ਉਨਟਾਰੀਓ ਵਿਚ ਆਪਹੁਦਰੀਆਂ ਕਰਨ ਵਾਲੇ ਕੌਂਸਲਰਾਂ ਦੀ ਹੁਣ ਖੈਰ ਨਹੀਂ
ਉਨਟਾਰੀਓ ਵਿਚ ਆਪਹੁਦਰੀਆਂ ਕਰਨ ਵਾਲੇ ਕੌਂਸਲਰਾਂ ਦੀ ਹੁਣ ਖੈਰ ਨਹੀਂ ਜਿਨ੍ਹਾਂ ਨੂੰ ਨਵੇਂ ਕਾਨੂੰਨ ਤਹਿਤ ਬਰਖਾਸਤ ਕੀਤਾ ਜਾ ਸਕੇਗਾ;
ਟੋਰਾਂਟੋ : ਉਨਟਾਰੀਓ ਵਿਚ ਆਪਹੁਦਰੀਆਂ ਕਰਨ ਵਾਲੇ ਕੌਂਸਲਰਾਂ ਦੀ ਹੁਣ ਖੈਰ ਨਹੀਂ ਜਿਨ੍ਹਾਂ ਨੂੰ ਨਵੇਂ ਕਾਨੂੰਨ ਤਹਿਤ ਬਰਖਾਸਤ ਕੀਤਾ ਜਾ ਸਕੇਗਾ ਅਤੇ ਮੁੜ ਚੋਣ ਲੜਨ ਤੇ ਪਾਬੰਦੀ ਵੀ ਲਾਈ ਜਾ ਸਕੇਗੀ। ਡਗ ਫੋਰਡ ਸਰਕਾਰ ਵੱਲੋਂ ਪੇਸ਼ ਨਵਾਂ ਕਾਨੂੰਨ ਸਿਟੀ ਕੌਂਸਲਰਜ਼ ਨੂੰ ਜ਼ਾਬਤੇ ਵਿਚ ਰੱਖਣ ਦਾ ਕੰਮ ਕਰੇਗਾ ਜਿਨ੍ਹਾਂ ਵਿਚੋਂ ਕਈ ਗੰਭੀਰ ਦੋਸ਼ਾਂ ਵਿਚ ਘਿਰਦੇ ਆਏ ਹਨ ਅਤੇ ਮਿਊਂਸਪੈਲਿਟੀਜ਼ ਵੱਲੋਂ ਲੰਮੇ ਸਮੇਂ ਤੋਂ ਕੋਡ ਆਫ਼ ਕੰਡਕਟ ਵਿਚ ਸੁਧਾਰਾਂ ਦੀ ਵਕਾਲਤ ਕੀਤੀ ਜਾ ਰਹੀ ਸੀ। ਮਿਊਂਸਪਲ ਮਾਮਲਿਆਂ ਬਾਰੇ ਮੰਤਰੀ ਪੌਲ ਕਲੈਂਡਰਾ ਵੱਲੋਂ ਸੂਬਾ ਵਿਧਾਨ ਸਭਾ ਵਿਚ ਵੀਰਵਾਰ ਨੂੰ ਬਿਲ ਪੇਸ਼ ਕੀਤਾ ਗਿਆ।
ਨਵੇਂ ਕਾਨੂੰਨ ਤਹਿਤ ਅਹੁਦੇ ਤੋਂ ਕੀਤਾ ਜਾਵੇਗਾ ਬਰਖਾਸਤ
ਸੂਬਾ ਸਰਕਾਰ ਦੇ ਕਹਿਣਾ ਹੈ ਕਿ ਕਿਸੇ ਕੌਂਸਲਰ ਦੀ ਬਰਖਾਸਤਗੀ ਅਤੇ ਮੁੜ ਚੋਣ ਲੜਨ ’ਤੇ ਪਾਬੰਦੀ ਉਦੋਂ ਹੀ ਲੱਗ ਸਕੇਗੀ ਜਦੋਂ ਮਿਊਂਸਪਲ ਇੰਟੈਗਰਿਟੀ ਕਮਿਸ਼ਨਰ ਇਸ ਬਾਰੇ ਸਿਫਾਰਸ਼ ਕਰੇਗਾ। ਟੋਰਾਂਟੋ ਦੀ ਮੇਅਰ ਓਲੀਵੀਆ ਚੌਅ ਸਣੇ ਵੱਡੇ ਸ਼ਹਿਰਾਂ ਦੇ ਮੇਅਰਜ਼ ਵੱਲੋਂ ਨਵੇਂ ਕਾਨੂੰਨ ਦਾ ਸਵਾਗਤ ਕੀਤਾ ਗਿਆ ਹੈ। ਮੇਅਰਜ਼ ਦੀ ਜਥੇਬੰਦੀ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਮਿਊਂਸਪਲ ਸਟਾਫ਼ ਅਤੇ ਚੁਣੇ ਹੋਏ ਨੁਮਾਇੰਦਿਆਂ ਨੂੰ ਸੁਰੱਖਿਅਤ ਅਤੇ ਸਤਿਕਾਰਯੋਗ ਮਾਹੌਲ ਵਿਚ ਕੰਮ ਕਰਨ ਦਾ ਹੱਕ ਹੈ। ਹੁਣ ਤੱਕ ਮਿਊਂਪੈਲਿਟੀਜ਼ ਅਤੇ ਇੰਟੈਗਰਿਟੀ ਕਮਿਸ਼ਨਰਾਂ ਕੋਲ ਕੋਤਾਹੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਦਾ ਜ਼ਰੀਆ ਮੌਜੂਦ ਨਹੀਂ ਸੀ ਪਰ ਨਵਾਂ ਕਾਨੂੰਨ ਬਿਹਤਰੀਨ ਸਾਬਤ ਹੋਵੇਗਾ। ਨਵੇਂ ਬਿਲ ਦਾ ਆਧਾਰ ਲਿਬਰਲ ਪਾਰਟੀ ਦੇ ਇਕ ਵਿਧਾਇਕ ਲਿਆਂਦਾ ਪ੍ਰਾਈਵੇਟ ਮੈਂਬਰਜ਼ ਬਿਲ ਬਣਿਆਂ ਜਿਸ ਵਿਚ ਔਟਵਾ ਦੇ ਇਕ ਕੌਂਸਲਰ ਵਿਰੁੱਧ ਕਈ ਸ਼ਿਕਾਇਤਾਂ ਦਾ ਜ਼ਿਕਰ ਕੀਤਾ ਗਿਆ।
ਮੁੜ ਚੋਣ ਲੜਨ ’ਤੇ ਪਾਬੰਦੀ ਵੀ ਲਾਈ ਜਾ ਸਕੇਗੀ
ਉਨਟਾਰੀਓ ਵਿਧਾਨ ਸਭਾ ਦਾ ਇਜਲਾਸ ਸਿਆਲ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਉਠਾ ਦਿਤਾ ਗਿਆ ਹੈ ਅਤੇ ਹੁਣ 3 ਮਾਰਚ ਨੂੰ ਮੁੜ ਇਜਲਾਸ ਸ਼ੁਰੂ ਹੋਵੇਗਾ। ਦੂਜੇ ਪਾਸੇ ਪੌਲ ਕਲੈਂਡਰਾ ਵੰਲੋਂ ਪੀਲ ਟ੍ਰਾਂਜ਼ਿਸ਼ਨ ਇੰਪਲੀਮੈਂਟੇਸ਼ਨ ਐਕਟ ਵੀ ਵਿਧਾਨ ਸਭਾ ਵਿਚ ਪੇਸ਼ ਕੀਤਾ ਗਿਆ ਜਿਸ ਤਹਿਤ ਪੀਲ ਰੀਜਨ ਵਿਚ ਕੁਝ ਸੇਵਾਵਾਂ ਚਲਾਉਣ ਦਾ ਹੱਕ ਮਿਸੀਸਾਗਾ, ਬਰੈਂਪਟਨ ਅਤੇ ਕੈਲੇਡਨ ਨੂੰ ਆਪਣੇ ਪੱਧਰ ਉਤੇ ਦੇ ਦਿਤਾ ਜਾਵੇਗਾ। ਇਥੇ ਦਸਣਾ ਬਣਦਾ ਹੈ ਕਿ ਅਤੀਤ ਵਿਚ ਡਗ ਫੋਰਡ ਸਰਕਾਰ ਵੱਲੋਂ ਪੀਲ ਰੀਜਨ ਨੂੰ ਤੋੜਨ ਦਾ ਫੈਸਲਾ ਕੀਤਾ ਗਿਆ ਪਰ ਕੁਝ ਦੇਰ ਬਾਅਦ ਫੈਸਲਾ ਵਾਪਸ ਲੈ ਲਿਆ।