ਕੈਨੇਡਾ ਨੇ ਟਰੰਪ ਵਿਰੁੱਧ ਜਵਾਬੀ ਕਾਰਵਾਈ ਦੀ ਰਣਨੀਤੀ ਘੜੀ

ਟਰੰਪ ਵੱਲੋਂ ਕੈਨੇਡੀਅਨ ਵਸਤਾਂ ’ਤੇ ਟੈਕਸ ਲਾਉਣ ਦੀ ਸੂਰਤ ਵਿਚ ਔਟਵਾ ਨੇ ਵੀ ਜਵਾਬੀ ਕਾਰਵਾਈ ਕਰਨ ਵਾਸਤੇ ਕਮਰ ਕਸ ਲਈ ਹੈ।;

Update: 2025-01-09 12:59 GMT

ਔਟਵਾ : ਟਰੰਪ ਵੱਲੋਂ ਕੈਨੇਡੀਅਨ ਵਸਤਾਂ ’ਤੇ ਟੈਕਸ ਲਾਉਣ ਦੀ ਸੂਰਤ ਵਿਚ ਔਟਵਾ ਨੇ ਵੀ ਜਵਾਬੀ ਕਾਰਵਾਈ ਕਰਨ ਵਾਸਤੇ ਕਮਰ ਕਸ ਲਈ ਹੈ। ਅਮਰੀਕਾ ਤੋਂ ਆਉਣ ਵਾਲੇ ਸਟੀਲ, ਪਲਾਸਟਿਕ ਉਤਪਾਦਾਂ, ਫਲੋਰੀਡਾ ਦੇ ਔਰੇਂਜ ਜੂਸ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਭਾਰੀ ਭਰਕਮ ਟੈਕਸਾਂ ਦੇ ਘੇਰੇ ਵਿਚ ਲਿਆਂਦੇ ਜਾਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਵੱਡੀ ਗਿਣਤੀ ਵਿਚ ਸਟੀਲ ਉਤਪਾਦ ਕੈਨੇਡੀਅਨ ਟੈਕਸਾਂ ਦੇ ਘੇਰੇ ਵਿਚ ਆਉਣਗੇ ਜੋ ਮਿਸ਼ੀਗਨ ਅਤੇ ਪੈਨਸਿਲਵੇਨੀਆ ਵਿਚ ਤਿਆਰ ਹੁੰਦੇ ਹਨ ਅਤੇ ਇਨ੍ਹਾਂ ਰਾਜਾਂ ਵਿਚ ਜਿੱਤ ਸਦਕਾ ਹੀ ਡੌਨਲਡ ਟਰੰਪ ਨੂੰ ਦੂਜੀ ਵਾਰ ਰਾਸ਼ਟਰਪਤੀ ਦੀ ਕੁਰਸੀ ਮਿਲ ਸਕੀ।

ਸਟੀਲ, ਪਲਾਸਟਿਕ, ਫਲੋਰੀਡਾ ਜੂਸ ਅਤੇ ਦਰਜਨਾਂ ਵਸਤਾਂ ’ਤੇ ਲੱਗੇਗਾ ਟੈਕਸ

ਇਸ ਦੇ ਨਾਲ ਟਰੰਪ ਦੇ ਜੱਦੀ ਸੂਬੇ ਫਲੋਰੀਡਾ ਤੋਂ ਆਉਣ ਵਾਲੇ ਔਰੇਂਜ ਜੂਸ ਉਤੇ ਵੀ ਟੈਰਿਫ਼ਸ ਲਾਗੂ ਕੀਤੀਆਂ ਜਾਣਗੀਆਂ। ਦੱਸ ਦੇਈਏ ਕਿ ਫਲੋਰੀਡਾ ਇਸ ਵੇਲੇ ਅਮਰੀਕਾ ਵਿਚ ਸੱਤਾ ਦਾ ਨਵਾਂ ਕੇਂਦਰ ਬਣਿਆ ਹੋਇਆ ਹੈ ਅਤੇ ਕੈਨੇਡੀਅਨ ਟੈਕਸ ਲੱਗਣ ਦੀ ਸੂਰਤ ਵਿਚ ਟਰੰਪ ਦੀਆਂ ਨੀਤੀਆਂ ’ਤੇ ਸਵਾਲ ਉਠਣੇ ਲਾਜ਼ਮੀ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅਮਰੀਕੀ ਟੈਕਸਾਂ ਦੇ ਜਵਾਬ ਵਿਚ ਮੋੜਵੀਂ ਕਾਰਵਾਈ ਦੇ ਵੇਰਵੇ ਅਗਲੇ ਹਫ਼ਤੇ ਪ੍ਰੀਮੀਅਰਜ਼ ਨਾਲ ਮੀਟਿੰਗ ਦੌਰਾਨ ਜਨਤਕ ਕੀਤੇ ਜਾ ਸਕਦੇ ਹਨ। ਦੂਜੇ ਪਾਸੇ ਸੂਤਰਾਂ ਨੇ ਦੱਸਿਆ ਕਿ ਕੈਨੇਡਾ-ਅਮਰੀਕਾ ਦੇ ਸਬੰਧਾਂ ਬਾਰੇ ਕੈਬਨਿਟ ਕਮੇਟੀ ਦੇ ਕੁਝ ਮੈਂਬਰ ਉਦੋਂ ਤੱਕ ਵੇਰਵੇ ਜਨਤਕ ਕਰਨ ਦੇ ਹੱਕ ਵਿਚ ਨਹੀਂ ਜਦੋਂ ਤੱਕ ਟਰੰਪ ਵੱਲੋਂ ਕੋਈ ਕਿਸੇ ਟੈਕਸ ਦਾ ਐਲਾਨ ਨਾ ਕਰ ਦਿਤਾ ਜਾਵੇ।

ਟਰੂਡੋ ਦੀ ਪ੍ਰੀਮੀਅਰਜ਼ ਨਾਲ ਮੁਲਾਕਾਤ ਦੌਰਾਨ ਜਨਤਕ ਹੋ ਸਕਦੀ ਹੈ ਰਣਨੀਤੀ

ਉਨਟਾਰੀਓ ਦੇ ਪ੍ਰੀਮੀਅਰ ਡਗ ਫ਼ੋਰਡ ਆਪਣੇ ਪੱਧਰ ’ਤੇ ਵੀ ਜਵਾਬੀ ਕਾਰਵਾਈ ਦੇ ਸੰਕੇਤ ਦੇ ਚੁੱਕੇ ਹਨ ਜਿਨ੍ਹਾਂ ਵਿਚ ਅਮਰੀਕਾ ਤੋਂ ਆਉਣ ਵਾਲੀ ਸ਼ਰਾਬ ਦੀ ਸੂਬੇ ਵਿਚ ਵਿਕਰੀ ’ਤੇ ਰੋਕ ਅਤੇ ਅਮਰੀਕਾ ਨੂੰ ਬਿਜਲੀ ਵੇਚਣ ਦੀ ਪ੍ਰਕਿਰਿਆ ਬੰਦ ਕੀਤੇ ਜਾਣ ਦਾ ਜ਼ਿਕਰ ਕੀਤਾ ਗਿਆ ਪਰ ਤਾਜ਼ਾ ਰਿਪੋਰਟ ਵਿਚ ਦਾਅਵਾ ਕਰਦੀ ਹੈ ਕਿ ਉਨਟਾਰੀਓ ਦੀ ਡਗ ਫ਼ੋਰਡ ਸਰਕਾਰ ਅਮਰੀਕਾ ਨੂੰ ਬਿਜਲੀ ਵੇਚਣ ਦੀ ਰਫ਼ਤਾਰ ਵਧਾਉਣ ਖਾਤਰ ਪੈਦਾਵਾਰ ਵਧਾਉਣ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ। ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਟਰੰਪ ਦੇ ਇਰਾਦਿਆਂ ਨੂੰ ਵੇਖਦਿਆਂ ਹੁਣ ਮਸਲਾ ਟੈਕਸ ਦਰਾਂ ਤੋਂ ਕਿਤੇ ਜ਼ਿਆਦਾ ਅੱਗੇ ਵਧ ਚੁੱਕਾ ਹੈ ਅਤੇ 20 ਜਨਵਰੀ ਨੂੰ ਸਹੁੰ ਚੁੱਕ ਸਮਾਗਮ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਆਖਰਕਾਰ ਨੌਰਥ ਅਮੈਰਿਕਾ ਦਾ ਭਵਿੱਖ ਕਿਹੋ ਜਿਹਾ ਹੋਵੇਗਾ। 

Tags:    

Similar News