ਕੈਨੇਡਾ ਵੱਲੋਂ ਭਾਰਤੀ ਕਾਰੋਬਾਰੀ ਨੂੰ ਪੀ.ਆਰ. ਨਾਂਹ

ਕੈਨੇਡਾ ਸਰਕਾਰ ਵੱਲੋਂ ਭਾਰਤ ਦੇ ਇਕ ਕਾਰੋਬਾਰੀ ’ਤੇ ਵਿਦੇਸ਼ੀ ਦਖਲ ਵਿਚ ਸ਼ਾਮਲ ਹੋਣ ਅਤੇ ਗੁੰਮਰਾਹਕੁਨ ਜਾਣਕਾਰੀ ਫੈਲਾਉਣ ਦੇ ਗੰਭੀਰ ਦੋਸ਼ ਲਾਏ ਗਏ ਹਨ।;

Update: 2025-02-25 13:17 GMT

ਐਡਮਿੰਟਨ : ਕੈਨੇਡਾ ਸਰਕਾਰ ਵੱਲੋਂ ਭਾਰਤ ਦੇ ਇਕ ਕਾਰੋਬਾਰੀ ’ਤੇ ਵਿਦੇਸ਼ੀ ਦਖਲ ਵਿਚ ਸ਼ਾਮਲ ਹੋਣ ਅਤੇ ਗੁੰਮਰਾਹਕੁਨ ਜਾਣਕਾਰੀ ਫੈਲਾਉਣ ਦੇ ਗੰਭੀਰ ਦੋਸ਼ ਲਾਏ ਗਏ ਹਨ। ‘ਗਲੋਬਲ ਨਿਊਜ਼’ ਦੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਖੁਫੀਆ ਏਜੰਸੀਆਂ ਵੱਲੋਂ ਅੰਕਿਤ ਸ੍ਰੀਵਾਸਤਵ ਨੂੰ ਕੈਨੇਡੀਅਨ ਸਿਆਸਤਦਾਨਾਂ ਨੂੰ ਪ੍ਰਭਾਵਤ ਕਰਨ ਦੇ ਜ਼ਿੰਮੇਵਾਰੀ ਸੌਂਪੀ ਗਈ। ਸਿਰਫ਼ ਐਨਾ ਹੀ ਨਹੀਂ ਅੰਕਿਤ ਸ੍ਰੀਵਾਤਸਵ ਦੀ ਕੰਪਨੀ ਵਿਰੁੱਧ ਜਾਅਲੀ ਵੈਬਸਾਈਟਸ ਬਣਾਉਣ ਦਾ ਦੋਸ਼ ਵੀ ਲਾਇਆ ਗਿਆ ਹੈ ਜਿਨ੍ਹਾਂ ਦੇ ਮੀਡੀਆ ਆਊਟਲੈਟ ਹੋਣ ਦਾ ਦਾਅਵਾ ਕੀਤਾ ਗਿਆ। ਅੰਕਿਤ ਸ੍ਰੀਵਾਸਤਵ ਨੂੰ ਨਵੀਂ ਦਿੱਲੀ ਦੇ ਇਕ ਪਰਵਾਰ ਨਾਲ ਸਬੰਧਤ ਦੱਸਿਆ ਗਿਆ ਹੈ ਜਿਸ ਦਾ ਕਾਰੋਬਾਰ ਕੈਨੇਡਾ ਤੋਂ ਇਲਾਵਾ ਬੈਲਜੀਅਮ ਅਤੇ ਸਵਿਟਜ਼ਰਲੈਂਡ ਵਿਚ ਫੈਲਿਆ ਹੋਇਆ ਹੈ।

ਭਾਰਤੀ ਏਜੰਸੀਆਂ ਦੀ ਸ਼ਹਿ ’ਤੇ ਕੰਮ ਕਰਨ ਦੇ ਲੱਗੇ ਦੋਸ਼

ਸ੍ਰੀਵਾਸਤਵ ਗਰੁੱਪ ਜਿਥੇ ਅਖਬਾਰ ਦਾ ਮਾਲਕ ਹੈ, ਉਥੇ ਹੀ ਤੇਲ ਅਤੇ ਗੈਸ ਦਾ ਕਾਰੋਬਾਰ ਵੀ ਕਰਦਾ ਹੈ। ਕੈਨੇਡੀਅਨ ਖੁਫੀਆ ਏਜੰਸੀ ਦੀ ਰਿਪੋਰਟ ਮੁਤਾਬਕ ਸ੍ਰੀਵਾਸਤਵ ਨੂੰ ਸਿਆਸਤਦਾਨਾਂ ਵਾਸਤੇ ਵਿੱਤੀ ਸਹਾਇਤਾ ਅਤੇ ਪ੍ਰੌਪੇਗੰਡਾ ਸਮੱਗਰੀ ਮੁਹੱਈਆ ਕਰਵਾਉਣ ਦੀਆਂ ਗੁਪਤ ਹਦਾਇਤਾਂ ਮਿਲੀਆਂ। ਇਸ ਮਗਰੋਂ ਸੀ.ਐਸ.ਆਈ.ਐਸ. ਵੱਲੋਂ 2021 ਦੀ ਰਿਪੋਰਟ ਵਿਚ ਮੁੜ ਸ੍ਰੀਵਾਸਤਵ ਦੀ ਕੰਪਨੀ ਦਾ ਜ਼ਿਕਰ ਕਰਦਿਆਂ ਜਾਅਲੀ ਵੈਬਸਾਈਟਸ ਰਜਿਸਟਰਡ ਕਰਵਾਉਣ ਦਾ ਦੋਸ਼ ਲਾਇਆ ਗਿਆ। ਖੁਫੀਆ ਰਿਪੋਰਟ ਮੁਤਾਬਕ ਫ਼ਰਜ਼ੀ ਮੀਡੀਆ ਅਦਾਰਿਆਂ ਰਾਹੀਂ ਭਾਰਤ ਹਮਾਇਤੀ ਪ੍ਰਚਾਰ ਕਰਨਾ ਅਤੇ ਪਾਕਿਸਤਾਨ ਦੀ ਨੁਕਤਾਚੀਨੀ ਹੀ ਮੁੱਖ ਮਕਸਦ ਰਹੀ। ਇੰਮੀਗ੍ਰੇਸ਼ਨ ਅਧਿਕਾਰੀ ਵੀ ਸ੍ਰੀਵਾਸਤਵ ਤੋਂ ਚਿੰਤਤ ਨਜ਼ਰ ਆਏ ਜੋ ਚੋਣਾਂ ਨੂੰ ਦਾਗਦਾਰ ਕਰ ਸਕਦਾ ਸੀ ਜਿਸ ਦੇ ਮੱਦੇਨਜ਼ਰ ਉਸ ਨੂੰ ਕੈਨੇਡਾ ਵਾਸਤੇ ਵੱਡਾ ਖਤਰਾ ਕਰਾਰ ਦਿੰਦਿਆਂ ਮੁਲਕ ਵਿਚ ਦਾਖਲ ਹੋਣ ’ਤੇ ਪਾਬੰਦੀ ਲਾ ਦਿਤੀ ਗਈ। ਅੰਕਿਤ ਸ੍ਰੀਵਾਸਤਵ ਦਾ ਮਾਮਲਾ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਕੈਨੇਡਾ ਵਿਚ ਵਿਦੇਸ਼ੀ ਦਖਲ ਬਾਰੇ ਕੌਮੀ ਪੱਧਰ ਦੀ ਪੜਤਾਲ ਹੋ ਚੁੱਕੀ ਹੈ। ਪੜਤਾਲ ਕਮਿਸ਼ਨ ਵੱਲੋਂ 28 ਜਨਵਰੀ ਦੀ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਭਾਰਤੀ ਏਜੰਟਾਂ ਵੱਲੋਂ ਸੰਭਾਵਤ ਤੌਰ ’ਤੇ ਸਿਆਸਤਦਾਨਾਂ ਨੂੰ ਨਾਜਾਇਜ਼ ਆਰਥਿਕ ਸਹਾਇਤਾ ਮੁਹੱਈਆ ਕਰਵਾਈ ਗਈ ਤਾਂਕਿ ਭਾਰਤ ਹਮਾਇਤੀ ਉਮੀਦਵਾਰ ਜਿੱਤ ਸਕਣ ਜਾਂ ਉਨ੍ਹਾਂ ਉਤੇ ਪ੍ਰਭਾਵ ਕਾਇਮ ਕੀਤਾ ਜਾ ਸਕੇ। ਫਿਲਹਾਲ ਕੈਨੇਡੀਅਨ ਖੁਫੀਆ ਏਜੰਸੀ ਵੱਲੋਂ ਗਲੋਬਲ ਨਿਊਜ਼ ਦੀ ਰਿਪੋਰਟ ’ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਪਰ ਸ੍ਰੀਵਾਸਤਵ ਖੁਦ ਨੂੰ ਬੇਕਸੂਰ ਦੱਸ ਰਿਹਾ ਹੈ ਅਤੇ ਪਿਛਲੇ ਮਹੀਨੇ ਆਏ ਦੋ ਫੈਸਲੇ ਉਸ ਦੇ ਪੱਖ ਵਿਚ ਗਏ।

ਨਵੀਂ ਦਿੱਲੀ ਦਾ ਪਰਵਾਰ ਬੈਲਜੀਅਮ ਵਿਚ ਵੀ ਕਰ ਰਿਹੈ ਕਾਰੋਬਾਰ

ਸ੍ਰੀਵਾਸਤਵ ਦੇ ਵਕੀਲ ਲੌਰਨ ਵਾਲਡਮਨ ਦਾ ਕਹਿਣਾ ਸੀ ਕਿ ਉਸ ਦੇ ਮੁਵੱਕਲ ਵਿਰੁੱਧ ਲੱਗੇ ਦੋਸ਼ ਸਰਾਸਰ ਨਾਜਾਇਜ਼ ਹਨ। ਇਥੇ ਦਸਣਾ ਬਣਦਾ ਹੈ ਕਿ 42 ਸਾਲ ਦੇ ਅੰਕਿਤ ਦਾ ਜਨਮ ਭਾਰਤ ਵਿਚ ਹੋਇਆ ਅਤੇ ਉਹ ਕੈਨੇਡਾ ਵਿਚ ਆਪਣਾ ਕਾਰੋਬਾਰ ਫੈਲਾਉਣਾ ਚਾਹੁੰਦਾ ਸੀ। ਅੰਕਿਤ ਨੇ ਕੈਨੇਡੀਅਨ ਕੁੜੀ ਨਾਲ ਵਿਆਹ ਕਰਵਾ ਲਿਆ ਅਤੇ ਕੈਨੇਡਾ ਪੁੱਜਣ ਵਿਚ ਮਦਦ ਮਿਲੀ। ਅੰਕਿਤ ਸ੍ਰੀਵਾਸਤਵ ਨੂੰ ਪੀ.ਆਰ. ਦੇਣ ਤੋਂ ਪਹਿਲਾਂ 16 ਜੂਨ 2015 ਨੂੰ ਨਵੀਂ ਦਿੱਲੀ ਦੇ ਹਾਈ ਕਮਿਸ਼ਨ ਵਿਚ ਉਸ ਦੀ ਇੰਟਰਵਿਊ ਕੀਤੀ ਗਈ ਅਤੇ ਕੈਨੇਡੀਅਨ ਖੁਫੀਆ ਏਜੰਸੀ ਵੱਲੋਂ ਆਪਣੀ ਸਕ੍ਰੀਨਿੰਗ ਰਿਪੋਰਟ ਇਕ ਮਹੀਨੇ ਬਾਅਦ ਭੇਜੀ ਗਈ। ਰਿਪੋਰਟ ਵਿਚ ਕਿਹਾ ਗਿਆ ਕਿ ਅੰਕਿਤ ਸ੍ਰੀਵਾਸਤਵ ਨੇ ਭਾਰਤੀ ਖੁਫੀਆ ਅਧਿਕਾਰੀਆਂ ਨਾਲ ਲਗਾਤਾਰ ਮੁਲਾਕਾਤਾਂ ਕੀਤੀਆਂ। ਅੰਕਿਤ ਨੂੰ ‘ਰਾਅ’ ਵੱਲੋਂ ਕੈਨੇਡਾ ਸਰਕਾਰ ਦੇ ਨੁਮਾਇੰਦਿਆਂ ਨੂੰ ਪ੍ਰਭਾਵਤ ਕਰਨ ਦਾ ਕੰਮ ਦਿਤਾ ਗਿਆ। ਸੀ.ਐਸ.ਆਈ.ਐਸ. ਮੁਤਾਬਕ ਸ੍ਰੀਵਾਸਤਵ ਵੱਲੋਂ ਭਾਰਤੀ ਇੰਟੈਲੀਜੈਂਸ ਬਿਊਰੋ ਅਤੇ ਰਾਅ ਦੇ ਅਧਿਕਾਰੀਆਂ ਨਾਲ ਕੈਨੇਡਾ ਤੋਂ ਬਾਹਰ ਹਰ ਦੋ ਮਹੀਨੇ ਦੇ ਵਕਫ਼ੇ ’ਤੇ ਮੁਲਾਕਾਤਾਂ ਕੀਤੀਆਂ ਗਈਆਂ। ਆਖਰੀ ਮੁਲਾਕਾਤ ਮਈ 2015 ਵਿਚ ਹੋਈ। ਅੰਕਿਤ ਨੇ ਦਾਅਵਾ ਕੀਤਾ ਕਿ ਭਾਰਤੀ ਖੁਫੀਆ ਏਜੰਸੀਆਂ ਨਾਲ ਉਸ ਦੀਆਂ ਮੁਲਾਕਾਤਾਂ ਬਤੌਰ ਪੱਤਰਕਾਰ ਹੋਈਆਂ ਕਿਉਂਕਿ ਉਸ ਦੀ ਕੰਪਨੀ ਨਿਊ ਦਿੱਲੀ ਟਾਈਮਜ਼ ਅਖਬਾਰ ਚਲਾਉਂਦੀ ਸੀ। ਖੁਫੀਆ ਰਿਪੋਰਟ ਦੇ ਮੱਦੇਨਜ਼ਰ ਇੰਮੀਗ੍ਰੇਸ਼ਨ ਵਿਭਾਗ ਨੇ ਅੰਕਿਤ ਨੂੰ ਪੀ.ਆਰ. ਦੇਣ ਤੋਂ ਨਾਂਹ ਕਰ ਦਿਤੀ ਜਿਸ ਵਿਰੁੱਧ 2020 ਵਿਚ ਅਪੀਲ ਦਾਖਲ ਕੀਤੀ ਗਈ। ਅਦਾਲਤ ਨੇ ਅੰਕਿਤ ਦੀ ਅਰਜ਼ੀ ਪੁਨਰ ਮੁਲਾਂਕਣ ਵਾਸਤੇ ਇੰਮੀਗ੍ਰੇਸ਼ਨ ਵਿਭਾਗ ਨੂੰ ਭੇਜ ਦਿਤੀ। ਅੰਕਿਤ ਦੇ ਵਕੀਲ ਮੁਤਾਬਕ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਪੇਸ਼ ਸਬੂਤਾਂ ਨੂੰ ਅਦਾਲਤ ਨੇ ਨਾਕਾਫ਼ੀ ਕਰਾਰ ਦਿਤਾ ਪਰ ਦੂਜੇ ਪਾਸੇ ਸ੍ਰੀਵਾਸਤਵ ਗਰੁੱਪ ਦੀ ਕੰਪਨੀ ‘ਏ 2 ਐਨ ਐਨਰਜੀ’ ਦਾ ਦਫ਼ਤਰ ਸੁੰਨਾ ਪਿਆ ਹੈ। ਕਿਸੇ ਵੇਲੇ ਇਕ ਅਰਬ ਬੈਰਲ ਕੱਚਾ ਤੇਲ ਕੱਢਣ ਦੇ ਹੱਕ ਹਾਸਲ ਕੰਪਨੀ ਨੂੰ ਭੰਗ ਕੀਤਾ ਜਾ ਰਿਹਾ ਹੈ। ਐਲਬਰਟਾ ਸਰਕਾਰ ਵੱਲੋਂ ਸਾਲਾਨਾ ਰਿਪੋਰਟਾਂ ਦਾਖਲ ਨਾ ਕਰਨ ਦੇ ਦੋਸ਼ ਲਾਉਂਦਿਆਂ ਨਿਊ ਦਿੱਲੀ ਟਾਈਮਜ਼ ਵਿਰੁੱਧ ਕਾਰਵਾਈ ਕੀਤੀ ਗਈ। ਅੰਕਿਤ ਦੇ ਭਵਿੱਖ ਬਾਰੇ ਸਪੱਸ਼ਟ ਤੌਰ ’ਤੇ ਕੋਈ ਟਿੱਪਣੀ ਸਾਹਮਣੇ ਨਹੀਂ ਆ ਸਕੀ।

Tags:    

Similar News