Canada ਨੇ ਨਵੇਂ ਵਰ੍ਹੇ ’ਚ deport ਕੀਤੇ 900 ਪ੍ਰਵਾਸੀ
ਕੈਨੇਡਾ ਵਿਚੋਂ ਨਵੇਂ ਵਰ੍ਹੇ ਦੌਰਾਨ ਸੈਂਕੜੇ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦਾ ਐਲਾਨ ਕਰਦਿਆਂ ਸੀ.ਬੀ.ਐਸ.ਏ. ਨੇ ਕਿਹਾ ਹੈ ਕਿ ਮੁਲਕ ਵਾਸਤੇ ਖ਼ਤਰਾ ਬਣ ਚੁੱਕੇ ਵਿਦੇਸ਼ੀ ਨਾਗਰਿਕਾਂ ਨੂੰ ਤਰਜੀਹੀ ਆਧਾਰ ’ਤੇ ਦੇਸ਼ ਨਿਕਾਲਾ ਦਿਤਾ ਜਾ ਰਿਹਾ ਹੈ
ਟੋਰਾਂਟੋ : ਕੈਨੇਡਾ ਵਿਚੋਂ ਨਵੇਂ ਵਰ੍ਹੇ ਦੌਰਾਨ ਸੈਂਕੜੇ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦਾ ਐਲਾਨ ਕਰਦਿਆਂ ਸੀ.ਬੀ.ਐਸ.ਏ. ਨੇ ਕਿਹਾ ਹੈ ਕਿ ਮੁਲਕ ਵਾਸਤੇ ਖ਼ਤਰਾ ਬਣ ਚੁੱਕੇ ਵਿਦੇਸ਼ੀ ਨਾਗਰਿਕਾਂ ਨੂੰ ਤਰਜੀਹੀ ਆਧਾਰ ’ਤੇ ਦੇਸ਼ ਨਿਕਾਲਾ ਦਿਤਾ ਜਾ ਰਿਹਾ ਹੈ। 2026 ਦੌਰਾਨ 900 ਤੋਂ ਵੱਧ ਗੈਰਕਾਨੂੰਨੀ ਪ੍ਰਵਾਸੀ ਡਿਪੋਰਟ ਕੀਤੇ ਜਾ ਚੁੱਕੇ ਹਨ ਅਤੇ ਦਿਲਚਸਪ ਤੱਥ ਇਹ ਹੈ ਕਿ ਜ਼ਿਆਦਾਤਰ ਵਿਦੇਸ਼ੀ ਨਾਗਰਿਕਾਂ ਤੋਂ ਡਿਪੋਰਟੇਸ਼ਨ ਦਾ ਖ਼ਰਚਾ ਵੀ ਵਸੂਲ ਕੀਤਾ ਜਾ ਰਿਹਾ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਕਿਹਾ ਹੈ ਕਿ ਮੁਲਕ ਛੱਡਣ ਦੇ ਹੁਕਮ ਜਾਰੀ ਹੋਣ ਮਗਰੋਂ 30 ਦਿਨ ਦੇ ਅੰਦਰ ਕੈਨੇਡਾ ਛੱਡਣਾ ਲਾਜ਼ਮੀ ਹੈ ਅਤੇ ਜੇ ਸਬੰਧਤ ਸ਼ਖਸ ਅਜਿਹਾ ਕਰਦਾ ਹੈ ਤਾਂ ਭਵਿੱਖ ਵਿਚ ਕੈਨੇਡਾ ਵਾਪਸੀ ਦੇ ਰਾਹ ਖੁੱਲ੍ਹੇ ਰਹਿੰਦੇ ਹਨ ਪਰ ਜੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਇਕ ਮਹੀਨੇ ਬਾਅਦ ਡਿਪਾਰਚਰ ਆਰਡਰ ਆਪਣੇ ਆਪ ਡਿਪੋਰਟੇਸ਼ਨ ਆਰਡਰ ਵਿਚ ਤਬਦੀਲ ਹੋ ਜਾਂਦਾ ਹੈ।
ਡਿਪੋਰਟੇਸ਼ਨ ਦਾ ਖਰਚਾ ਵੀ ਪ੍ਰਵਾਸੀਆਂ ਤੋਂ ਕੀਤਾ ਜਾ ਰਿਹਾ ਵਸੂਲ
ਲੰਘੇ ਵਰ੍ਹੇ ਦੌਰਾਨ 10 ਲੱਖ ਤੋਂ ਵੱਧ ਵਿਦੇਸ਼ੀ ਨਾਗਰਿਕਾਂ ਦੇ ਟੈਂਪਰੇਰੀ ਵੀਜ਼ਾ ਖ਼ਤਮ ਹੋਏ ਅਤੇ ਇਨ੍ਹਾਂ ਵਿਚੋਂ ਵੱਡੀ ਗਿਣਤੀ ਲੋਕਾਂ ਨੇ ਵਾਪਸੀ ਦਾ ਰਾਹ ਚੁਣਿਆ ਪਰ ਸੀ.ਬੀ.ਐਸ.ਏ. ਦਾ ਮੰਨਣਾ ਹੈ ਕਿ ਹੁਣ ਵੀ ਗੈਰਕਾਨੂੰਨੀ ਤਰੀਕੇ ਨਾਲ ਮੌਜੂਦ ਲੋਕਾਂ ਦੀ ਗਿਣਤੀ ਕਈ ਲੱਖ ਹੋ ਸਕਦੀ ਹੈ। ਆਉਂਦੇ ਛੇ ਮਹੀਨੇ ਦੌਰਾਨ ਵੀ 9 ਲੱਖ ਤੋਂ ਵੱਧ ਵਿਦੇਸ਼ੀ ਨਾਗਰਿਕਾਂ ਦੇ ਵਰਕ ਪਰਮਿਟ ਖ਼ਤਮ ਹੋ ਜਾਣਗੇ ਅਤੇ ਕੈਨੇਡਾ ਵਿਚ ਰਹਿਣ ਲਈ ਇਨ੍ਹਾਂ ਨੂੰ ਘੱਟੋ ਘੱਟ ਵਿਜ਼ਟਰ ਵੀਜ਼ਾ ਲੋੜੀਂਦਾ ਹੋਵੇਗਾ। ਜੇ ਵਿਜ਼ਟਰ ਵੀਜ਼ਾ ਵੀ ਨਹੀਂ ਮਿਲਦਾ ਤਾਂ ਮੁਲਕ ਵਿਚ ਨਾਜਾਇਜ਼ ਤਰੀਕੇ ਨਾਲ ਮੌਜੂਦ ਵਿਦੇਸ਼ੀ ਨਾਗਰਿਕ ਹੀ ਮੰਨੇ ਜਾਣਗੇ ਜਿਨ੍ਹਾਂ ਨੂੰ ਫੜ ਕੇ ਡਿਪੋਰਟ ਕਰਨ ਦੀ ਜ਼ਿੰਮੇਵਾਰੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੀ ਬਣਦੀ ਹੈ।
ਅਸਾਇਲਮ ਕਲੇਮ ਕਰਨ ਵਾਲੇ 15 ਹਜ਼ਾਰ ਲੋਕ ਮੁਲਕ ਵਿਚੋਂ ਕੱਢੇ
ਕੈਨੇਡਾ ਸਰਕਾਰ ਵੱਲੋਂ ਇੰਮੀਗ੍ਰੇਸ਼ਨ ਨੀਤੀਆਂ ਵਿਚ ਵੱਡੀ ਤਬਦੀਲੀ ਦੇ ਮੱਦੇਨਜ਼ਰ ਪੀ.ਆਰ. ਮਿਲਣ ਦੇ ਰਾਹ ਬੇਹੱਦ ਤੰਗ ਹੋ ਚੁੱਕੇ ਹਨ ਅਤੇ ਆਰਜ਼ੀ ਵੀਜ਼ਿਆਂ ਨਾਲ ਲੱਖਾਂ ਵਿਦੇਸ਼ੀ ਨਾਗਰਿਕ ਸਮਾਂ ਨਹੀਂ ਲੰਘਾ ਸਕਣਗੇ ਅਤੇ ਆਖਰਕਾਰ ਜੁੱਲੀ-ਬਿਸਤਰਾ ਸਮੇਟਣਾ ਹੀ ਪਵੇਗਾ। ਦੱਸ ਦੇਈਏ ਕਿ ਬਗੈਰ ਇੰਮੀਗ੍ਰੇਸ਼ਨ ਸਟੇਟਸ ਵਾਲੇ ਹਜ਼ਾਰਾਂ ਪ੍ਰਵਾਸੀ ਅਸਾਇਲਮ ਕਲੇਮ ਦਾ ਰਾਹ ਚੁਣਦੇ ਹਨ ਪਰ 2025 ਦੇ ਅੰਕੜੇ ਦਰਸਾਉਂਦੇ ਹਨ ਕਿ ਸੀ.ਬੀ.ਐਸ.ਏ. ਵੱਲੋਂ ਡਿਪੋਰਟ ਵਿਦੇਸ਼ੀ ਨਾਗਰਿਕਾਂ ਵਿਚੋਂ 15 ਹਜ਼ਾਰ ਤੋਂ ਵੱਧ ਰਫ਼ਿਊਜੀ ਕਲੇਮ ਰੱਦ ਹੋਣ ਵਾਲੇ ਸਨ। ਇਸ ਤੋਂ ਇਲਾਵਾ ਵੱਖ ਵੱਖ ਅਪਰਾਧਕ ਮਾਮਲਿਆਂ ਵਿਚ ਘਿਰੇ 734 ਜਣਿਆਂ ਨੂੰ ਡਿਪੋਰਟ ਕੀਤਾ ਗਿਆ ਜਦਕਿ ਭਾਰਤੀ ਕਾਰੋਬਾਰੀਆਂ ਉਤੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ 6 ਜਣੇ ਕੈਨੇਡਾ ਵਿਚੋਂ ਕੱਢੇ ਗਏ।