ਕੈਨੇਡਾ : ਏ.ਆਈ. ਰਾਹੀਂ ਅਣਕਿਆਸੀਆਂ ਮੌਤਾਂ ਰੋਕਣ ਵਿਚ ਮਿਲੀ ਮਦਦ
ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਕੈਨੇਡਾ ਦੇ ਹਸਪਤਾਲਾਂ ਵਿਚ ਅਣਕਿਆਸੀਆਂ ਮੌਤਾਂ ਦੀ ਗਿਣਤੀ 26 ਫੀ ਸਦੀ ਤੱਕ ਘਟਾਉਣ ਵਿਚ ਮਦਦ ਮਿਲੀ ਹੈ।;
ਟੋਰਾਂਟੋ : ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਕੈਨੇਡਾ ਦੇ ਹਸਪਤਾਲਾਂ ਵਿਚ ਅਣਕਿਆਸੀਆਂ ਮੌਤਾਂ ਦੀ ਗਿਣਤੀ 26 ਫੀ ਸਦੀ ਤੱਕ ਘਟਾਉਣ ਵਿਚ ਮਦਦ ਮਿਲੀ ਹੈ। ਜੀ ਹਾਂ, ਟੋਰਾਂਟੋ ਦੇ ਸੇਂਟ ਮਾਈਕਲਜ਼ ਹਸਪਤਾਲ ਵਿਖੇ ਚਾਰ ਸਾਲ ਪਹਿਲਾਂ ਆਰੰਭੀ ਪ੍ਰਕਿਰਿਆ ਰਾਹੀਂ ਸੈਂਕੜੇ ਮਰੀਜ਼ਾਂ ਨੂੰ ਬਚਾਇਆ ਜਾ ਚੁੱਕਾ ਹੈ ਅਤੇ ਇਹ ਤਕਨੀਕ ਹੋਰਨਾਂ ਹਸਪਤਾਲਾਂ ਵਿਚ ਵੀ ਵਰਤੀ ਜਾ ਰਹੀ ਹੈ। ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਦੇ ਰਸਾਲੇ ਵਿਚ ਪ੍ਰਕਾਸ਼ਤ ਅਧਿਐਨ ਮੁਤਾਬਕ ਟੋਰਾਂਟੋ ਦੀ ਇਕ ਔਰਤ ਨੂੰ ਬੁਖਾਰ ਮਗਰੋਂ ਹਸਪਤਾਲ ਲਿਆਂਦਾ ਗਿਆ ਅਤੇ ਉਸ ਦੀ ਹਾਲਤ ਜ਼ਿਆਦਾ ਖਰਾਬ ਨਹੀਂ ਸੀ ਲੱਗ ਰਹੀ ਪਰ ਏ.ਆਈ. ਰਾਹੀਂ ਪਤਾ ਲੱਗਾ ਕਿਹਾ ਕਿ ਕਿਤੇ ਜ਼ਿਆਦਾ ਬਿਮਾਰ ਹੈ ਅਤੇ ਤੁਰਤ ਡਾਕਟਰੀ ਸਹਾਇਤਾ ਦੀ ਜ਼ਰੂਰਤ ਹੋਵੇਗੀ।
ਹਸਪਤਾਲਾਂ ਵਿਚ 26 ਫ਼ੀ ਸਦੀ ਅੰਕੜਾ ਹੇਠਾਂ ਆਇਆ
ਏ.ਆਈ. ਰਾਹੀਂ ਚਿਤਾਵਨੀ ਮਿਲ ਗਈ ਕਿ ਮਹਿਲਾ ਦੇ ਸਰੀਰ ਅੰਦਰ ਖੂਨ ਦੇ ਸਫੈਦ ਸੈਲ ਜ਼ਰੂਰਤ ਤੋਂ ਜ਼ਿਆਦਾ ਵਧ ਚੁੱਕੇ ਹਨ ਜਿਸ ਦੇ ਮੱਦੇਨਜ਼ਰ ਡਾਕਟਰਾਂ ਨੇ ਤੁਰਤ ਇਲਾਜ ਸ਼ੁਰੂ ਕਰ ਦਿਤਾ ਅਤੇ ਉਸ ਨੂੰ ਸਮਾਂ ਰਹਿੰਦੇ ਬਚਾਇਆ ਜਾ ਸਕਿਆ। ਅਧਿਐਨ ਦੇ ਲੇਖਕ ਡਾ. ਮੁਹੰਮਦ ਮਮਦਾਨੀ ਨੇ ਦੱਸਿਆ ਕਿ ਆਧੁਨਿਕ ਤਕਨੀਕ ਜ਼ਿੰਦਗੀਆਂ ਬਚਾਉਣ ਵਿਚ ਸਹਾਈ ਸਾਬਤ ਹੋ ਰਹੀ ਹੈ ਅਤੇ ਇਹ ਦੇਖ ਕੇ ਦਿਲ ਨੂੰ ਤਸੱਲੀ ਮਿਲਦੀ ਹੈ। ਅਧਿਐਨ ਟੀਮ ਵੱਲੋਂ ਸੇਂਟ ਮਾਈਕਲਜ਼ ਹਸਪਤਾਲ ਵਿਚ ਦਾਖਲ 13 ਹਜ਼ਾਰ ਮਰੀਜ਼ਾਂ ਨਾਲ ਸਬੰਧਤ ਵੇਰਵਿਆਂ ਦੀ ਘੋਖ ਕੀਤੀ ਗਈ। ਅਧਿਐਨ ਦੇ ਲੇਖਕਾਂ ਵਿਚੋਂ ਇਕ ਡਾ. ਅਨਮੋਲ ਵਰਮਾ ਨੇ ਦੱਸਿਆ ਕਿ ਜਿਥੇ ਏ.ਆਈ. ਦੀ ਵਰਤੋਂ ਨਹੀਂ ਕੀਤੀ ਜਾ ਰਹੀ, ਉਥੇ ਅਣਕਿਆਸੀਆਂ ਮੌਤਾਂ ਦੀ ਗਿਣਤੀ ਵਿਚ ਕੋਈ ਕਮੀ ਨਜ਼ਰ ਨਹੀਂ ਆਈ। ਡਾ. ਵਰਮਾ ਨੇ ਅੱਗੇ ਕਿਹਾ ਕਿ ਸ਼ੁਰੂ ਸ਼ੁਰੂ ਵਿਚ ਉਹ ਖੁਦ ਇਸ ਤਕਨੀਕ ਦੇ ਨਤੀਜਿਆਂ ਨੂੰ ਲੈ ਕੇ ਜ਼ਿਆਦਾ ਉਤਸ਼ਾਹਤ ਨਹੀਂ ਸਨ। ਮੈਡੀਕਲ ਖੇਤਰ ਦੇ ਮਾਹਰਾਂ ਦਾ ਕਹਿਣਾ ਹੈ ਕਿ ਏ.ਆਈ. ਤਕਨੀਕ ਦੀ ਵਰਤੋਂ ਹੋਰ ਵੱਡੇ ਪੱਧਰ ’ਤੇ ਕੀਤੀ ਜਾਵੇ ਤਾਂ ਕਈ ਗੰਭੀਰ ਬਿਮਾਰੀਆਂ ਦਾ ਸਮਾਂ ਰਹਿੰਦੇ ਇਲਾਜ ਕਰਦਿਆਂ ਵਧੇਰੇ ਜਾਨਾਂ ਬਚਾਈਆਂ ਜਾ ਸਕਦੀਆਂ ਹਨ।