦੇ ਜੀਵਨ ਸਾਥੀਆਂ ਨੂੰ ਸੁਝਾਅ ਦਿਤਾ ਜਾ ਰਿਹਾ ਹੈ ਕਿ ਉਹ ਕਿਸੇ ਕਿਸਮ ਦੇ ਵਰਕ ਪਰਮਿਟ ਜਾਂ ਵਿਜ਼ਟਰ ਵੀਜ਼ਾ ਵਾਸਤੇ ਅਪਲਾਈ ਕਰ ਸਕਦੇ ਹਨ ਪਰ ਇਕ ਗੱਲ ਚੇਤੇ ਰੱਖਣੀ ਹੋਵੇਗੀ ਕਿ ਵਿਜ਼ਟਰ ਵੀਜ਼ਾ ਵਾਲਿਆਂ ਨੂੰ ਕੈਨੇਡਾ ਵਿਚ ਕੰਮ ਕਰਨ ਦਾ ਹੱਕ ਬਿਲਕੁਲ ਨਹੀਂ। ਇਸ ਤਰੀਕੇ ਨਾਲ ਜਿਥੇ ਕੈਨੇਡਾ ਆਉਣ ਵਾਲਿਆਂ ਦੀ ਗਿਣਤੀ ਘਟੇਗੀ, ਉਥੇ ਹੀ ਕੌਮਾਂਤਰੀ ਵਿਦਿਆਰਥੀਆਂ ਜਾਂ ਉਨ੍ਹਾਂ ਦੇ ਜੀਵਨ ਸਾਥੀਆਂ ਨਾਲ ਠੱਗੀ ਦੇ ਮਾਮਲਿਆਂ ਵਿਚ ਵੀ ਕਮੀ ਆਵੇਗੀ। ਦੱਸ ਦੇਈਏ ਕਿ ਕੈਨੇਡਾ ਸਰਕਾਰ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਦੇ ਜੀਵਨ ਸਾਥੀਆਂ ਨੂੰ ਵਰਕ ਪਰਮਿਟ ਦਿਤੇ ਜਾ ਰਹੇ ਸਨ ਅਤੇ ਪੰਜਾਬੀਆਂ ਨੇ ਇਸ ਦਾ ਫਾਇਦਾ ਉਠਾਉਂਦਿਆਂ ਆਪਣੇ ਮੁੰਡਿਆਂ ਨੂੰ ਕੈਨੇਡਾ ਭੇਜਣ ਲਈ ਆਇਲਟਸ ਵਾਲੀਆਂ ਕੁੜੀਆਂ ਲੱਭਣੀਆਂ ਸ਼ੁਰੂ ਕਰ ਦਿਤੀਆਂ ਪਰ ਹੁਣ ਸਭ ਕੁਝ ਬੰਦ ਹੋ ਚੁੱਕਾ ਹੈ।