63 ਹਜ਼ਾਰ ਡਾਲਰ ਦੀ ਸ਼ਰਾਬੀ ਚੋਰੀ ਕਰਨ ਦੇ ਮਾਮਲੇ ’ਚ ਬਰੈਂਪਟਨ ਵਾਸੀ ਗ੍ਰਿਫ਼ਤਾਰ
ਉਨਟਾਰੀਓ ਵਿਚ ਸ਼ਰਾਬ ਦੇ ਠੇਕਿਆਂ ਤੋਂ ਬੋਤਲਾਂ ਚੋਰੀ ਕਰਨ ਦੇ ਮਾਮਲੇ ਵਿਚ ਬਰੈਂਪਟਨ ਦੇ ਇਕ ਵਸਨੀਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਬਰੈਂਪਟਨ : ਉਨਟਾਰੀਓ ਵਿਚ ਸ਼ਰਾਬ ਦੇ ਠੇਕਿਆਂ ਤੋਂ ਬੋਤਲਾਂ ਚੋਰੀ ਕਰਨ ਦੇ ਮਾਮਲੇ ਵਿਚ ਬਰੈਂਪਟਨ ਦੇ ਇਕ ਵਸਨੀਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਸ਼ੱਕੀ ਨੇ ਤਕਰੀਬਨ 63 ਹਜ਼ਾਰ ਡਾਲਰ ਮੁੱਲ ਦੀ ਸ਼ਰਾਬ ਵੱਖ ਵੱਖ ਐਲ.ਸੀ.ਬੀ.ਓ. ਸਟੋਰਜ਼ ਤੋਂ ਚੋਰੀ ਕੀਤੀ। ਪੀਲ ਪੁਲਿਸ ਵੱਲੋਂ ਸ਼ੱਕੀ ਦੀ ਸ਼ਨਾਖਤ 38 ਸਾਲ ਦੇ ਅਬਦੁਲ ਅਜ਼ੀਜ਼ ਆਦਿਲ ਵਜੋਂ ਕੀਤੀ ਗਈ ਹੈ ਜਿਸ ਵਿਰੁੱਧ 5 ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਚੋਰੀ ਕਰਨ, ਗ੍ਰਿਫਤਾਰੀ ਦਾ ਵਿਰੋਧ ਕਰਦਿਆਂ ਹਮਲਾ ਕਰਨ, ਪੁਲਿਸ ਕਾਰਵਾਈ ਵਿਚ ਅੜਿੱਕਾ ਪਾਉਣ ਅਤੇ ਜ਼ਮਾਨਤ ਸ਼ਰਤਾਂ ਦੀ ਪਾਲਣਾ ਕਰਨ ਵਿਚ ਅਸਫ਼ਲ ਰਹਿਣ ਦੇ ਦੋਸ਼ ਆਇਦ ਕੀਤੇ ਗਏ ਹਨ।
ਐਲ.ਸੀ.ਬੀ.ਓ. ਦੇ ਵੱਖ ਵੱਖ ਸਟੋਰਜ਼ ’ਤੇ ਵਾਰਦਾਤਾਂ ਨੂੰ ਦਿਤਾ ਅੰਜਾਮ
ਅਬਦੁਲ ਅਜ਼ੀਜ਼ ਦੀ ਗ੍ਰਿਫ਼ਤਾਰੀ 17 ਨਵੰਬਰ ਨੂੰ ਹੋਈ ਅਤੇ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਤੱਕ ਉਹ ਪੁਲਿਸ ਹਿਰਾਸਤ ਵਿਚ ਹੈ। ਪੁਲਿਸ ਨੇ ਦੱਸਿਆ ਕਿ ਅਬਦੁਲ ਅਜ਼ੀਜ਼ ਵਿਰੁੱਧ ਚਾਰ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਅਤੇ ਸ਼ਰਾਬੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵੇਲੇ ਉਹ ਕਈ ਕਿਸਮ ਦੇ ਅਪਰਾਧਾਂ ਦੇ ਦੋਸ਼ ਹੇਠ ਜ਼ਮਾਨਤ ’ਤੇ ਚੱਲ ਰਿਹਾ ਸੀ। ਜਾਂਚਕਰਤਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀਾ ਹੋਵੇ ਤਾਂ ਪੁਲਿਸ ਨਾਲ ਸੰਪਰਕ ਕਰੇ।