ਕੈਨੇਡਾ ਵਿਚ ਰੋਟੀ ਲਈ ਜੂਝ ਰਹੇ ਲੋਕਾਂ ਦੀ ਇਕ ਹੋਰ ਮਿਸਾਲ

ਕੈਨੇਡਾ ਵਿਚ ਰੋਟੀ ਲਈ ਜੂਝ ਰਹੇ ਲੋਕਾਂ ਦੀ ਮਿਸਾਲ ਸਰੀ ਸ਼ਹਿਰ ਵਿਚ ਸਾਹਮਣੇ ਆਈ ਜਿਥੇ ਫੂਡ ਬੈਂਕ ਵਾਸਤੇ ਮੰਗ ਪੂਰੀ ਕਰਨੀ ਮੁਸ਼ਕਲ ਹੋ ਰਹੀ ਹੈ ਅਤੇ ਇਕ ਵਾਰ ਗਰੌਸਰੀ ਲਿਜਾਣ ਵਾਲਿਆਂ ਨੂੰ ਘੱਟੋ ਘੱਟ ਦੋ ਹਫ਼ਤੇ ਵਾਪਸ ਨਾ ਆਉਣ ਦੀ ਹਦਾਇਤ ਵੀ ਦਿਤੀ ਜਾ ਰਹੀ ਹੈ।;

Update: 2024-08-15 13:27 GMT

ਸਰੀ : ਕੈਨੇਡਾ ਵਿਚ ਰੋਟੀ ਲਈ ਜੂਝ ਰਹੇ ਲੋਕਾਂ ਦੀ ਮਿਸਾਲ ਸਰੀ ਸ਼ਹਿਰ ਵਿਚ ਸਾਹਮਣੇ ਆਈ ਜਿਥੇ ਫੂਡ ਬੈਂਕ ਵਾਸਤੇ ਮੰਗ ਪੂਰੀ ਕਰਨੀ ਮੁਸ਼ਕਲ ਹੋ ਰਹੀ ਹੈ ਅਤੇ ਇਕ ਵਾਰ ਗਰੌਸਰੀ ਲਿਜਾਣ ਵਾਲਿਆਂ ਨੂੰ ਘੱਟੋ ਘੱਟ ਦੋ ਹਫ਼ਤੇ ਵਾਪਸ ਨਾ ਆਉਣ ਦੀ ਹਦਾਇਤ ਵੀ ਦਿਤੀ ਜਾ ਰਹੀ ਹੈ। ਫੂਡ ਬੈਂਕ ਦੇ ਪ੍ਰਬੰਧਕਾਂ ਮੁਤਾਬਕ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਮੰਗ ਪਿਛਲੇ ਦੋ ਸਾਲ ਵਿਚ 50 ਫੀ ਸਦੀ ਵਧ ਗਈ ਹੈ। ਸਰੀ ਫੂਡ ਬੈਂਕ ਦੀ ਕਾਰਜਕਾਰੀ ਡਾਇਰੈਕਟਰ ਕਿਮ ਸੇਵਜ ਨੇ ਕਿਹਾ ਕਿ ਇਸ ਵੇਲੇ ਲੋਕਾਂ ਦੀ ਜ਼ਰੂਰਤ ਹਰ ਪੱਖੋਂ ਮੁਕੰਮਲ ਕਰਨੀ ਮੁਸ਼ਕਲ ਹੋ ਰਹੀ ਹੈ। ਅਸਲ ਵਿਚ ਦਾਨੀ ਸੱਜਣਾਂ ਦੀ ਗਿਣਤੀ ਵਿਚ ਕੋਈ ਕਮੀ ਨਹੀਂ ਸਗੋਂ ਫੂਡ ਬੈਂਕ ’ਤੇ ਨਿਰਭਰ ਲੋਕਾਂ ਦੀ ਗਿਣਤੀ ਵਧ ਚੁੱਕੀ ਹੈ। ਹੁਣ ਦਾਨੀ ਸੱਜਣਾਂ ਦੀ ਗਿਣਤੀ ਵੀ ਵਧੇ ਤਾਂ ਲੋਕਾਂ ਦੀ ਮੰਗ ਪੂਰੀ ਕੀਤੀ ਜਾ ਸਕਦੀ ਹੈ।

ਸਰੀ ਦੇ ਫੂਡ ਬੈਂਕ ਵਿਚ ਜਾਣ ਵਾਲਿਆਂ ਦੀ ਗਿਣਤੀ 50 ਫੀ ਸਦੀ ਵਧੀ

ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 16 ਹਜ਼ਾਰ ਤੋਂ 17 ਹਜ਼ਾਰ ਲੋਕ ਹਰ ਮਹੀਨੇ ਫੂਡ ਬੈਂਕ ਆ ਰਹੇ ਸਨ ਪਰ ਇਸ ਵਾਰ ਪ੍ਰਤੀ ਮਹੀਨਾ ਅੰਕੜਾ 21 ਹਜ਼ਾਰ ਤੱਕ ਪੁੱਜ ਚੁੱਕਾ ਹੈ। ਸਭ ਤੋਂ ਜ਼ਿਆਦਾ ਜ਼ੋਰ ਦੁੱਧ, ਡੇਅਰ ਪ੍ਰੋਡਕਟ, ਆਂਡੇ ਅਤੇ ਹੋਰ ਤਾਜ਼ਾ ਚੀਜ਼ਾਂ ਮੁਹੱਈਆ ਕਰਵਾਉਣ ’ਤੇ ਦਿਤਾ ਜਾਂਦਾ ਹੈ। ਤਾਜ਼ਾ ਮੀਟ ਜਾਂ ਡੱਬਾਬੰਦ ਮੀਟ ਵੀ ਆਪਣੇ ਕਲਾਈਂਟਸ ਨੂੰ ਮੁਹੱਈਆ ਕਰਵਾਇਆ ਜਾਂਦਾ ਹੈ ਜੋ ਕਈ ਲੋਕ ਗਰੌਸਰੀ ਸਟੋਰ ਤੋਂ ਖਰੀਦ ਨਹੀਂ ਸਕਦੇ। ਕਿਮ ਸੇਵਜ ਨੇ ਅੱਗੇ ਕਿਹਾ ਕਿ ਤਾਜ਼ਾ ਫਲ ਅਤੇ ਸਬਜ਼ੀਆਂ ਤੋਂ ਇਲਾਵਾ ਮੀਟ ਖਰੀਦਣ ਲਈ ਫੂਡ ਬੈਂਕ ਨੂੰ ਆਪਣੀ ਰਾਖਵੀਂ ਰਕਮ ਵਿਚੋਂ ਖਰਚ ਕਰਨਾ ਪੈ ਰਿਹਾ ਹੈ। ਇਸੇ ਦੌਰਾਨ ਪਿਛਲੇ ਛੇ ਸਾਲ ਤੋਂ ਫੂਡ ਬੈਂਕ ਨੂੰ ਵਰਤ ਰਹੀ ਅਮਾਂਡਾ ਕ੍ਰਾਇਸਲਰ ਨੇ ਕਿਹਾ ਕਿ ਆਮਦਨ ਘੱਟ ਹੋਣ ਕਾਰਨ ਆਪਣੇ ਦੋ ਬੱਚਿਆਂ ਨੂੰ ਪਾਲਣਾ ਬਹੁਤ ਮੁਸ਼ਕਲ ਹੈ।

ਗਰੌਸਰੀ ਲਿਜਾਣ ਵਾਲਿਆਂ ਨੂੰ 2 ਹਫਤੇ ਵਾਪਸ ਨਾ ਆਉਣ ਦੀ ਹਦਾਇਤ

ਕ੍ਰਾਇਸਲਰ ਨੇ ਦੱਸਆ ਕਿ ਤਾਜ਼ਾ ਫਲ ਅਤੇ ਸਬਜ਼ੀਆਂ ਦੀ ਜ਼ਰੂਰਤ ਪੂਰੀ ਕਰਨ ਵਾਸਤੇ ਉਹ ਫੂਡ ਬੈਂਕ ’ਤੇ ਨਿਰਭਰ ਹੈ ਪਰ ਹੁਣ ਹਾਲਾਤ ਚੁਣੌਤੀਆਂ ਭਰੇ ਬਣਦੇ ਜਾ ਰਹੇ ਹਨ। ਬੱਚੇ ਲਗਾਤਾਰ ਵੱਡੇ ਹੋ ਰਹੇ ਹਨ ਪਰ ਆਂਡੇ ਮਿਲਣੇ ਬੇਹੱਦ ਮੁਸ਼ਕਲ ਹੋ ਚੁੱਕੇ ਹਨ। ਸਬਜ਼ੀਆਂ ਵਿਚੋਂ ਪਹਿਲਾਂ ਛੇ ਆਲੂ ਮਿਲ ਜਾਂਦੇ ਸਨ ਪਰ ਹੁਣ ਦੋ ਜਾਂ ਤਿੰਨ ਹੀ ਮਿਲਦੇ ਹਨ। ਮੀਟ ਦੇ ਰੂਪ ਵਿਚ ਸਿਰਫ ਇਕ ਕੈਨ ਹੀ ਮਿਲਦਾ ਹੈ ਜਿਸ ਨਾਲ ਤਿੰਨ ਜਣਿਆਂ ਦਾ ਗੁਜ਼ਾਰਾ ਕਾਫੀ ਮੁਸ਼ਕਲ ਹੈ। ਪਿਛਲੇ ਕੁਝ ਸਮੇਂ ਤੋਂ ਦੋ ਹਫ਼ਤੇ ਫੂਡ ਬੈਂਕ ਨਾ ਆਉਣ ਦੀ ਸ਼ਰਤ ਵੀ ਲਾਗੂ ਕਰ ਦਿਤੀ ਗਈ ਹੈ ਅਤੇ ਅਜਿਹੇ ਵਿਚ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਹਨ।

Tags:    

Similar News