ਉਨਟਾਰੀਓ ਦੇ ਸਕੂਲਾਂ ਵਿਚ ਮੋਬਾਈਲ ਫੋਨ ’ਤੇ ਪਾਬੰਦੀ ਅੱਜ ਤੋਂ ਲਾਗੂ
ਉਨਟਾਰੀਓ ਦੇ ਸਕੂਲਾਂ ਵਿਚ ਅੱਜ ਤੋਂ ਸੈਲਫੋਨ ’ਤੇ ਪਾਬੰਦੀ ਲਾਗੂ ਹੋ ਰਹੀ ਹੈ ਪਰ ਆਲੋਚਕਾਂ ਦਾ ਕਹਿਣਾ ਹੈ ਕਿ ਨਵੇਂ ਨਿਯਮ ਪੂਰੀ ਤਰ੍ਹਾਂ ਸਪੱਸ਼ਟ ਨਹੀਂ।;
ਟੋਰਾਂਟੋ : ਉਨਟਾਰੀਓ ਦੇ ਸਕੂਲਾਂ ਵਿਚ ਅੱਜ ਤੋਂ ਸੈਲਫੋਨ ’ਤੇ ਪਾਬੰਦੀ ਲਾਗੂ ਹੋ ਰਹੀ ਹੈ ਪਰ ਆਲੋਚਕਾਂ ਦਾ ਕਹਿਣਾ ਹੈ ਕਿ ਨਵੇਂ ਨਿਯਮ ਪੂਰੀ ਤਰ੍ਹਾਂ ਸਪੱਸ਼ਟ ਨਹੀਂ। ਡਗ ਫੋਰਡ ਸਰਕਾਰ ਵੱਲੋਂ ਅਪ੍ਰੈਲ ਵਿਚ ਨਵੇਂ ਨਿਯਮਾਂ ਦਾ ਐਲਾਨ ਕਰਦਿਆਂ ਕਿੰਡਰਗਾਰਟਨ ਤੋਂ ਗਰੇਡ 6 ਤੱਕ ਬੱਚਿਆਂ ਨੂੰ ਸੈਲਫੋਨ ਸਾਇਲੈਂਟ ਅਤੇ ਆਪਣੀ ਪਹੁੰਚ ਤੋਂ ਦੂਰ ਰੱਖਣ ਦੀ ਹਦਾਇਤ ਦਿਤੀ ਗਈ ਜਦਕਿ ਗਰੇਡ 7 ਤੋਂ ਗਰੇਡ 12 ਤੱਕ ਦੇ ਵਿਦਿਆਰਥੀਆਂ ਨੂੰ ਕਲਾਸ ਦੌਰਾਨ ਫੋਨ ਨਾ ਵਰਤਣ ਵਾਸਤੇ ਆਖਿਆ ਗਿਆ। ਕਲਾਸ ਵਿਚ ਸੈਲਫੋਨ ਤਾਂ ਹੀ ਵਰਤਿਆ ਜਾ ਸਕਦਾ ਹੈ ਜੇ ਕਲਾਸ ਟੀਚਰ ਦੀ ਇਜਾਜ਼ਤ ਹੋਵੇ ਤਾਂ ਵਿਦਿਆਰਥੀ ਦੀਆਂ ਵਿਸ਼ੇਸ਼ ਮੈਡੀਕਲ ਜ਼ਰੂਰਤਾਂ ਹੋਣ। ਬੱਚਿਆਂ ਦਾ ਧਿਆਨ ਪੜ੍ਹਾਈ ਵੱਲ ਕੇਂਦਰਤ ਕਰਦੇ ਨਿਯਮਾਂ ਦਾ ਭਾਵੇਂ ਸਵਾਗਤ ਕੀਤਾ ਗਿਆ ਪਰ ਟੀਚਰ ਯੂਨੀਅਨ ਦਾ ਕਹਿਣਾ ਹੈ ਕਿ ਨਿਯਮ ਲਾਗੂ ਕਰਨ ਦੇ ਤੌਰ ਤਰੀਕਿਆਂ ਬਾਰੇ ਸਪੱਸ਼ਟਤਾ ਨਜ਼ਰ ਨਹੀਂ ਆਉਂਦੀ।
ਨਿਯਮ ਸਪੱਸ਼ਟ ਨਾ ਹੋਣ ਕਾਰਨ ਅਧਿਆਪਕ ਚਿੰਤਤ
ਅਧਿਆਪਕਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਕਿ ਜੇ ਉਨ੍ਹਾਂ ਵੱਲੋਂ ਕਿਸੇ ਬੱਚੇ ਦਾ ਫੋਨ ਜ਼ਬਤ ਕਰਨ ਦੀ ਸੂਰਤ ਵਿਚ ਇਹ ਗੁੰਮ ਹੋ ਜਾਂਦਾ ਹੈ ਜਾਂ ਨੁਕਸਾਨਿਆ ਜਾਂਦਾ ਹੈ ਤਾਂ ਕੀ ਹੋਵੇਗਾ। ਸਿਰਫ ਐਨਾ ਹੀ ਨਹੀਂ ਜੇ ਫੋਨ ਖੋਹੇ ਜਾਣ ’ਤੇ ਵਿਦਿਆਰਥੀ ਹਿੰਸਕ ਹੋ ਜਾਂਦਾ ਹੈ ਤਾਂ ਕੀ ਕੀਤਾ ਜਾਵੇ। ਉਧਰ ਸਰਕਾਰ ਦਾ ਕਹਿਣਾ ਹੈ ਕਿ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਵਿਦਿਆਰਥੀਆਂ ਨੂੰ ਆਪਣੇ ਫੋਨ ਕਲਾਸਰੂਮ ਤੋਂ ਬਾਹਰ ਰੱਖਣ ਦੀ ਹਦਾਇਤ ਦਿਤੀ ਜਾ ਸਕਦੀ ਹੈ। ਜੇ ਉਹ ਫਿਰ ਵੀ ਨਹੀਂ ਟਲਦੇ ਤਾਂ ਉਨ੍ਹਾਂ ਨੂੰ ਪ੍ਰਿੰਸੀਪਲ ਦੇ ਦਫ਼ਤਰ ਵਿਚ ਭੇਜ ਦਿਤਾ ਜਾਵੇ। ਐਲੀਮੈਂਟਰੀ ਟੀਚਰਜ਼ ਫੈਡਰੇਸ਼ਨ ਆਫ ਉਨਟਾਰੀਓ ਦੇ ਵਾਇਸ ਪ੍ਰੈਜ਼ੀਡੈਂਟ ਡੇਵਿਡ ਮੈਸਟਿਨ ਨੇ ਕਿਹਾ ਕਿ ਉਨ੍ਹਾਂ ਦੇ ਮਨ ਵਿਚ ਕਈ ਸਵਾਲ ਹਨ ਕਿ ਆਖਰਕਾਰ ਇਹ ਨਿਯਮ ਕਿੰਨੇ ਕਾਰਗਰ ਸਾਬਤ ਹੋਣਗੇ। ਸਵਾਲ ਇਹ ਉਠਦਾ ਹੈ ਕਿ ਬੱਚੇ ਨੂੰ ਪ੍ਰਿੰਸੀਪਲ ਦੇ ਕਮਰੇ ਵਿਚ ਭੇਜ ਦਿਤਾ ਅਤੇ ਪੰਜ ਮਿੰਟ ਬਾਅਦ ਬੱਚੇ ਮੁੜ ਕਲਾਸ ਵਿਚ ਆ ਜਾਵੇਗਾ। ਇਸ ਮਗਰੋਂ ਕੀ ਕੀਤਾ ਜਾਵੇ। ਉਨਟਾਰੀਓ ਸੈਕੰਡਰੀ ਸਕੂਲ ਟੀਚਰਜ਼ ਫੈਡਰੇਸ਼ਨ ਦੀ ਪ੍ਰਧਾਨ ਕੈਰਨ ਲਿਟਲਵੁੱਡ ਨੇ ਕਿਹਾ ਕਿ ਉਹ ਅਧਿਆਪਕਾਂ ’ਤੇ ਪੈਣ ਵਾਲੇ ਬੋਝ ਨੂੰ ਲੈ ਕੇ ਚਿੰਤਤ ਹਨ। ਅਧਿਆਪਕਾਂ ਦੀਆਂ ਚਿੰਤਾਵਾਂ ਦਰਮਿਆਨ ਸਿੱਖਿਆ ਮੰਤਰੀ ਜਿਲ ਡਨਲੌਪ ਨੇ ਕਿਹਾ ਕਿ ਨਵੇਂ ਨਿਯਮਾਂ ਨਾਲ ਘੱਟੋ ਘੱਟ ਮਿਆਰ ਵੀ ਤੈਅ ਕੀਤੇ ਗਏ ਹਨ ਜਿਨ੍ਹਾਂ ਰਾਹੀਂ ਅਧਿਆਪਕਾਂ ਅਤੇ ਪ੍ਰਿੰਸਪੀਲਾਂ ਨੂੰ ਆਪਣੀ ਕਾਰਵਾਈ ਕਰਨ ਵਿਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਸਾਡੇ ਸਕੂਲਾਂ ਦੀਆਂ ਕਲਾਸਾਂ ਵਿਚ ਸਭਿਆਚਾਰਕ ਤਬਦੀਲੀ ਹੋਣ ਜਾ ਰਹੀ ਹੈ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਦੇ ਕਈ ਰਾਜਾਂ ਵਿਚ ਸਕੂਲੀ ਵਿਦਿਆਰਥੀਆਂ ਦੇ ਸੈਲਫੋਨ ’ਤੇ ਪਾਬੰਦੀ ਲਾਈ ਜਾ ਰਹੀ ਹੈ ਜਿਨ੍ਹਾਂ ਵਿਚ ਬੀ.ਸੀ. ਅਤੇ ਸਸਕੈਚਵਨ ਸ਼ਾਮਲ ਹਨ ਜਦਕਿ ਮੈਨੀਟੋਬਾ, ਐਲਬਰਟਾ, ਕਿਊਬੈਕ ਅਤੇ ਨੋਵਾ ਸਕੋਸ਼ੀਆ ਵਿਚ ਵੀ ਤਿਆਰੀ ਚੱਲ ਰਹੀ ਹੈ।