ਕੈਨੇਡਾ : ਸਿੱਖ ਨੌਜਵਾਨ ਦੀ ਮੌਤ, ਪੁਲਿਸ ਸਵਾਲਾਂ ਦੇ ਘੇਰੇ ’ਚ
ਕੈਨੇਡਾ ਵਿਚ ਸਿੱਖ ਨੌਜਵਾਨ ਦੀ ਮੌਤ ਨੇ ਆਰ.ਸੀ.ਐਮ.ਪੀ. ਨੂੰ ਸਵਾਲਾਂ ਦੇ ਘੇਰੇ ਵਿਚ ਲਿਆ ਦਿਤਾ ਹੈ। ਯੂ
ਵਿੰਨੀਪੈਗ : ਕੈਨੇਡਾ ਵਿਚ ਸਿੱਖ ਨੌਜਵਾਨ ਦੀ ਮੌਤ ਨੇ ਆਰ.ਸੀ.ਐਮ.ਪੀ. ਨੂੰ ਸਵਾਲਾਂ ਦੇ ਘੇਰੇ ਵਿਚ ਲਿਆ ਦਿਤਾ ਹੈ। ਯੂਨੀਵਰਸਿਟੀ ਆਫ਼ ਮੈਨੀਟੋਬਾ ਵਿਚ ਪੜ੍ਹ ਰਹੇ ਦੇਵਕਰਨ ਸਿੰਘ ਦੇ ਪਰਵਾਰ ਅਤੇ ਦੋਸਤਾਂ ਵੱਲੋਂ ਆਰ.ਸੀ.ਐਮ.ਪੀ. ’ਤੇ ਵੇਲੇ ਸਿਰ ਕਾਰਵਾਈ ਨਾ ਕਰਨ ਦੇ ਦੋਸ਼ ਲਾਏ ਜਾ ਰਹੇ ਹਨ। ਦੱਸ ਦੇਈਏ ਕਿ ਦੇਵਕਰਨ ਸਿੰਘ ਆਪਣੇ ਦੋਸਤਾਂ ਨਾਲ ਸੈਰ ਸਪਾਟਾ ਕਰਨ ਪਿਨਾਵਾ ਡੈਮ ’ਤੇ ਗਿਆ ਅਤੇ ਅਚਨਚੇਤ ਪਾਣੀ ਵਿਚ ਡਿੱਗਣ ਮਗਰੋਂ ਲਾਪਤਾ ਹੋ ਗਿਆ। ਉਸ ਦੇ ਸਾਥੀਆਂ ਨੇ ਤੁਰਤ ਪੁਲਿਸ ਨੂੰ ਇਤਲਾਹ ਦਿਤੀ ਅਤੇ ਮੌਕੇ ’ਤੇ ਪੁੱਜੇ ਅਫ਼ਸਰ ਭਾਲ ਕਰਨ ਲੱਗੇ। ਉਧਰ ਕੁਝ ਦੇਰ ਬਾਅਦ ਦੇਵਕਰਨ ਸਿੰਘ ਦੇ ਮਾਤਾ ਜਸਵੀਰ ਕੌਰ ਪਿਨਾਵਾ ਡੈਮ ’ਤੇ ਪੁੱਜੇ ਅਤੇ ਪੁਲਿਸ ਅਫ਼ਸਰਾਂ ਨੂੰ ਪਾਣੀ ਵਿਚ ਦਾਖਲ ਹੋ ਕੇ ਤਲਾਸ਼ ਕਰਨ ਲਈ ਆਖਿਆ ਪਰ ਅੱਗੋਂ ਜਵਾਬ ਮਿਲਿਆ ਕਿ ਪਾਣੀ ਅੰਦਰ ਤਲਾਸ਼ ਕਰਨ ਦੀ ਸਿਖਲਾਈ ਨਾ ਮਿਲੀ ਹੋਣ ਕਰ ਕੇ ਉਹ ਬਾਹਰੋਂ ਹੀ ਭਾਲ ਕਰ ਸਕਦੇ ਹਨ।
‘ਪੁਲਿਸ ਚਾਹੁੰਦੀ ਤਾਂ ਬਚ ਸਕਦਾ ਸੀ ਦੇਵਕਰਨ ਸਿੰਘ’
ਸੀ.ਟੀ.ਵੀ. ਨਾਲ ਗੱਲਬਾਤ ਕਰਦਿਆਂ ਜਸਵੀਰ ਕੌਰ ਨੇ ਨਮ ਅੱਖਾਂ ਅਤੇ ਗੁੱਸੇ ਨਾਲ ਸਵਾਲੀਆ ਲਹਿਜ਼ੇ ਵਿਚ ਕਿਹਾ, ‘‘ਤੁਹਾਡਾ ਬੱਚਾ ਪਾਣੀ ਵਿਚ ਡਿੱਗਿਆ ਹੋਵੇ ਅਤੇ ਤੁਹਾਨੂੰ ਇਹ ਜਵਾਬ ਮਿਲੇ ਕਿ ਅਸੀਂ ਕੁਝ ਨਹੀਂ ਕਰ ਸਕਦੇ ਤਾਂ ਤੁਹਾਡੇ ਉਤੇ ਕੀ ਬੀਤੇਗੀ।’’ ਮੈਨੀਟੋਬਾ ਆਰ.ਸੀ.ਐਮ.ਪੀ. ਨੇ ਇਸ ਗੱਲ ਦੀ ਤਸਦੀਕ ਕਰ ਦਿਤੀ ਕਿ ਡਿਟੈਚਮੈਂਟ ਦੇ ਅਫ਼ਸਰਾਂ ਨੂੰ ਪਾਣੀ ਹੇਠਾਂ ਭਾਲ ਕਰਨ ਦੀ ਸਿਖਲਾਈ ਨਹੀਂ ਮਿਲੀ ਅਤੇ ਇਹ ਖਾਸ ਦਸਤੇ ਦਾ ਕੰਮ ਹੈ। ਪੁਲਿਸ ਨੇ ਆਪਣਾ ਪੱਖ ਪੇਸ਼ ਕਰਦਿਆਂ ਦਲੀਲ ਦਿਤੀ ਕਿ ਪਾਣੀ ਵਿਚ ਕੀਤੀ ਜਾਣ ਵਾਲੀ ਤਲਾਸ਼ ਅਫ਼ਸਰਾਂ ਵਾਸਤੇ ਖਤਰਾ ਪੈਦਾ ਕਰਦੀ ਹੈ ਅਤੇ ਰਾਤ ਵੇਲੇ ਅਜਿਹਾ ਬਿਲਕੁਲ ਨਹੀਂ ਕੀਤਾ ਜਾ ਸਕਦਾ। ਇਥੇ ਦਸਣਾ ਬਣਦਾ ਹੈ ਕਿ ਮੈਨੀਟੋਬਾ ਆਰ.ਸੀ.ਐਮ.ਪੀ. ਕੋਲ ਇਕੋ-ਇਕ ਅੰਡਰ ਵਾਟਰ ਰਿਕਵਰੀ ਟੀਮ ਹੈ ਜਿਸ ਵੱਲੋਂ ਅਗਲੀ ਸਵੇਰ ਦੇਵਕਰਨ ਸਿੰਘ ਦੀ ਭਾਲ ਆਰੰਭੀ ਗਈ। ਇਸੇ ਦੌਰਾਨ ਯੂਨੀਵਰਸਿਟੀ ਆਫ਼ ਮੈਨੀਟੋਬਾ ਸਿੱਖ ਸਟੂਡੈਂਟਸ ਐਸੋਸੀਏਸ਼ਨ ਵਿਚ ਦੇਵਕਰਨ ਸਿੰਘ ਨਾਲ ਕੰਮ ਕਰ ਚੁੱਕੀ ਮਨਵੀਰ ਕੌਰ ਨੇ ਕਿਹਾ ਕਿ ਹਰ ਕੋਈ ਉਸ ਦੇ ਕੰਮ ਤੋਂ ਪ੍ਰਭਾਵਤ ਹੁੰਦਾ। ਉਹ ਜ਼ਿੰਦਗੀ ਦੇ ਹਰ ਖੇਤਰ ਵਿਚ ਅੱਗੇ ਵਧ ਰਿਹਾ ਸੀ।
ਪਰਵਾਰ ਅਤੇ ਦੋਸਤਾਂ ਨੇ ਕੀਤਾ ਵੱਡਾ ਦਾਅਵਾ
ਦੋ ਸਾਲ ਸਿੱਖ ਸਟੂਡੈਂਟਸ ਐਸੋਸੀਏਸ਼ਨ ਦਾ ਪ੍ਰਧਾਨ ਰਹਿਣ ਮਗਰੋਂ ਉਸ ਨੇ ਯੂਨੀਵਰਸਿਟੀ ਆਫ਼ ਮੈਨੀਟੋਬਾ ਦੀ ਵਿਦਿਆਰਥੀ ਯੂਨੀਅਨ ਦੀ ਚੋਣ ਵੀ ਲੜੀ। ਦੇਵਕਰਨ ਸਿੰਘ ਦੇ ਪਰਵਾਰ ਅਤੇ ਦੋਸਤਾਂ ਦਾ ਮੰਨਣਾ ਹੈ ਕਿ ਉਸ ਨੂੰ ਬਚਾਇਆ ਜਾ ਸਕਦਾ ਸੀ ਜੇ ਅੰਡਰਵਾਟਰ ਰਿਕਵਰੀ ਟੀਮ ਸਮੇਂ ਸਿਰ ਪੁੱਜ ਜਾਂਦੀ। ਦੇਵਕਰਨ ਦੇ ਦੋਸਤ ਕਰਮਜੀਤ ਸਿੰਘ ਨੇ ਕਿਹਾ ਕਿ ਉਹ ਛੋਟੇ ਭਰਾ ਦਾ ਹਰ ਫਰਜ਼ ਅਦਾ ਕਰਦਾ। ਹਰ ਵੇਲੇ ਦੂਜਿਆਂ ਦੀ ਮਦਦ ਲਈ ਤਿਆਰ ਰਹਿੰਦਾ ਅਤੇ ਕਦੇ ਵੀ ਹੌਸਲਾ ਨਹੀਂ ਸੀ ਹਾਰਿਆ। ਜਸਵੀਰ ਕੌਰ ਮੁਤਾਬਕ ਉਨ੍ਹਾਂ ਦਾ ਬੇਟਾ ਇਕ ਸ਼ਾਨਦਾਰ ਵਿਦਿਆਰਥੀ, ਚੰਗਾ ਚਿੱਤਰਕਾਰ ਅਤੇ ਸਿੱਖ ਭਾਈਚਾਰੇ ਵਿਚ ਬਿਹਤਰੀਨ ਰੋਲ ਮਾਡਲ ਰਿਹਾ। ਜਸਵੀਕਰ ਕੌਰ ਨੇ ਅੱਗੇ ਕਿਹਾ ਕਿ ਉਹ ਆਪਣੇ ਪੁੱਤ ਬਾਰੇ ਬਹੁਤ ਕੁਝ ਕਹਿਣਾ ਚਾਹੁੰਦੇ ਹਨ ਪਰ ਸ਼ਬਦ ਨਹੀਂ ਮਿਲ ਰਹੇ। ਸ਼ਬਦਾਂ ਵਿਚ ਆਪਣਾ ਦੁੱਖ ਬਿਆਨ ਕਰਨਾ ਬੇਹੱਦ ਮੁਸ਼ਕਲ ਹੈ।