ਕੈਨੇਡਾ ਵਿਚ ਪਾਕਿਸਤਾਨੀ ਕਾਰੋਬਾਰੀ ਨੂੰ ਜਿਊਂਦਾ ਸਾੜਨ ਦਾ ਯਤਨ
ਕੈਨੇਡਾ ਵਿਚ ਇਕ ਪਾਕਿਸਤਾਨੀ ਕਾਰੋਬਾਰੀ ’ਤੇ ਕੈਮੀਕਲ ਛਿੜਕ ਦੇ ਅੱਗ ਲਾਉਣ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ। ਕਾਰੋਬਾਰੀ ਦੀ ਸ਼ਨਾਖਤ ਰਾਹਤ ਰਾਓ ਵਜੋਂ ਕੀਤੀ ਗਈ ਹੈ ਜਿਨ੍ਹਾਂ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ।;
ਸਰੀ : ਕੈਨੇਡਾ ਵਿਚ ਇਕ ਪਾਕਿਸਤਾਨੀ ਕਾਰੋਬਾਰੀ ’ਤੇ ਕੈਮੀਕਲ ਛਿੜਕ ਦੇ ਅੱਗ ਲਾਉਣ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ। ਕਾਰੋਬਾਰੀ ਦੀ ਸ਼ਨਾਖਤ ਰਾਹਤ ਰਾਓ ਵਜੋਂ ਕੀਤੀ ਗਈ ਹੈ ਜਿਨ੍ਹਾਂ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ। ਦੂਜੇ ਪਾਸੇ ਭਾਰਤੀ ਮੀਡੀਆ ਵੱਲੋਂ ਰਾਹਤ ਰਾਓ ਨੂੰ ਹਰਦੀਪ ਸਿੰਘ ਨਿੱਜਰ ਕਤਲਕਾਂਡ ਨਾਲ ਜੋੜਿਆ ਜਾ ਰਿਹਾ ਹੈ ਅਤੇ ਦਾਅਵਾ ਕੀਤਾ ਗਿਆ ਹੈ ਕਿ ਹਰਦੀਪ ਸਿੰਘ ਨਿੱਜਰ ਕਤਲ ਮਾਮਲੇ ਵਿਚ ਰਾਹਤ ਰਾਓ ਤੋਂ ਪੁੱਛ-ਪੜਤਾਲ ਹੋ ਚੁੱਕੀ ਹੈ। ਰਾਹਤ ਰਾਓ ਸਰੀ ਵਿਖੇ ਮਨੀ ਐਕਸਚੇਂਜਰ ਦਾ ਕੰਮ ਕਰਦੇ ਹਨ ਅਤੇ ਸ਼ੱਕੀ ਵਿਦੇਸ਼ੀ ਕਰੰਸੀ ਵਟਾਉਣ ਦੇ ਬਹਾਨੇ ਉਨ੍ਹਾਂ ਦੇ ਦਫਤਰ ਵਿਚ ਦਾਖਲ ਹੋਇਆ। ਕੈਨੇਡੀਅਨ ਮੀਡੀਆ ਰਿਪੋਰਟ ਮੁਤਾਬਕ ਸ਼ੱਕੀ ਨੇ ਕੋਈ ਕੈਮੀਕਲ ਛਿੜਕਿਆ ਅਤੇ ਅੱਗ ਲਾ ਕੇ ਫਰਾਰ ਹੋ ਗਿਆ।
ਰਾਹਤ ਰਾਓ ਨੂੰ ਨਾਜ਼ੁਕ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ
ਸੋਸ਼ਲ ਮੀਡੀਆ ’ਤੇ ਰਾਹਤ ਰਾਓ ਦੀ ਸਿਹਤਯਾਬੀ ਲਈ ਦੁਆਵਾਂ ਮੰਗੀਆਂ ਜਾ ਰਹੀਆਂ ਹਨ। ਉਧਰ ਸਰੀ ਆਰ.ਸੀ.ਐਮ.ਪੀ. ਨੇ ਕਿਹਾ ਕਿ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ ਤਕਰੀਬਨ ਸਵਾ ਇਕ ਵਜੇ ਸਿਟੀ ਪਾਰਕਵੇਅ ਦੇ 10200 ਬਲਾਕ ਵਿਚ ਖਤਰਨਾਕ ਹਮਲੇ ਦੀ ਇਤਲਾਹ ਮਿਲੀ ਅਤੇ ਫਰੰਟਲਾਈਨ ਅਫਸਰਾਂ ਵੱਲੋਂ ਪੀੜਤ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਸ਼ੱਕੀ ਨੇ ਇਕ ਗੱਡੀ ਚੋਰੀ ਕੀਤੀ ਅਤੇ ਫਰਾਰ ਹੋ ਗਿਆ। ਸੀ.ਸੀ.ਟੀ.ਵੀ. ਫੁਟੇਜ ਵਿਚ ਸ਼ੁੱਕੀ ਨੂੰ ਸਫੈਦ ਰੰਗ ਦੀ ਮਿੰਨੀ ਕੂਪਰ ਗੱਡੀ ਵਿਚ ਜਾਂਦਿਆਂ ਦੇਖਿਆ ਜਾ ਸਕਦਾ ਹੈ। ਗੱਡੀ ਦੇ ਰਿਮ ਕਾਲੇ ਅਤੇ ਬ੍ਰਿਟਿਸ਼ ਕੋਲੰਬੀਆ ਦਾ ਲਾਇਸੰਸ ਪਲੇਟ ਡੀ-80745 ਲੱਗੀ ਹੋਈ ਹੈ।
ਹਰਦੀਪ ਸਿੰਘ ਨਿੱਜਰ ਕਤਲਕਾਂਡ ਨਾਲ ਜੋੜਿਆ ਜਾ ਰਿਹੈ ਮਾਮਲਾ
ਇਕ ਪਾਸੇ ਸ਼ੱਕੀ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ ਜਦਕਿ ਦੂਜੇ ਪਾਸੇ ਜਾਂਚਕਰਤਾਵਾਂ ਨੇ ਮੌਕਾ ਏ ਵਾਰਦਾਤ ਦਾ ਮੁਆਇਨਾ ਕਰਦਿਆਂ ਗਵਾਹਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਅਤੇ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਚੈਕ ਕਰਨੀ ਸ਼ੁਰੂ ਕਰ ਦਿਤੀ। ਪੜਤਾਲ ਮੁਢਲੇ ਪੜਾਅ ਵਿਚ ਹੋਣ ਕਾਰਨ ਪੁਲਿਸ ਵੱਲੋਂ ਫਿਲਹਾਲ ਵਾਰਦਾਤ ਦੇ ਮਕਸਦ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ। ਸ਼ੱਕੀ ਦਾ ਹੁਲੀਆ ਜਾਰੀ ਕਰਦਿਆਂ ਪੁਲਿਸ ਨੇ ਕਿਹਾ ਕਿ ਉਸ ਦੀ ਉਮਰ 25 ਤੋਂ 30 ਸਾਲ ਅਤੇ ਮੁੱਛ ਰੱਖੀ ਹੋਈ ਹੈ। ਵਾਰਦਾਤ ਵੇਲੇ ਉਸ ਨੇ ਕਾਲੀ ਪੈਂਟ, ਕਾਲੀਆਂ ਬਾਹਵਾਂ ਵਾਲੀ ਬਲੈਕ ਗਰੇਅ ਹੂਡੀ ਅਤੇ ਹਰੇ ਰੰਗ ਦੀ ਬੇਸਬਾਲ ਕੈਪ ਪਾਈ ਹੋਈ ਸੀ। ਸਰੀ ਆਰ.ਸੀ.ਐਮ.ਪੀ. ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਸ਼ੱਕੀ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਜਾਂਚਕਰਤਾਵਾਂ ਨਾਲ 604 599 0502 ’ਤੇ ਸੰਪਰਕ ਕਰੇ। ਇਸ ਦੌਰਾਨ ਫਾਈਲ 2024-113412 ਦਾ ਜ਼ਿਕਰ ਕੀਤਾ ਜਾਵੇ। ਇਥੇ ਦਸਣਾ ਬਣਦਾ ਹੈ ਕਿ ਭਾਰਤੀ ਮੀਡੀਆ ਰਿਪੋਰਟਾਂ ਵਿਚ ਰਾਹਤ ਰਾਓ ਨੂੰ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐਸ.ਆਈ. ਦਾ ਏਜੰਟ ਵੀ ਦੱਸਿਆ ਜਾ ਰਿਹਾ ਹੈ।